ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇੱਕਜੁੱਟ ਹੋ ਕੇ ਆਰਐਸਐਸ ਦੀ ਮਨੂੰ ਸਿਮਰਤੀਵਾਦੀ ਨੀਤੀ ਵਿਰੁੱਧ ਸੰਘਰਸ਼ ਕਰਨਾ ਚਾਹੀਦਾ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 18 ਜਨਵਰੀ (ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਨੇ ਸੰਘ ਮੁੱਖੀ ਮੋਹਣ ਭਾਗਵਤ ਵੱਲੋਂ 13 ਜਨਵਰੀ ਨੂੰ ਇੰਦੌਰ ਵਿੱਚ ਦਿੱਤੇ ਗਏ ਇਕ‌‌ ਭਾਸ਼ਣ ਦੌਰਾਨ, ਇਹ ਕਹਿਣਾ ਕਿ ਭਾਰਤ 1947 ਵਿੱਚ ਨਹੀਂ ਬਲਕਿ  ਰਾਮ ਮੰਦਰ ਬਣਨ ਸਮੇਂ ਆਜ਼ਾਦ ਹੋਇਆ ਹੈ, ਨੂੰ ਸੰਵਿਧਾਨ, ਧਰਮ ਨਿਰਪੱਖਤਾ ‌ਅਤੇ ਦੇਸ਼ ਵਿਰੋਧੀ‌ ਦਸਿਆ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸੰਘ ਮੁੱਖੀ ਭਾਗਵਤ ਦੇ ਬਿਆਨ ਨੇ ਆਰਐਸਐਸ ਦੇ ਅਸਲ ਮਨਸੂਬਿਆਂ ਨੂੰ ਸਾਹਮਣੇ ਲੈ ਆਂਦਾ ਹੈ ਕਿ ਉਹ ਦੇਸ਼ ਵਿੱਚ ਕੇਵਲ ਤੇ ਕੇਵਲ ਮੰਦਰ ਨਾਲ ਜੁੜੇ ਹਿੰਦੂ ਧਰਮ ਦੀ ਹੀ ਗੱਲ ਕਰਦੇ ਹਨ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਉਹਨਾਂ ਦੇ ਧਰਮਾਂ ਨੂੰ ਉਹ ਮੰਨਣ ਤੋਂ ਇਨਕਾਰੀ ਹਨ ਭਾਵ ਬਿਆਨ ਮੁਤਾਬਿਕ ਇਹ ਦੇਸ਼ ਕੇਵਲ ਹਿੰਦੂਆਂ ਦਾ ਹੈ ਜਦੋਂ ਕਿ ਦੇਸ਼ ਦਾ ਆਮ ਹਿੰਦੂ ਆਵਾਮ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਅਤੇ ਕਦਰ ਕਰਦਾ ਹੈ‌‌ ਅਤੇ ਭਰਾਤਰੀ ਭਾਵ ਨਾਲ ਸਾਰੇ ਧਰਮਾਂ ਦਾ ਲੋਕਾਂ ਦਾ ਰਹਿਣ ਸਹਿਣ ਹੈ।

 ਭਾਗਵਤ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਆਰ ਐਸ ਐਸ ਅੰਗਰੇਜ਼ ਸਾਮਰਾਜ ਵਿਰੁੱਧ ਲੜੇ ਗਏ ਹਜ਼ਾਰਾਂ ਕੁਰਬਾਨੀਆਂ ਭਰੇ ਇਤਿਹਾਸ ਤੋਂ ਮੁਕਰ ਹੈ। ਜਿਸ ਆਜ਼ਾਦੀ ਦੇ ਇਤਿਹਾਸ ਵਿੱਚ ਆਰਐਸਐਸ ਦਾ ਰੋਲ ਅੰਗਰੇਜ਼ ਸਾਮਰਾਜ ਦੇ ਝੋਲੀ ਚੁੱਕਾਂ ਵਾਲਾ ਰਿਹਾ ਹੈ, ਆਰਐਸਐਸ ਸ਼ੁਰੂ ਤੋਂ ਹੀ ਇਟਲੀ ਦੇ ਫਾਸਿਸਟ ਮਸਲੀਨੀ‌‌ ਦੀ ਅਗਵਾਈ ਕਬੂਲਦੀ ਰਹੀ ਹੈ। ਭਗਵਤ ਦਾ ਇਹ ਬਿਆਨ ਸੰਵਿਧਾਨ ਵਿਰੋਧੀ ਤਾਂ ਕਿਹਾ ਹੀ ਜਾ ਸਕਦਾ ਬਲਕਿ ਸੰਵਿਧਾਨ ਅਧੀਨ ਕੰਮ ਕਰਦੀਆਂ ਲੋਕ ਸਭਾ, ਰਾਜ ਸਭਾ ਅਤੇ ਭਾਰਤ ਦੇ ਸੰਵਿਧਾਨ ਦੀ ਰਾਖੀ ਕਰਨ ਵਾਲੀ  ਸਭ ਤੋਂ ਉੱਚਤਮ ਸੰਸਥਾ ਨਿਆਂ ਪਾਲਿਕਾ ਦੀ ਤੌਹੀਨ ਕਰਨ ਵਾਲਾ ਵੀ ਹੈ, ਇਸ ਕਾਰਨ ਭਾਰਤ ਦੀ ਸੁਪਰੀਮ ਕੋਰਟ ਨੂੰ ਆਰਐਸਐਸ ਮੁਖੀ ਦੇ ਬਿਆਨ ਦਾ ਸੂ ਮੋਟੋ ਲੈ ਕੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਬੱਖਤਪੁਰਾ ਨੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ‌ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੀ ਪਹਿਚਾਣ ਅਤੇ ਸਮੁੱਚੇ ਧਰਮਾਂ ਦਾ ਭਾਈਚਾਰਾ ਬਣਾਈ ਰੱਖਣ  ਲਈ ਇੱਕਜੁੱਟ ਹੋ ਕੇ ਆਰਐਸਐਸ ਦੀ ਮਨੂ ਸਿਮਰਤੀਵਾਦੀ ਨੀਤੀ ਵਿਰੁੱਧ ਸੰਘਰਸ਼ ਕਰਨਾ ਚਾਹੀਦਾ।

Leave a Reply

Your email address will not be published. Required fields are marked *