ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)–ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਨੇ ਅਜਨਾਲਾ ਵਿਚ ਹੋਏ ਘਟਨਾਕ੍ਰਮ ਉਪਰ ਟਿਪਣੀ ਕਰਦਿਆਂ ਕਿਹਾ ਹੈ ਕਿ ਇਹ ਵਾਕਿਆ ਅਮਨ ਕਾਨੂੰਨ ਬਾਬਤ ਮਾਨ ਸਰਕਾਰ ਦੀ ਅਯੋਗਤਾ ਦਾ ਪ੍ਰਗਟਾਵਾ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਕੇਂਦਰੀ ਏਜੰਸੀਆਂ ਪੰਜਾਬ ਨੂੰ 1980ਵੇ ਦੇ ਦਹਾਕੇ ਵੱਲ ਧਕ ਰਹੀਆਂ ਹਨ ਜਿਸ ਸਾਜ਼ਿਸ਼ ਨੂੰ ਮਾਨ ਸਰਕਾਰ ਸਮਝਣ ਤੋਂ ਅਸਮਰਥ ਹੈ। ਭਾਜਪਾ ਸਰਕਾਰ ਦੀਆਂ ਰਾਜਨੀਤਕ ਚਾਲਾਂ ਨੂੰ ਜਾਨਣ ਦੀ ਬਜਾਏ ਮੁਖ ਮੰਤਰੀ ਭਗਵੰਤ ਮਾਨ ਪਾਕਿਸਤਾਨ ਅਤੇ ਕਈ ਹੋਰ ਮੁਦਿਆਂ ਉਪਰ ਭਾਜਪਾ ਸਰਕਾਰ ਦੀ ਬੋਲੀ ਬੋਲ ਚੁਕਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦਾ ਨਾਅਰਾ ਕੇਂਦਰੀ ਏਜੰਸੀਆਂ ਦਾ ਨਾਹਰਾ ਹੈ, ਜਿਸ ਨਾਹਰੇ ਦਾ ਰਾਜਨੀਤਕ ਲਾਹਾ ਕਾਂਗਰਸ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਨਾਉਣ ਸਮੇਂ ਪ੍ਰਾਪਤ ਕਰ ਚੁਕੀ ਹੈ ਅਤੇ ਹੁਣ ਇਸ ਨਾਹਰੇ ਦੀ ਸਿਆਸੀ ਵਰਤੋਂ ਭਾਜਪਾ ਕਰਨ ਜਾ ਰਹੀ ਹੈ। ਇਹ ਅਵੱਸ ਮੰਨਣਯੋਗ ਹੋਵੇਗਾ ਕਿ ਅਜਨਾਲੇ ਦੀ ਇਕ ਘਟਨਾ ਨੇ ਪੰਜਾਬ ਦੇ ਗੈਰ ਸਿੱਖਾਂ ਵਿੱਚ ਭੈ ਦਾ ਮਹੌਲ ਸਿਰਜਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੀ ਗੈਰ ਸਿਖ ਵੋਟਰਾਂ ਦਾ ਧਰੁਵੀਕਰਨ ਕਰਨ ਦਾ ਹੀ ਇਹ ਵਰਤਾਰਾ ਹੈ। ਭਾਜਪਾ ਦੀ ਸਾਜ਼ਿਸ਼ ਨੂੰ ਪੰਜਾਬ ਦੇ ਲੋਕਾਂ ਨੂੰ ਭਲੀਭਾਂਤ ਸਮਝਣਾ ਚਾਹੀਦਾ ਹੈ। ਬੱਖਤਪੁਰਾ ਨੇ ਕਿਹਾ ਕਿ ਕੀ ਅਕਾਲ ਤਖਤ ਦੇ ਜਥੇਦਾਰ ਸਾਹਿਬ
ਦਸਣਗੇ ਕਿ ਥਾਨੇ ਦਾ ਘਿਰਾਓ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਜਾਣਾ ਕਿਥੋਂ ਤੱਕ ਜਾਇਜ਼ ਹੈ? ਕੀ ਇਹ ਬੇਅਦਬੀ ਦੇ ਘੇਰੇ ਵਿੱਚ ਨਹੀਂ ਆਉਂਦਾ? ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਦੀ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਉਪਰ ਰੋਕ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਕੇਂਦਰੀ ਸਰਕਾਰ ਅਤੇ ਉਸ ਦੀਆਂ ਏਂਜੰਸੀਆ ਪੰਜਾਬ ਵਿੱਚ ਰਾਜਨੀਤਕ ਅਸਥਿਰਤਾ ਪੈਦਾ ਕਰਨ ਲਈ ਹੋਰ ਵਡੀਆ ਘਟਨਾਵਾਂ ਨੂੰ ਅੰਜਾਮ ਦੇ ਸਕਦੀਆਂ ਹਨ ਕਿਉਂਕਿ ਮਾਨ ਸਰਕਾਰ ਚੌਧਰਰਾਟ ਦੀ ਲੜਾਈ ਵਿੱਚ ਉਲਝੀ ਪਈ ਹੈ ਅਤੇ ਉਸ ਦੀ ਪ੍ਰਸ਼ਾਸਨ ਉਪਰ ਬਹੁਤ ਢਿੱਲੀ ਪੱਕੜ ਹੈ