ਡਿਪਟੀ ਕਮਿਸ਼ਨਰ ਵੱਲੋਂ ਮਕੌੜਾ ਪੱਤਣ ਤੋਂ ਪਾਰ ਸਰਹੱਦੀ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ

ਪੰਜਾਬ

ਬਲਜ ਏਰੀਏ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ

ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਕੌੜਾ ਪੱਤਣ (ਰਾਵੀ ਦਰਿਆ) ਤੋਂ ਪਾਰ ਦੇ ਇਲਾਕੇ (ਬਲਜ ਏਰੀਏ) ਦੇ ਸਰਹੱਦੀ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਰੀਵਿਊ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਕੌੜਾ ਪੱਤਣ ਤੋਂ ਪਾਰ ਦੇ ਇਲਾਕੇ ਦੇ ਵਿਕਾਸ ਲਈ ਜੋ ਵੀ ਬੁਨਿਆਦੀ ਢਾਂਚਾ ਲੋੜੀਂਦਾ ਹੈ ਉਸ ਨੂੰ ਪਹਿਲ ਦੇ ਅਧਾਰ ’ਤੇ ਤਿਆਰ ਕੀਤਾ ਜਾਵੇ। ਉਨ੍ਹਾਂ ਮੰਡੀ ਬੋਰਡ ਦੇ ਐਕਸੀਅਨ ਨੂੰ ਹਦਾਇਤ ਕੀਤੀ ਕਿ ਬਲਜ ਏਰੀਏ ਵਿੱਚ ਬਣਨ ਵਾਲੀਆਂ ਸੜਕਾਂ ਨੂੰ 30 ਜੂਨ ਤੱਕ ਹਰ ਹੀਲੇ ਮੁਕੰਮਲ ਕੀਤਾ ਜਾਵੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਮਕੌੜਾ ਪੱਤਣ ਵਿਖੇ ਬਣਨ ਵਾਲੇ ਹਾਈ ਲੈਵਲ ਬਰਿੱਜ ਸਬੰਧੀ ਲੋਕ ਨਿਰਮਾਣ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਕੋਲੋਂ ਪੁਲ ਦੇ ਪ੍ਰੋਜੈਕਟ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਵੀ ਦਰਿਆ ਤੋਂ ਪਾਰ ਵੱਸਦੇ ਲੋਕਾਂ ਦੀ ਸਹੂਲਤ ਲਈ ਮਕੌੜਾ ਪੱਤਣ ’ਤੇ 2 ਕਿਸ਼ਤੀਆਂ ਮੁਹੱਈਆ ਕਰਵਾਈਆਂ ਜਾਣ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਲਜ ਏਰੀਏ ਦੇ ਇਲਾਕੇ ਵਿੱਚ ਚੱਲ ਰਹੇ ਹੈਲਥ ਐਂਡ ਵੈੱਲਨੈਸ ਸੈਂਟਰ ਵਿੱਚ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਸਮੇਂ-ਸਮੇਂ ਇਸ ਖੇਤਰ ਦਾ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਨਿਗਰਾਨੀ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਿਦਿਆਰਥੀਆਂ ਲਈ ਚੱਲ ਰਹੇ ਸਰਕਾਰੀ ਮਿਡਲ ਸਕੂਲ ਤੂਰ ਨੂੰ ਅਪਗਰੇਡ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੂੰ ਤਜਵੀਜ ਭੇਜੀ ਗਈ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਮਕੌੜਾ ਪੱਤਣ ਤੋਂ ਪਾਰ (ਬਲਜ ਏਰੀਆ) ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਇਲਾਕੇ ਦੇ ਵਸਨੀਕਾਂ ਦੀਆਂ ਜੋ ਮੰਗਾਂ ਹਨ ਉਨ੍ਹਾਂ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਲਜ ਏਰੀਏ ਦੇ ਵਿਕਾਸ ਨੂੰ ਤਰਜੀਹੀ ਤੌਰ ’ਤੇ ਮੁਕੰਮਲ ਕਰਨ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਸਹਾਇਕ ਕਮਿਸ਼ਨਰ ਸਚਿਨ ਪਾਠਕ, ਜੀ.ਐੱਮ. ਇੰਡਸਟਰੀ ਸੁਖਪਾਲ ਸਿੰਘ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ ਬਾਜਵਾ, ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਸ. ਲਵਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।    

Leave a Reply

Your email address will not be published. Required fields are marked *