ਲਲਕਾਰ ਤੋਂ ਧੰਨਵਾਦ ਸਹਿਤ

ਗੁਰਦਾਸਪੁਰ

ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਪਾਕਿਸਤਾਨ ਦਾ ਆਰਥਿਕ ਸੰਕਟ ਲਗਾਤਾਰ ਪਾਕਿਸਤਾਨ ਦੀ ਲੋਕਾਈ ਦੀ ਵਧੇਰੇ ਤੋਂ ਵਧੇਰੇ ਰੱਤ ਚੂਸਦਾ ਜਾ ਰਿਹਾ ਹੈ। ਨਿੱਤ-ਦਿਨ ਦੀਆਂ ਵਸਤਾਂ ਦੀ ਥੁੜ ਲੰਬੇ ਸਮੇਂ ਤੋਂ ਦੇਸ਼ ਅੰਦਰ ਬਣੀ ਹੋਈ ਹੈ। ਇਹਨਾਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਗਿਆਰਾਂ ਮਹੀਨੇ ਮਹਿੰਗੀਆਂ ਹੋਇਆਂ ਹਨ। ਆਮ ਹੀ ਪਾਕਿਸਤਾਨ ਦੀ ਸੜਕਾਂ ਉੱਤੇ ਆਟਾ ਹਾਸਲ ਕਰਨ ਲਈ ਹਜਾਰਾਂ ਹੀ ਲੋਕਾਂ ਦੀਆਂ ਵਹੀਰਾਂ ਲੱਗੀਆਂ ਨਜਰ ਆਉਂਦੀਆਂ ਹਨ ਤਾਂ ਜੋ ਸਰਕਾਰੀ ਡਿਪੂਆਂ ਤੋਂ ਆਟਾ ਆਦਿ ਹਾਸਲ ਕੀਤਾ ਜਾ ਸਕੇ। ਰਾਸ਼ਨ ਦੀ ਥੁੜ ਸਦਕਾ ਭਗਦੜ ਪੈਣ ਦੇ ਕਈ ਮਾਮਲੇ ਸਾਹਮਣੇ ਆਏ। ਮਾਰਚ 28 ਨੂੰ ਆਟਾ ਹਾਸਲ ਕਰਨ ਵਿੱਚ ਮਚੀ ਭਗਦੜ ਸਦਕਾ ਪੰਜਾਬ ਸੂਬੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਦਕਿ 60 ਲੋਕਾਂ ਨੂੰ ਸੱਟਾਂ ਵੱਜੀਆਂ। ਰਾਸ਼ਨ ਲੈਣ ਸਮੇਂ ਪੁਲਿਸ ਵੱਲੋਂ ਲੋਕਾਂ ਉੱਤੇ ਕੀਤਾ ਜਾਣ ਵਾਲ਼ਾ ਲਾਠੀਚਾਰਜ ਪਾਕਿਸਤਾਨ ਵਿੱਚ ਰੋਜਾਨਾ ਦੀ ਘਟਨਾ ਬਣਦਾ ਜਾ ਰਿਹ ਹੈ। ਪਾਕਿਸਤਾਨ ਦੀ ਸਰਕਾਰ ਇਸ ਸੰਕਟ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮਯਾਬ ਸਾਬਤ ਹੋਈ ਹੈ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਨਾਲ਼ ਦੇ ਮੰਤਰੀ ਆਪਣੇ ਐਸ਼ੋ ਅਰਾਮ ਦੇ ਹੀਲੇ ਵਸੀਲੇ ਜੁਟਾਉਣ ਵਿੱਚ ਮਸ਼ਰੂਫ ਹਨ ਜਦਕਿ ਲੋਕੀਂ ਇੱਕ-ਇੱਕ ਵਾਰ ਦੀ ਰੋਟੀ ਪਿੱਛੇ ਸੜਕਾਂ ਉੱਤੇ ਦਰੜੇ ਜਾ ਰਹੇ ਹਨ।

