ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ) – ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾ. ਪ੍ਰੇਰਨਾ ਗੁਪਤਾ ਮਹਾਜਨ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀ ਵਧਾਈ ਦਿੱਤੀ ਹੈ ਅਤੇ ਨਾਲ ਹੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਟਾਖੇ ਚਲਾਉਣ ਸਮੇਂ ਪੂਰੀ ਸਾਵਧਾਨੀ ਵਰਤਣ।
ਡਾ. ਪ੍ਰੇਰਨਾ ਗੁਪਤਾ ਮਹਾਜਨ ਨੇ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਪੌਦੇ ਲਗਾਏ ਜਾਣ ਤਾਂ ਜੋ ਸਾਡਾ ਵਾਤਾਵਰਨ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਕਿ ਪਟਾਖੇ ਚਲਾਉਣ ਨਾਲ ਜਿਥੇ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ ਓਥੇ ਇਸਤੋਂ ਪੈਦਾ ਹੋਈਆਂ ਗੈਸਾਂ ਅਤੇ ਧੂੰਆਂ ਸਾਡੇ ਵਾਤਾਵਰਨ ਨੂੰ ਬੁਰੀ ਤਰਾਂ ਦੂਸ਼ਿਤ ਕਰਦਾ ਹੈ ਜਿਸਦਾ ਇਨਸਾਨੀ ਜੀਵਨ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ।
ਡਾ. ਪ੍ਰੇਰਨਾ ਗੁਪਤਾ ਮਹਾਜਨ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਬੱਚੇ ਪਟਾਖੇ ਚਲਾਉਣ ਤਾਂ ਉਸ ਮੌਕੇ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਪਟਾਖਿਆਂ ਨੂੰ ਤੰਗ ਗਲੀਆਂ ਅਤੇ ਪੈਟਰੋਲ ਪੰਪ ਜਾਂ ਗੱਡੀਆਂ ਆਦਿ ਦੇ ਨੇੜੇ ਨਾ ਚਲਾਇਆ ਜਾਵੇ। ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੀ ਨਿਗਰਾਨੀ ਤੋਂ ਬਗੈਰ ਇਕੱਲੇ ਪਟਾਖੇ ਨਾ ਚਲਾਉਣ ਦਿੱਤੇ ਜਾਣ ਅਤੇ ਪਟਾਖੇ ਚਲਾਉਂਦੇ ਸਮੇਂ ਸੂਤੀ ਕੱਪੜੇ ਹੀ ਪਾਉਣੇ ਚਾਹੀਦੇ ਹਨ। ਹੱਥ ਵਿੱਚ ਪਟਾਖੇ ਚਲਾਉਣ ਜਾਂ ਅਣਚੱਲੇ ਪਟਾਕੇ ਚਲਾਉਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨੀ ਚਾਹੀਦੀ। ਅਨਾਰ ਅਤੇ ਰਾਕੇਟ ਵਰਗੇ ਪਟਾਖਿਆਂ ਨੂੰ ਚਲਾਉਂਦੇ ਸਮੇਂ ਉਨ੍ਹਾਂ ਉੱਤੇ ਝੁਕਣਾ ਨਹੀਂ ਚਾਹੀਦਾ ਸਗੋਂ ਕਿਸੇ ਡੰਡੇ `ਤੇ ਮੋਮਬੱਤੀ ਲਗਾ ਕੇ ਇਹਨਾਂ ਨੂੰ ਦੂਰ ਤੋਂ ਚਲਾਉਣਾ ਚਾਹੀਦਾ ਹੈ। ਜੇਕਰ ਪਟਾਖੇ ਚਲਾਉਂਦੇ ਸਮੇਂ ਅੱਖ ਵਿੱਚ ਚੋਟ ਲੱਗ ਜਾਵੇ ਤਾਂ ਉਸਨੂੰ ਮਲਣਾ ਜਾਂ ਰਗੜਣਾਂ ਨਹੀਂ ਚਾਹੀਦਾ ਸਗੋਂ ਤੁਰੰਤ ਨੇੜੇ ਦੇ ਅੱਖਾਂ ਦੇ ਮਾਹਿਰ ਨੂੰ ਦਿਖਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਦੁਰਘਟਨਾਵਸ ਸਰੀਰ ਦਾ ਕੋਈ ਅੰਗ ਸੜ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਬਚਣ ਲਈ ਸਾਨੂੰ ਗਰੀਨ ਦੀਵਾਲੀ ਮਨਾਉਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।