ਗ੍ਰਾਂਮ ਸੁਵਿਧਾ ਕੇਂਦਰ ਖੋਲ੍ਹਣ ਲਈ ਇੰਟਰਵਿਊ 14 ਅਕਤੂਬਰ ਨੂੰ
ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਹਨ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ ਸਵੈ-ਰੁਜ਼ਗਾਰ ਮਹਿੰਮ ਤਹਿਤ ਹੁਣ ਨੌਜਵਾਨਾਂ ਨੂੰ ਆਪਣਾ ਗ੍ਰਾਂਮ ਸੁਵਿਧਾ ਕੇਂਦਰ ਖੋਲ੍ਹਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਮਿਤੀ 14 ਅਕਤੂਬਰ 2022 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਸਵੈ-ਰੁਜ਼ਗਾਰ ਸਬੰਧੀ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਗ੍ਰਾਂਮ ਸੁਵਿਧਾ ਕੇਂਦਰ ਖੋਲ੍ਹਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਨੌਜਵਾਨ ਲੜਕੇ ਅਤੇ ਲੜਕੀਆ ਪਿੰਡ ਵਿੱਚ ਆਪਣਾ ਗ੍ਰਾਮ ਸੁਵਿਧਾ ਸੈਂਟਰ ਖੋਲ੍ਹ ਕੇ ਪ੍ਰਤੀ ਮਹੀਨਾ 15000 ਤੋਂ 20000 ਰੁਪਏ ਤੱਕ ਬੜੀ ਆਸਾਨੀ ਨਾਲ ਕਮਾ ਸਕਦੇ ਹਨ। ਉਹਨਾਂ ਦੱਸਿਆ ਕਿ ਗ੍ਰਾਮ ਸੁਵਿਧਾ ਸੈਂਟਰ ਖੋਲ੍ਹ ਕੇ ਬਹੁਤ ਸਾਰੇ ਨੌਜਵਾਨ ਆਪਣੇ ਪੈਰਾਂ ’ਤੇ ਖੜ੍ਹੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਲੜਕੇ-ਲੜਕੀਆਂ ਘੱਟ ਤੋਂ ਘੱਟ 12ਵੀਂ ਪਾਸ ਹਨ, ਕੰਪਿਊਟਰ ਦੀ ਚੰਗੀ ਜਾਣਕਾਰੀ ਰੱਖਦੇ ਹਨ ਅਤੇ ਆਪਣੇ ਹੀ ਪਿੰਡ ਜਾਂ ਇਸਦੇ ਨੇੜੇ ਆਪਣਾ ਗ੍ਰਾਂਮ ਸੁਵਿਧਾ ਸੈਂਟਰ ਖੋਲ੍ਹ ਕੇ ਚੰਗੀ ਆਮਦਨ ਕਮਾਉਣਾ ਚਾਹੁੰਦੇ ਹਨ ਉਹ ਉਪਰੋਕਤ ਮਿਤੀ ਨੂੰ ਆਪਣਾ ਪੈਨ ਕਾਰਡ, ਬੈਂਕ ਦੀ ਕਾਪੀ, ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਕਾਰਡ ਨਾਲ ਲੈ ਕਿ ਨਿੱਜੀ ਤੌਰ ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਮਿਤੀ 14 ਅਕਤੂਬਰ 2022 ਨੂੰ ਸਵੇਰੇ 10:00 ਵਜੇ ਇੰਟਰਵਿਊ ਲਈ ਹਾਜ਼ਰ ਹੋਣ।