ਪਾਕਿਸਤਾਨ ਲਗਭਗ ਇੱਕ ਸਾਲ ਤੋਂ ਡੂੰਘੇ ਆਰਥਕ ਸੰਕਟ ਦੀ ਜਕੜ ਵਿੱਚ ਹੈ। ਵਧੀਆਂ ਤੇਲ ਕੀਮਤਾਂ, ਊਰਜਾ ਦੇ ਹੋਰਾਂ ਸਰੋਤਾਂ ਦੀਆਂ ਕੀਮਤਾਂ ਵਿੱਚ ਵਾਧਾ ਤੇ ਪਾਕਿਸਤਾਨੀ ਰੁਪਈਏ ਦੀ ਕਦਰ ਘਟਾਈ ਨੇ ਆਮ ਲੋਕਾਈ ਦਾ ਕਚੂਮਰ ਕੱਢ ਰੱਖਿਆ ਹੈ। ਜਿਵੇਂ ਕਿ ਪਹਿਲਾਂ ਵੀ ਜਿਕਰ ਕੀਤਾ ਗਿਆ ਹੈ, ਪਾਕਿਸਤਾਨ ਵਿੱਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਆਰਾਂ ਮਹੀਨੇ ਵਾਧਾ ਦਰਜ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਮਾਰਚ ਮਹੀਨੇ ਵਿੱਚ ਕਣਕ ਦੇ ਆਟੇ ਦੀ ਕੀਮਤ 120% ਵਧ ਚੁੱਕੀ ਸੀ। ਮਾਰਚ ਵਿੱਚ ਕਣਕ ਦੇ ਆਟੇ ਦੀ ਕੀਮਤ ਪਾਕਿਸਤਾਨ ਦੇ ਇਤਿਹਾਸ ਵਿੱਚ ਆਪਣੇ ਸਿਖਰ ਉੱਤੇ ਸੀ। ਜੇ ਸਾਰੀਆਂ ਖਾਧ ਵਸਤਾਂ ਦੀ ਗੱਲ ਕਰੀਏ ਤਾਂ ਪਿਛਲੇ 11 ਮਹੀਨਿਆਂ ਅੰਦਰ ਇਹਨਾਂ ਵਿੱਚ 47% ਵਾਧਾ ਦਰਜ ਹੋਇਆ ਹੈ। ਪਿਛਲੇ 12 ਮਹੀਨਿਆਂ ਸਮੇਂ ਪਾਕਿਸਤਾਨੀ ਰੁਪਈਏ ਦੀ 54% ਕਦਰ ਘਟਾਈ ਹੋਈ ਹੈ।

ਇਸ ਸੰਕਟ ਦਾ ਬੋਝ ਸਰਕਾਰਾਂ ਲਗਾਤਾਰ ਲੋਕਾਈ ਉੱਤੇ ਸੁੱਟਦੀਆਂ ਜਾ ਰਹੀਆਂ ਹਨ। ਲੋਕਾਈ ਦੇ ਸਿਰ ਉੱਤੇ ਬੋਝ ਦੂਨ ਸਵਾਇਆ ਪਿਛਲੇ ਸਾਲ ਆਏ ਹੜਾਂ ਨੇ ਕੀਤਾ (ਜਿਸ ਵਿੱਚ ਵੀ ਮੁੱਖ ਨਲਾਇਕੀ ਪਾਕਿਸਤਾਨ ਸਰਕਾਰ ਦੀ ਹੀ ਬਣਦੀ ਹੈ) ਜਿਸ ਵਿੱਚ ਕਰੀਬ 80% ਫਸਲਾਂ ਨੁਕਸਾਨੀਆਂ ਗਈਆਂ ਜਾਂ ਤਬਾਹ ਹੋ ਗਈਆਂ। ਖਾਧ ਪਦਾਰਥਾਂ ਦੀਆਂ ਕੀਮਤਾਂ ਵਧਣ ਵਿੱਚ ਇਹਨਾਂ ਹੜਾਂ ਸਮੇਂ ਹੋਈ ਤਬਾਹੀ ਦਾ ਕਾਫੀ ਹੱਥ ਹੈ ਜੂਨ 2022 ਦੇ ਮੁਕਾਬਲੇ ਜਨਵਰੀ 2023 ਵਿੱਚ ਪਿਆਜ ਦੀਆਂ ਕੀਮਤਾਂ ਵਿੱਚ 220%, ਕਣਕ ਦੇ ਆਟੇ ਦੀ ਕੀਮਤ ਵਿੱਚ 74%, ਚੌਲ ਦੀ ਕੀਮਤ ਵਿੱਚ 68%, ਦਾਲਾਂ ਦੀ ਕੀਮਤ ਵਿੱਚ 65% ਵਾਧਾ ਦਰਜ ਹੋ ਚੁੱਕਿਆ ਸੀ। ਹੜ ਪ੍ਰਭਾਵਤ ਇਲਾਕਿਆਂ ਵਿੱਚ ਦੁੱਧ ਦੀ ਕੀਮਤ ਵਿੱਚ 39% ਵਾਧਾ ਦਰਜ ਹੋਇਆ। ਅਜਿਹੇ ਸਮੇਂ ਸਰਕਾਰਾਂ ਜਰੂਰੀ ਵਸਤਾਂ ਦੀ ਪੂਰਤੀ ਲਈ ਹੋਰਾਂ ਦੇਸ਼ਾਂ ਤੋਂ ਬਰਾਮਦਾਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਪਾਕਿਸਤਾਨ ਦੇ ਸਟੇਟ ਬੈਂਕ ਕੋਲ਼ ਵਿਦੇਸ਼ੀ ਮੁਦਰਾ ਦੀ ਥੁੜ ਬਣੀ ਹੋਈ ਸੀ। ਮਾਰਚ ਮਹੀਨੇ ਵਿੱਚ ਪਾਕਿਸਤਾਨ ਦੇ ਸਟੇਟ ਬੈਂਕ ਕੋਲ਼ ਕੁੱਲ ਵਿਦੇਸ਼ੀ ਮੁਦਰਾ ਭੰਡਾਰ 4.6 ਅਰਬ ਅਮਰੀਕੀ ਡਾਲਰ ਸੀ ਜੋ ਸਿਰਫ ਇੱਕ ਦਿਨ ਦੀਆਂ ਬਰਾਮਦਾਂ ਦੀ ਅਦਾਇਗੀ ਕਰਨ ਜੋਗਾ ਸੀ।

