ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ ) – ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਬੱਚਿਆਂ ਦੀ ਭਲਾਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਮਿਸਾਲੀ ਕੰਮਾਂ ਲਈ ਮਾਣਯੋਗ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਹੈ। ਇਹ ਸਨਮਾਨ ਸਮਾਗਮ ਅੱਜ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਹੋਇਆ, ਜਿਸ ਦੀ ਪ੍ਰਧਾਨਗੀ ਮਾਣਯੋਗ ਰਾਜਪਾਲ ਪੰਜਾਬ ਕਰ ਰਹੇ ਸਨ।
ਸਨਮਾਨ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਕਿਹਾ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਬੱਚਿਆਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਜਿਸ ਲਈ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ ਡਾ. ਹਿਮਾਂਸ਼ੂ ਅਗਰਵਾਲ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਸ਼ਾਬਾਸ਼ੀ ਤੇ ਵਧਾਈ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਬਾਲ ਭਲਾਈ ਦੇ ਖੇਤਰ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੇਵਾਵਾਂ ਕਾਬਲ-ਏ-ਤਾਰੀਫ ਹਨ।
ਮਾਣਯੋਗ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਕੋਲੋਂ ਵਿਸ਼ੇਸ਼ ਸਨਮਾਨ ਹਾਸਲ ਕਰਨ ਉਪਰੰਤ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਬਾਲ ਭਲਾਈ ਦੇ ਖੇਤਰ ਵਿੱਚ ਹੋਰ ਵੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨੂੰ ਹਾਸਲ ਕਰਨ ਵਿੱਚ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਆਨਰੇਰੀ ਸਕੱਤਰ ਸ੍ਰੀ ਰੋਮੇਸ਼ ਮਹਾਜਨ ਅਤੇ ਸਮੁੱਚੀ ਟੀਮ ਦਾ ਵਿਸ਼ੇਸ਼ ਯੋਗਦਾਨ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਜ਼ਿਲ੍ਹੇ ਵਿੱਚ ਬੱਚਿਆਂ ਦੀ ਭਲਾਈ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਬਾਲ ਭਵਨ ਗੁਰਦਾਸਪੁਰ ਵਿਖੇ ਕੰਪਿਊਟਰ ਤੇ ਹੋਰ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ, ਪਿੰਡ ਭੁੱਲੇਚੱਕ ਵਿਖੇ ਬੱਚਿਆਂ ਲਈ ਈਵਨਿੰਗ ਸਕੂਲ, ਬਾਲ ਭਵਨ, ਚਿਲਡਰਨ ਹੋਮ ਅਤੇ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੱਚਿਆਂ ਲਈ ਲਾਇਬ੍ਰੇਰੀਆਂ, ਜੇਲ੍ਹ ਵਿੱਚ ਬੰਦ ਔਰਤਾਂ ਦੇ ਨਾਲ ਰਹਿ ਰਹੇ ਛੋਟੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਅਤੇ ਜੇਲ੍ਹ ਵਿੱਚ ਔਰਤਾਂ ਲਈ ਬਿਊਟੀ ਪਾਰਲਰ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਚਿਲਡਰਨ ਹੈਲਪ ਲਾਈਨ ਨੰਬਰ 1098 ਉੱਪਰ ਆਉਂਦੀਆਂ ਸ਼ਿਕਾਇਤਾਂ ਨੂੰ ਵੀ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਹਰ ਸਾਲ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਪਿਛਲੇ 15 ਸਾਲਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਸੂਬੇ ਭਰ ਵਿਚੋਂ ਪਹਿਲੇ ਸਥਾਨ ’ਤੇ ਕਾਬਜ਼ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਬਾਲ ਭਲਾਈ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਵਚਨਬੱਧ ਹੈ।