ਮਜਦੂਰ ਜੱਥੇਬੰਦੀਆਂ ਨੇ ਮਨਾਇਆ ਕੋਮਾਂਤਰੀ ਮਜਦੂਰ ਔਰਤ ਦਿਹਾੜਾ

ਗੁਰਦਾਸਪੁਰ

ਗੁਰਦਾਸਪੁਰ, 2 ਅਪ੍ਰੈਲ (ਸਰਬਜੀਤ ਸਿੰਘ)– ਲੁਧਿਆਣਾ ਵਿੱਚ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ ਵੱਲੋਂ ਈ.ਡਬਲਯੂ.ਐੱਸ. ਕਲੋਨੀ ਤੇ ਕਾਰਖਾਨਾ ਮਜਦੂਰ ਯੂਨੀਅਨ ਵੱਲੋਂ ਰਾਜੀਵ ਗਾਂਧੀ ਕਲੋਨੀ ਵਿੱਚ ਕੌਮਾਂਤਰੀ ਮਜਦੂਰ ਔਰਤ ਦਿਹਾੜਾ (8 ਮਾਰਚ) ਮਨਾਇਆ ਗਿਆ। ਦਿਹਾੜੇ ਮੌਕੇ ਔਰਤ ਬੁਲਾਰਿਆਂ ਨੇ ਦੱਸਿਆ ਕਿ ਅੱਜ ਕੌਮਾਂਤਰੀ ਮਜਦੂਰ ਔਰਤ ਦਿਹਾੜੇ ਨੂੰ ਸਿਰਫ ਇੱਕ ਤੋਹਫੇ ਲੈਣ ਦੇਣ, ਪਾਰਟੀਆਂ ਕਰਨ, ਸ਼ੌਪਿੰਗ ਮਾਲਾਂ ’ਚ ਔਰਤਾਂ ਲਈ ਖਰੀਦਦਾਰੀ ਤੇ ਛੋਟ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ ਪਰ ਅੱਜ ਇਹ ਨਹੀਂ ਦੱਸਿਆ ਜਾਂਦਾ ਕਿ ਇਹ ਦਿਹਾੜਾ ਔਰਤ ਮਜਦੂਰਾਂ ਦੇ ਸੰਘਰਸ਼ਾਂ ਦਾ ਪ੍ਰਤੀਕ ਹੈ। ਮਜਦੂਰ ਔਰਤਾਂ ਦੇ ਇਹਨਾਂ ਸੰਘਰਸ਼ਾਂ ਸਦਕਾ ਹੀ ਪੂਰੀ ਦੁਨੀਆ ’ਚ ਔਰਤਾਂ ਨੇ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਹਾਸਲ ਕੀਤਾ ਸੀ। ਔਰਤਾਂ ਦੀ ਬਹਾਦਰੀ ਤੇ ਸੰਘਰਸ਼ਾਂ ਦੇ ਪ੍ਰਤੀਕ ਕੌਮਾਂਤਰੀ ਔਰਤ ਦਿਹਾੜੇ 8 ਮਾਰਚ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਗੱਲਬਾਤ ਕੀਤੀ ਗਈ ਕਿ ਔਰਤਾਂ ਨੇ ਆਪਣੇ ਹੱਕਾਂ ਲਈ ਆਪਣੇ ਦਮ ’ਤੇ ਵੱਡੇ-ਵੱਡੇ ਸੰਘਰਸ਼ ਲੜੇ ਤੇ ਸਮਾਜ ਵਿੱਚ ਹਰ ਤਰ੍ਹਾਂ ਦੀ ਲੁੱਟ, ਜਬਰ ਤੇ ਅਨਿਆਂ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਅੱਜ ਤੱਕ ਹੋਈਆਂ ਸਾਰੀਆਂ ਸਮਾਜਿਕ ਤਬਦੀਲੀਆਂ ਵਿੱਚ ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਰਹੀ ਹੈ।