ਪਾਕਿਸਤਾਨ ਦੀ ਸਰਕਾਰ ਕੌਮਾਂਤਰੀ ਮੁਦਰਾ ਕੋਸ਼ ਅੱਗੇ ਹੱਥ ਅੱਡਣ ਲਈ ਮਜਬੂਰ ਹੈ ਤਾਂ ਜੋਂ ਦੇਸ਼ ਦੀ ਆਰਥਿਕਤਾ ਨੂੰ ਪੈਰਾਂ ਸਿਰ ਕੀਤਾ ਜਾ ਸਕੇ। ਕੌਮਾਂਤਰੀ ਮੁਦਰਾ ਕੋਸ਼ ਨੇ ਪਾਕਿਸਤਾਨ ਨੂੰ 6.5 ਅਰਬ ਅਮਰੀਕੀ ਡਾਲਰ ਦਾ ਕਰਜਾ ਜਾਰੀ ਕਰਨ ਲਈ ਪਾਕਿਸਤਾਨ ਦੀ ਸਰਕਾਰ ਅੱਗੇ ਕਈ ਸ਼ਰਤਾਂ ਰੱਖੀਆਂ ਹਨ ਜਿਸ ਨਾਲ਼ ਲੋਕਾਈ ਉੱਤੇ ਹੋਰ ਬੋਝ ਵਧਣਾ ਲਾਜਮੀ ਹੈ। ਇਹਨਾਂ ਸ਼ਰਤਾਂ ਵਿੱਚੋਂ ਕੁੱਝ ਨੂੰ ਅਮਲ ਵਿੱਚ ਲਿਆਉਂਦੇ ਹੋਏ ਪਾਕਿਸਤਾਨ ਦੀ ਸਰਕਾਰ ਨੇ ਉੱਚੀਆਂ ਕਰ ਦਰਾਂ, ਊਰਜਾ ਦੀਆਂ ਕੀਮਤਾਂ ਵਧਾਉਣ, ਵਿਆਜ ਦਰਾਂ ਵਧਾਉਣ ਜਹੇ ਕਦਮ ਚੁੱਕ ਲਏ ਹਨ। ਵਿਆਜ ਦਰਾਂ ਪਿਛਲੇ 25 ਸਾਲਾਂ ਦੇ ਸਿਖਰ ਉੱਤੇ ਪਹੁੰਚ ਚੁੱਕੀਆ ਹਨ। ਇਸ ਤੋਂ ਇਲਾਵਾ ਕੌਮਾਂਤਰੀ ਮੁਦਰਾ ਕੋਸ਼ ਲੋਕ ਭਲਾਈ ਸਕੀਮਾਂ ਉੱਤੇ ਹੋਰ ਕਾਟ ਦੀ ਵੀ ਮੰਗ ਕਰ ਰਿਹਾ ਹੈ। ਕਰਜਾ ਹਾਸਲ ਕਰਨ ਲਈ ਪਾਕਿਸਤਾਨ ਦੀ ਸਰਕਾਰ ਵੱਲੋਂ ਇਹ ਸ਼ਰਤਾਂ ਮੰਨਣ ਦਾ ਮਤਲਬ ਸੰਕਟ ਦਾ ਹੋਰ ਵਧੇਰੇ ਬੋਝ ਪਹਿਲਾਂ ਹੀ ਬੁਰੀ ਤਰ੍ਹਾਂ ਝੰਬੀ ਲੋਕਾਈ ਉੱਤੇ ਸਿੱਟਣਾ ਹੈ। ਇਹ ਵੀ ਜਿਕਰ ਯੋਗ ਹੈ ਕਿ 6.5 ਅਰਬ ਅਮਰੀਕੀ ਡਾਲਰ ਨਾਲ਼ ਪਾਕਿਸਤਾਨ ਦਾ ਆਰਥਕ ਸੰਕਟ ਹੱਲ ਹੋਣਾ ਔਖਾ ਹੀ ਲੱਗ ਰਿਹਾ ਹੈ। ਇਸ ਨੂੰ ਛੇਤੀ ਹੱਲ ਕਰਨ ਲਈ ਕਿਤੇ ਵੱਡੀ ਰਕਮ ਦਰਕਾਰ ਹੈ। ਸੰਕਟ ਮੂੰਹ ਆਈ ਸਰਮਾਏਦਾਰ ਜਮਾਤ ਕਿੰਝ ਲੋਕਾਈ ਦਾ ਤੁਪਕਾ-ਤੁਪਕਾ ਨਚੋੜਕੇ ਸੰਕਟ ਵਿੱਚੋਂ ਨਿਕਲਣ ਲਈ ਵਾਹ ਲਾਉਂਦੀ ਹੈ ਤੇ ਕਿੰਝ ਇਹ ਸਾਮਰਾਜੀ ਪ੍ਰਬੰਧ ਵਿੱਚ ਸਾਮਰਾਜੀ ਲੋਕ ਹਿੱਤ ਲਈ ਨਹੀਂ ਸਗੋਂ ਸਿਰਫ ਆਪਣੇ ਗਿਣੇ-ਮਿੱਥੇ ਸਾਮਰਾਜੀ ਹਿੱਤਾਂ ਵਿੱਚੋਂ ਹੋਰਾਂ ਦੇਸ਼ਾਂ ਨੂੰ ਮਦਦ ਦਿੰਦੇ ਹਨ, ਇਹ ਪਾਕਿਸਤਾਨ ਦੀ ਹਾਲਤ ਤੋਂ ਸਾਫ ਹੈ। ਪਰ ਇਹ ਉਦਾਹਰਨ ਇਹ ਵੀ ਸਾਫ ਕਰਦੀ ਹੈ ਕਿ ਭਾਵੇਂ ਸਰਮਾਏਦਾਰਾ ਪ੍ਰਬੰਧ ਕਿੰਨਾ ਵੀ ਗਲ਼-ਸੜ ਚੁੱਕਿਆ ਹੈ, ਇਹ ਆਪੇ ਹੀ ਦੁਨੀਆਂ ਦੇ ਰੰਗਮੰਚ ਤੋਂ ਵਿਦਾ ਨਹੀਂ ਹੋਏਗਾ ਸਗੋਂ ਲੋਕਾਂ ਦੀ ਸੁਚੇਤਨ ਸਮੂਹਕ ਸਰਗਰਮੀ ਨਾਲ਼ ਹੀ ਇਸਨੂੰ ਇਤਿਹਾਸ ਦੇ ਕੂੜੇਦਾਨ ਤੱਕ ਪਹੁੰਚਾਉਣਾ ਪਵੇਗਾ।

Leave a Reply

Your email address will not be published. Required fields are marked *