ਹੁਣ ਕੇਂਦਰੀ ਏਜੰਸੀ ਜਾਂ ਮੌਜੂਦਾ ਜੱਜ ਤੋਂ ਡੂੰਘਾਈ ਨਾਲ ਜਾਂਚ ਕਰਵਾਉਣ ਦਾ ਐਲਾਨ ਕੀਤਾ ਜਾਵੇ: ਬਾਜਵਾ
ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਥਿਤ ‘ਦਾਗ਼ੀ’ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਦੇ ਐਲਾਨ ਤੋਂ ਬਾਅਦ, ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਪਾਏ ਗਏ ਲਗਾਤਾਰ ਦਬਾਅ ਅਤੇ ਸੁਹਿਰਦ ਯਤਨਾਂ ਦਾ ਨਤੀਜਾ ਹੀ ਹੈ ਜਿਸ ਨੇ ਸੱਤਾਧਾਰੀ ਪਾਰਟੀ ਨੂੰ ਝੁਕਣ ਲਈ ਮਜਬੂਰ ਕੀਤਾ ਅਤੇ ਸਰਾਰੀ ਨੇ ਅਸਤੀਫ਼ਾ ਦੇ ਦਿੱਤਾ।
ਇੱਕ ਬਿਆਨ ਵਿੱਚ, ਵਿਰੋਧੀ ਧਿਰ ਦੇ ਆਗੂ, ਬਾਜਵਾ ਨੇ ਫੌਜਾ ਸਿੰਘ ਸਰਾਰੀ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਕਿਉਂਕਿ ਉਹ ਪਹਿਲਾਂ ਹੀ ਪੰਜਾਬ ਕੈਬਨਿਟ ਵਿੱਚ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ। “ਕਿਉਂਕਿ ਕਥਿਤ ‘ਦਾਗ਼ੀ’ ਮੰਤਰੀ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ, ਇਸ ਲਈ ਉਸ ਵਿਰੁੱਧ ਕਿਸੇ ਕੇਂਦਰੀ ਏਜੰਸੀ ਜਾਂ ਮੌਜੂਦਾ ਜੱਜ ਤੋਂ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ ਉਸ ਦੇ ਅਸਤੀਫ਼ੇ ਨਾਲ ਖ਼ਤਮ ਨਹੀਂ ਹੁੰਦਾ।” ਬਾਜਵਾ ਨੇ ਕਿਹਾ ਕਿ ਪੰਜਾਬ ਏਜੰਸੀ ਤੋਂ ਜਾਂਚ ਨੂੰ ਨਿਰਪੱਖ ਨਹੀਂ ਕਿਹਾ ਜਾਵੇਗਾ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਅਜਿਹੇ ਕੈਬਨਿਟ ਮੰਤਰੀ ਨੂੰ ਸਰਕਾਰ ਵਿੱਚ ਬਣੇ ਰਹਿਣ ਦਿੱਤਾ, ਜਿਸ ਦੀ ਆਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਉਹ ਅਤੇ ਉਸ ਦੇ ਨਜ਼ਦੀਕੀ ਸਹਿਯੋਗੀ ਨੂੰ ਕਿਸੇ ਠੇਕੇਦਾਰ ਤੋਂ ਪੈਸਾ ਵਸੂਲਣ ਦੀਆਂ ਯੋਜਨਾਵਾਂ ‘ਤੇ ਚਰਚਾ ਕਰਦੇ ਸੁਣਿਆ ਗਿਆ ਸੀ।
ਬਾਜਵਾ ਨੇ ਕਿਹਾ, “ਹੁਣ, ਸਰਾਰੀ ਦੇ ਅਸਤੀਫ਼ੇ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਕਿਸ ਕਾਰਨ ਕਰ ਕੇ ਉਹ ਇੰਨੇ ਲੰਬੇ ਸਮੇਂ ਤੱਕ ਸਰਾਰੀ ਨੂੰ ਬਚਾਉਂਦੇ ਰਹੇ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ‘ਆਪ’ ਸਰਕਾਰ ‘ਤੇ ਸਰਾਰੀ ਨੂੰ ਅਸਤੀਫ਼ਾ ਦੇਣ ਲਈ ਦਬਾਅ ਪਾਉਣ ਅਤੇ ਸਰਾਰੀ ਦੀ ਆਡੀਓ ਕਲਿੱਪ ਦੀ ਨਿਰਪੱਖ ਜਾਂਚ ਦਾ ਐਲਾਨ ਕਰਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। “ਮੈਂ, ਵਿਰੋਧੀ ਧਿਰ ਦੇ ਆਗੂ ਵਜੋਂ, ਇਸ ਮੁੱਦੇ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਕਈ ਮੌਕਿਆਂ ‘ਤੇ ਉਠਾਇਆ। ਮੈਂ ਮੀਡੀਆ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਅਤੇ ਮੈਂ ਜਨਤਕ ਇਕੱਠ ਵਿੱਚ ‘ਆਪ’ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ।