ਸਾਨੂੰ ਉਹਨਾਂ ਬਹਾਦਰ ਮਜਦੂਰ ਔਰਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਅੱਜ ਵੀ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ ਕਿਉਂਕਿ ਭਾਰਤ ਵਰਗੇ ਪਛੜੇ ਦੇਸ ’ਚ ਅੱਜ ਜਦੋਂ ਅਸੀਂ ਔਰਤ ਸ਼ਬਦ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਸਮਾਜ ’ਚ ਲਾਜਮੀ ਹੀ ਪਰਿਵਾਰ, ਜੁੰਮੇਵਾਰੀ, ਇੱਜਤ, ਵਿਆਹ, ਸੰਸਕਾਰ, ਵਾਰਸ ਆਦਿ ਸ਼ਬਦ ਜੋੜ ਦਿੱਤੇ ਜਾਂਦੇ ਨੇ। ਔਰਤਾਂ ਨੂੰ ਸਾਡੇ ਸਮਾਜ ’ਚ ਹੱਡ ਮਾਸ ਦਾ ਟੁਕੜਾ ਹੀ ਸਮਝਿਆ ਜਾਂਦਾ ਹੈ। ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਮਨੁੱਖ ਹੋਣ ਦਾ ਦਰਜਾ ਵੀ ਪ੍ਰਾਪਤ ਨਹੀਂ ਹੈ। ਸਾਡੇ ਸਮਾਜ ਵਿੱਚ ਔਰਤਾਂ ਦੀਆਂ ਹਾਲਤਾਂ ਬਦ ਤੋਂ ਬਦਤਰ ਹੁੰਦੀਆਂ ਜਾ ਰਹੀਆਂ ਹਨ। ਔਰਤਾਂ ਵਿਰੁੱਧ ਹੋਣ ਵਾਲ਼ੇ ਅਪਰਾਧ ਦਿਨੋ-ਦਿਨ ਵਧਦੇ ਜਾ ਰਹੇ ਹਨ। ਬਲਾਤਕਾਰ, ਦਹੇਜ਼ ਲਈ ਮਾਰ ਦੇਣ, ਛੇੜਛਾੜ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ਼ਦੀਆਂ ਹਨ। ਜੇ ਅਸੀਂ ਮਜਦੂਰ ਔਰਤਾਂ ਦੀ ਗੱਲ ਕਰੀਏ ਤਾਂ ਹਾਲਤਾਂ ਹੋਰ ਵੀ ਮਾੜੀਆਂ ਹਨ। ਉਹਨਾਂ ’ਤੇ ਕੰਮ ਦਾ ਦੂਣਾ ਬੋਝ ਹੁੰਦਾ ਹੈ ਬੱਚਾ ਪੈਦਾ ਕਰਨ, ਉਸਦਾ ਪਾਲਣ ਪੋਸ਼ਣ ਕਰਨ, ਪਰਿਵਾਰ ਦੀ ਜੁੰਮੇਵਾਰੀ ਇਸ ਸਭ ਤੋਂ ਬਾਅਦ ਉਹਨਾਂ ਨੂੰ ਬਾਹਰ ਔਖੀਆਂ ਹਾਲਤਾਂ ’ਚ ਕੰਮ ਕਰਨ ਜਾਣਾ ਪੈਂਦਾ ਹੈ। ਉਹਨਾਂ ਨੂੰ ਫੈਕਟਰੀਆਂ ਵਿੱਚ ਸਸਤੇ ਮਜਦੂਰਾਂ ਦੇ ਰੂਪ ’ਚ ਵਰਤਿਆ ਜਾਂਦਾ ਹੈ। ਫੈਕਟਰੀਆਂ ’ਚ ਕੋਈ ਸੁਰੱਖਿਆ ਦੇ ਪ੍ਰਬੰਧ ਨਹੀਂ। ਮਰਦਾਂ ਦੇ ਬਰਾਬਰ ਤਨਖਾਹ, ਛੁੱਟੀਆਂ ਦੇ ਪੈਸੇ, ਗਰਭਕਾਲ ਦੌਰਾਨ ਛੁੱਟੀ ਆਦਿ ਦਾ ਕੋਈ ਪ੍ਰਬੰਧ ਨਹੀਂ। ਘਰਾਂ ਵਿੱਚ ਪੀਸ ਰੇਟ ’ਤੇ ਕੰਮ ਕਰਨ ਵਾਲ਼ੀਆਂ ਔਰਤਾਂ ’ਤੇ ਕੋਈ ਕਿਰਤ ਕਨੂੰਨ ਲਾਗੂ ਨਹੀਂ ਹੁੰਦਾ ਨਾ ਹੀ ਉਹਨਾਂ ਦੇ ਕੰਮ ਦੇ ਘੰਟੇ ਤੈਅ ਹਨ। ਅੱਜ ਦੇ ਸਮੇਂ ਔਰਤਾਂ ਨੂੰ ਰਵਾਇਤੀ ਜੰਜੀਰਾਂ ਤੋੜ ਕੇ ਆਪਣੇ ਹੱਕਾਂ ਲਈ ਇੱਕਜੁੱਟ ਹੋਣ ਦੀ ਲੋੜ ਹੈ। ਉਹਨਾਂ ਨੂੰ ਸਮਾਜ ਵਿੱਚ ਚੱਲ ਰਹੇ ਜਮਾਤੀ ਖਹਿਭੇੜ ਵਿੱਚ ਆਵਦੇ ਮਰਦ ਸਾਥੀਆਂ ਨਾਲ਼ ਮੋਢੇ ਨਾਲ਼ ਮੋਢੇ ਜੋੜਕੇ ਅੱਗੇ ਵਧਣ ਦੀ ਲੋੜ ਹੈ ਅਤੇ ਇਸ ਲੜਾਈ ਨੂੰ ਨਿਰਣਾਇਕ ਸਿੱਟੇ ਤਾਈਂ ਪਹੁੰਚਾਉਂਦਿਆਂ ਸਮਾਜਵਾਦ ਦੀ ਉਸਾਰੀ ਤੱਕ ਲਿਜਾਣ ਦੀ ਜੱਦੋਜਹਿਦ ਕਰਨ ਦੀ ਲੋੜ ਹੈ। ਵਿਚਾਰ-ਚਰਚਾ ਵਿੱਚ ਸ਼ਾਮਲ ਸਾਰੀਆਂ ਔਰਤਾਂ ਨੇ ਗੱਲਬਾਤ ਵਿੱਚ ਹਿੱਸਾ ਲਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਇਕਾਈ ਲੁਧਿਆਣਾ ਸਨਅਤੀ ਦੇ ਸਾਥੀਆਂ ਨੇ ਗੀਤਾਂ ਦੀ ਪੇਸ਼ਕਾਰੀ ਕੀਤੀ।

ਲਲਕਾਰ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *