ਸਿਹਤ ਢਾਂਚੇ ਨੂੰ ਅਪਗ੍ਰੇਡ ਕਰਨ ਲਈ ‘ਆਪ’ ਦਾ ਖੋਖਲ਼ਾਪਣ ਹੋਇਆ ਬੇਨਕਾਬ: ਬਾਜਵਾ

ਪੰਜਾਬ

ਸੈਕੰਡਰੀ-ਪੱਧਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 500 ਕਰੋੜ ਰੁਪਏ ਦੀ ਲੋੜ ਦੇ ਵਿਰੁੱਧ, ‘ਆਪ’ ਨੇ ਬਜਟ ਵਿੱਚ 39 ਕਰੋੜ ਰੁਪਏ ਦੀ ਰਕਮ ਦੀ ਤਜਵੀਜ਼ ਹੀ ਰੱਖੀ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ, 2 ਅਪ੍ਰੈਲ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿੱਲੀ ਦੇ ਸਿਹਤ ਮਾਡਲ ਨੂੰ ਦੁਹਰਾਉਣ ਦੇ ਝੁਕਾਅ ‘ਤੇ ਚੁਟਕੀ ਲੈਂਦਿਆਂ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਲੱਗਦਾ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਬੁਨਿਆਦੀ ਸਿਹਤ ਢਾਂਚੇ ਨੂੰ ਵਿਕਸਤ ਕਰਨ ਦੇ ਮੂਡ ਵਿੱਚ ਬਿਲਕੁਲ ਨਹੀਂ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸੂਬੇ ਵਿੱਚ ਸੈਕੰਡਰੀ ਪੱਧਰ ਦੇ ਸਿਹਤ ਸੰਭਾਲ ਸੰਸਥਾਵਾਂ ਵਿੱਚ ਬੁਨਿਆਦੀ ਢਾਂਚਾਗਤ ਘਾਟਾਂ ਨੂੰ ਭਰਨ ਲਈ 500 ਕਰੋੜ ਰੁਪਏ ਦੀ ਲੋੜ ਦੇ ਉਲਟ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ 2023-24 ਦੇ ਬਜਟ ਵਿੱਚ 39 ਕਰੋੜ ਰੁਪਏ ਦੇ ਖ਼ਰਚੇ ਦੀ ਤਜਵੀਜ਼ ਹੀ ਰੱਖੀ।

ਇੱਕ ਅਖ਼ਬਾਰੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਉਪਰੋਕਤ ਰਕਮ ਸੂਬੇ ਦੇ ਜ਼ਿਲ੍ਹਾ ਪੱਧਰੀ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਲੋੜੀਂਦੀ ਸੀ।

“ਦਿੱਲੀ ਦੇ ਝੂਠੇ ਸਿਹਤ ਮਾਡਲ ਦਾ ਬੁਲਬੁਲਾ ਪਹਿਲਾਂ ਵੀ ਕਈ ਵਾਰ ਫਟ ਚੁੱਕਾ ਹੈ। ਪਰ ਇਹ ਇੱਕ ਨਵੇਂ ਨੀਵੇਂ ਪੱਧਰ ‘ਤੇ ਪਹੁੰਚ ਗਿਆ ਹੈ। ‘ਆਪ’ ਸਰਕਾਰ ਨੇ ਸੂਬੇ ਦੀਆਂ ਸਿਹਤ ਸੇਵਾਵਾਂ ਨਾਲ ਪੂਰੀ ਤਰਾਂ ਗੜਬੜ ਕਰ ਦਿੱਤੀ ਹੈ। ਇਹ ਉਦਾਹਰਨ ਦਰਸਾਉਂਦੀ ਹੈ ਕਿ ‘ਆਪ’ ਸਰਕਾਰ ਸਿਹਤ-ਸਬੰਧਿਤ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਵਿੱਚ ਕਿੰਨੀ ਖੋਖਲੀ ਹੈ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।

ਬਾਜਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਵੀ ਕੁੱਝ ਨਹੀਂ ਕੀਤਾ ਅਤੇ ਜਾਪਦਾ ਹੈ ਕਿ ਉਨ੍ਹਾਂ ਕੋਲ ਸੂਬੇ ਦੇ ਬੁਨਿਆਦੀ ਸਿਹਤ ਢਾਂਚੇ ਨੂੰ ਵਿਕਸਤ ਕਰਨ ਲਈ ਕੋਈ ਰੋਡਮੈਪ ਨਹੀਂ ਹੈ। ਉਨ੍ਹਾਂ ਦਾ ਇੱਕੋ ਇੱਕ ਮਨੋਰਥ ਸੂਬੇ ਵਿੱਚ ਸਿਹਤ ਸੰਸਥਾਵਾਂ ਦਾ ਨਾਂ ਬਦਲ ਕੇ ਆਪਣੀ ਪਾਰਟੀ ਦੇ ਨਾਂ ‘ਤੇ ਰੱਖਣਾ ਅਤੇ ਬੋਰਡਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਨਾਲ ਆਪਣਾ ਪ੍ਰਚਾਰ ਕਰਨਾ ਸੀ।

“ਆਪ ਸਰਕਾਰ ਜੋ ਕਰ ਰਹੀ ਹੈ, ਉਹ ਜ਼ਮੀਨ ‘ਤੇ ਕੁੱਝ ਵੀ ਉਸਾਰੂ ਜਾਂ ਟਿਕਾਊ ਕੀਤੇ ਬਿਨਾਂ ਸਵੈ-ਤਰੱਕੀ ‘ਤੇ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਕਰ ਰਹੀ ਹੈ। 39 ਕਰੋੜ ਰੁਪਏ ਨਾਲ ਸੈਕੰਡਰੀ ਸਿਹਤ ਸੰਸਥਾਵਾਂ ਵਿਚ ਸਿਹਤ ਬੁਨਿਆਦੀ ਢਾਂਚੇ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਜਦੋਂ ਕਿ ਲੋੜ 500 ਕਰੋੜ ਰੁਪਏ ਦੀ ਹੈ।,” ਬਾਜਵਾ ਨੇ ਕਿਹਾ।

Leave a Reply

Your email address will not be published. Required fields are marked *