ਬਾਗਬਾਨੀ ਰਾਹੀਂ ਕਿਸਾਨ ਕਰ ਸਕਦੇ ਹਨ ਆਪਣੀ ਆਮਦਨ ’ਚ ਵਾਧਾ – ਡਿਪਟੀ ਡਾਇਰੈਕਟਰ ਬਾਗਬਾਨੀ
ਗੁਰਦਾਸਪੁਰ, 2 ਨਵੰਬਰ (ਸਰਬਜੀਤ ਸਿੰਘ) – ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਅਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਫਸਲੀ ਵਿੰਭਨਤਾ ਲਿਆਉਂਦੇ ਹੋਏ ਬਾਗਬਾਨੀ ਨੂੰ ਅਪਨਾਉਣ। ਉਨਾਂ ਕਿਹਾ ਕਿ ਕਿਸਾਨ ਬਾਗਬਾਨੀ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਵਿੱਤੀ ਹਾਲਤ ਨੂੰ ਮਜ਼ਬੂਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਬਾਗਬਾਨੀ ਵਿਭਾਗ ਵੱਲੋ ਕਿਸਾਨਾਂ ਨੂੰ ਫ਼ਲ, ਫੁੱਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਤੋਂ ਇਲਾਵਾ ਖੂੰਬਾਂ ਦੇ ਉਤਪਾਦਨ, ਸ਼ਹਿਦ ਦੀਆਂ ਮੱਖੀਆਂ ਪਾਲਣ, ਗੰਡੋਏ ਦੀ ਖਾਦ ਤਿਆਰ ਕਰਨ, ਆਚਾਰ, ਚਟਨੀ ਅਤੇ ਮੁਰੱਬਾ ਬਣਾਕੇ ਇਸ ਨੂੰ ਘਰੇਲੂ ਵਰਤੋਂ ਅਤੇ ਵਪਾਰਕ ਪੱਧਰ ’ਤੇ ਵੇਚਣ ਬਾਰੇ ਢੁਕਵੀਂ ਜਾਣਕਾਰੀ ਦਿੱਤੀ ਜਾਂਦੀ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਜਾਂ ਐਫ.ਪੀ.ਓ ਗਰੁੱਪ ਬਣਾਕੇ ਫ਼ਲ ਅਤੇ ਸਬਜੀਆਂ ਦੀ ਖੇਤੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨ ਸਾਂਝੇ ਤੌਰ ਤੇ ਖੇਤੀ ਮਸ਼ੀਨਰੀ ਖਰੀਦ ਕੇ ਇਸ ਦੀ ਵਰਤੋਂ ਕਰ ਸਕਦੇ ਹਨ ਅਤੇ ਆਪਣੀ ਫਸਲ ਦੀ ਮਾਰਕੀਟਿੰਗ ਵੀ ਇਕੱਠੇ ਤੌਰ ’ਤੇ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਖਾਦ, ਮਿੱਟੀ ਦੀ ਟੈਸਟਿੰਗ ਦੇ ਆਧਾਰ ’ਤੇ ਹੀ ਪਾਉਣੀ ਚਾਹੀਦੀ ਹੈ। ਕਿਚਨ ਗਾਰਡਨਿੰਗ ਕਰਕੇ ਬਗੈਰ ਦਵਾਈਆਂ ਛਿੜਕ ਕੇੇ ਫਲ ਅਤੇ ਸਬਜੀਆਂ ਤਿਆਰ ਕਰਕੇ ਜਹਿਰੀਲੇ ਰਸਾਇਣਾਂ ਨਾਲ ਹੋਣ ਵਾਲੀਆਂ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚ ਸਕਦੇ ਹਨ।
ਉਹਨਾਂ ਕਿਸਾਨਾਂ ਨੂੰ ਕਿਹਾ ਕਿ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਹੀ ਲਗਾਉਣੀ ਚਾਹੀਦੀ ਕਿਉਂਕਿ ਅੱਗ ਲਗਾਉਣ ਨਾਲ ਨਾ ਸਿਰਫ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਸਗੋਂ ਜ਼ਮੀਨ ਦੇ ਬਹੁਤ ਸਾਰੇ ਉਪਜਾਊ ਤੱਤ ਵੀ ਖਤਮ ਹੋ ਜਾਂਦੇ ਹਨ। ਵਾਤਾਵਰਣ ਪ੍ਰਦੂਸ਼ਤ ਹੋਣ ਨਾਲ ਚਮੜੀ, ਅੱਖਾਂ ਅਤੇ ਸਾਹ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਹਨ ਅਤੇ ਇਸ ਦੇ ਧੂੰਏ ਨਾਲ ਕਈ ਸੜਕੀ ਦੁਰਘਟਨਾਵਾਂ ਹੋਣ ਨਾਲ ਜਾਨ ਵੀ ਜਾ ਸਕਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਨੂੰ ਸਹਾਇਕ ਧੰਦੇ ਵਜੋ ਅਪਣਾਉਣ ਲਈ ਤਕਨੀਕੀ ਅਤੇ ਵਿੱਤੀ ਜਾਣਕਾਰੀ ਲੈਣ ਲਈ ਬਾਗਬਾਨੀ ਵਿਭਾਗ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।