ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਮੈਂ ਯੂਨੀਵਰਸਿਟੀ ਦੇ ਪਾਰਕ ਵਿੱਚ ਸਰਦੀ ਦੀ ਕੋਸੀ-ਕੋਸੀ ਧੁੱਪ’ਚ ਘਾਹ’ਤੇ ਬੈਠਾ ਬਲਦੇਵ ਸਿੰਘ ਦਾ ਨਾਵਲ ‘ਅੰਨਦਾਤਾ’ ਪੜ੍ਹ ਰਿਹਾ ਸੀ ਕਿ ਆਵਾਜ਼ ਆਈ,
“ਹੈਲੋ ਬਰੋ! ਮੈਂ ਗੈਰੀ ਫਰੌਮ ਕੈਨੇਡਾ…।” ਉਸ ਨੇ ਮੇਰੇ ਵੱਲ ਹੱਥ ਵਧਾਇਆ।ਮੈਂ ਨਾਵਲ ਦੇ ਪੇਜ’ਚ ਉਂਗਲੀ ਪਾ ਕੇ ਉਸ ਦੇ ਵੱਲ ਤੱਕਿਆ।ਮੈਨੂੰ ਕਿਸੇ ਅੰਗਰੇਜ਼ ਦਾ ਭੁਲੇਖਾ ਪਿਆ।ਮੈਂ ਉਸ ਨਾਲ਼ ਹੱਥ ਮਿਲਾਇਆ।ਉਸ ਦਾ ਰੰਗ ਗੋਰਾ ਸਿਰ ਦੇ ਵਾਲ਼ ਲੰਮੇ, ਪਿੱਛੇ ਪੋਨੀ ਜਿਹੀ ਬੰਨੀ ਹੋਈ ਸੀ।ਹਲਕੀ ਭੂਰੇ ਰੰਗ ਦੀ ਦਾੜ੍ਹੀ।ਕੱਦ ਤਕਰੀਬਨ ਛੇ ਫੁੱਟ ਹੋਵੇਗਾ।ਉਮਰ ਤੀਹ ਬੱਤੀ ਸਾਲ ਦੇਖਣ ਤੋਂ ਅੰਗਰੇਜ਼ ਜਾਪਿਆ।ਉਸ ਦਾ ਨਾਂ ਗੁਰਵਿੰਦਰ ਸਿੰਘ ਸੀ ਪਰ ਗੈਰੀ ਦੇ ਨਾਂ ਨਾਲ਼ ਸਭ ਜਾਣਦੇ ਸਨ।
“ਮੇਰਾ ਨਾਂ! ਰਾਜਿੰਦਰ ਹੈ…।” ਅਸੀਂ ਕੁੱਝ ਪਲ ਇੱਕ ਦੂਜੇ ਦੇ ਚਿਹਰੇ ਵੱਲ ਤੱਕਦੇ ਰਹੇ।ਫਿਰ ਉਸ ਨੇ ਮੇਰੇ ਨਾਲ਼ ਗੱਲ ਸ਼ੁਰੂ ਕੀਤੀ।
“ਮੈਂ ਕਿਸਾਨ ਖੁਦਕਸ਼ੀਆਂ ਦੇ ਉੱਤੇ ਖੋਜ ਕਰਨ ਲਈ ਕੈਨੇਡਾ ਤੋਂ ਆਇਆ ਹਾਂ।ਮੈਂ ਡਾਕੂਮੈਂਟਰੀ ਬਣਾਉਣਾ ਚਾਹੁੰਦਾ ਹਾਂ।ਮੇਰਾ ਤੁਹਾਡੇ ਨਾਲ਼ ਗੱਲ ਕਰਨ ਦਾ ਬਹੁਤ ਮਨ ਸੀ।ਮੈਂ ਰੋਜ਼ ਦੇਖਦਾ ਰਹਿੰਦਾ ਸਾਂ।ਤੁਸੀਂ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ ਹੋਂ…।ਤੁਹਾਨੂੰ ਪੜ੍ਹਨ ਦਾ ਬਹੁਤ ਸੌਂਕ ਐ…ਮੈਨੂੰ ਕਿਸਾਨੀ ਨਾਲ਼ ਸਬੰਧਤ ਕਿਤਾਬਾਂ ਪੜ੍ਹਨ ਲਈ ਦਿਓ…।” ਉਹ ਵਧੀਆ ਨਿਮਰਤਾ ਭਰੀ ਪੰਜਾਬੀ ਬੋਲ ਰਿਹਾ ਸੀ।
“ਗੈਰੀ ਜੀ! ਲਓ ਪਹਿਲਾਂ ਆਹ ਪੜ੍ਹੋ…।” ਮੈਂ ਹੱਥਲਾ ਨਾਵਲ ‘ਅੰਨਦਾਤਾ’ ਉਸ ਵੱਲ ਕਰ ਦਿੱਤਾ।ਉਹ ਨਾਹ ਨੁੱਕਰ ਕਰਦਾ ਰਿਹਾ।ਉਹ ਚਾਹੁੰਦਾ ਸੀ, ਪਹਿਲਾਂ ਮੈਂ ਪੜ੍ਹ ਲਵਾਂ।ਮੈਂ ਜਬਰੀ ਉਸ ਨੂੰ ਨਾਵਲ ਫੜ੍ਹਾ ਦਿੱਤਾ।ਪੜ੍ਹ ਕੇ ਗੱਲਬਾਤ ਕਰਨ ਲਈ ਕਿਹਾ।ਉਸ ਦੇ ਦੱਸਣ’ਤੇ ਪਤਾ ਲੱਗਿਆ।ਕਿ ਮਾਂ-ਬਾਪ ਦੀ ਮਿਹਨਤ ਸਦਕਾ ਉਹ ਪੰਜਾਬੀ ਸਿੱਖ ਗਿਆ।ਪੰਜਾਬ ਵੱਲ ਤਾਂ ਉਨ੍ਹਾਂ ਦਾ ਚੱਕਰ ਘੱਟ ਹੀ ਲਗਦਾ।ਜਿਵੇਂ ਇੱਕ ਤਰ੍ਹਾਂ ਨਾਲ਼ ਟੁੱਟ ਹੀ ਗਏ ਹੋਣ।ਹੁਣ ਉਨ੍ਹਾਂ ਦਾ ਪੰਜਾਬ ਵਿੱਚ ਕੋਈ ਵੀ ਨਹੀਂ ਸੀ।ਜਦੋਂ ਉਨ੍ਹਾਂ ਦੇ ਆਪਣੇ ਹੀ ਗਦਾਰ ਹੋ ਗਏ।ਉਨ੍ਹਾਂ ਦੀ ਜ਼ਮੀਨ ਜਾਇਦਾਦ’ਤੇ ਸਰੀਕਾਂ ਨੇ ਕਬਜ਼ਾ ਕਰ ਲਿਆ।ਥਾਣਾ ਕੋਰਟ-ਕਚਹਿਰੀ ਵੀ ਉਨ੍ਹਾਂ ਨੂੰ ਲੁੱਟਣ ਨੂੰ ਫਿਰਦੇ ਸਨ।ਉਨ੍ਹਾਂ ਉਲਝਣਤਾਣੀ ਵਿੱਚੋਂ ਨਿਕਲਣ ਲਈ ਕੌੜਾ ਘੁੱਟ ਭਰ ਲਿਆ।ਪੰਜਾਬ ਵੱਲ ਆਉਣ ਨੂੰ ਉਨ੍ਹਾਂ ਦਾ ਮਨ ਤਾਂ ਕਰਦਾ ਪਰ ਪਿੰਡ ਨਾ ਜਾਂਦੇ।ਦੋ-ਚਾਰ ਸਾਲ ਬਾਅਦ ਘੁੰਮਣ ਫਿਰਨ ਲਈ ਆ ਜਾਂਦੇ।ਵਤਨ ਦੀ ਖਿੱਚ ਤਾਂ ਰਹਿੰਦੀ ਸੀ।ਸ਼ਹਿਰ ਦੇ ਕਿਸੇ ਹੋਟਲ ਵਿੱਚ ਰਹਿ ਲੈਂਦੇ।ਗੈਰੀ ਦਾ ਪਿਤਾ ਬਚਨ ਸਿੰਘ ਆਪਣੇ ਨੇੜਲੇ ਯਾਰਾਂ ਦੋਸਤਾਂ ਨੂੰ ਮਿਲਣ ਲਈ ਫ਼ੋਨ ਕਰ ਦਿੰਦਾ।ਉਹ ਭੱਜੇ ਆਉਂਦੇ ਮਿਲਣ ਲਈ।ਹੁਣ ਬਚਨ ਸਿੰਘ ਦੇ ਪੁੱਤਰ ਨੂੰ ਆਪਣੀ ਮਿੱਟੀ ਦਾ ਦਰਦ ਫਿਰ ਖਿੱਚ ਲਿਆਇਆ ।ਉਸ ਦੇ ਮਾਂ-ਬਾਪ ਨੇ ਚਾਵਾਂ ਨਾਲ਼ ਤੋਰਿਆ ਤੇ ਸਾਵਧਾਨ ਵੀ ਕੀਤਾ।ਥੋੜ੍ਹੇ ਸਮੇਂ ਵਿੱਚ ਮੇਰੇ ਨਾਲ਼ ਉਹ ਆਪਣਾ ਬਹੁਤ ਕੁੱਝ ਸਾਂਝਾ ਕਰ ਗਿਆ।ਜਦੋਂ ਉਹ ਮੇਰੇ ਕੋਲ਼ੋ ਗਿਆ ਤਾਂ ਉਸ ਦੇ ਚਿਹਰੇ’ਤੇ ਇੱਕ ਵੱਖਰਾ ਨੂਰ ਸੀ।ਮੈਂ ਕਿੰਨ੍ਹਾ ਚਿਰ ਉਸ ਨੂੰ ਜਾਂਦੇ ਨੂੰ ਦੇਖਦਾ ਰਿਹਾ।
ਅਗਲੇ ਦਿਨ ਉਹ ਮੇਰੇ ਕਮਰੇ ਵਿੱਚ ਆਇਆ।ਮੈਂ ਨੋਟਿਸ ਤਿਆਰ ਕਰ ਰਿਹਾ ਸਾਂ।“ਲੈ ਬਰੋ ! ਤੁਹਾਡਾ ਦਿੱਤਾ ਨਾਵਲ ਮੈਂ ਪੜ੍ਹ ਲਿਆ…।”
“ਤੂੰ ਤਾਂ! ਕਮਾਲ ਕਰ ਦਿੱਤੀ…।ਐਨੀ ਜਲਦੀ ਪੜ੍ਹ ਲਿਆ।ਨਹੀਂ ਤਾਂ ਲੋਕ ਮਹੀਨਾ ਮਹੀਨਾ ਕਿਤਾਬਾਂ ਵਾਪਸ ਨਹੀਂ ਕਰਦੇ…।ਬਾਅਦ ਵਿੱਚ ਮੰਗਣੀਆਂ ਪੈਂਦੀਆਂ ਨੇ…।” ਮੈਂ ਪੱੈਨ ਨੋਟਿਸ ਪੇਪਰਾਂ’ਤੇ ਰੱਖ ਦਿੱਤਾ।ਐਨਕ ਉਤਾਰ ਕੇ ਕਿਤਾਬ’ਤੇ ਰੱਖ ਦਿੱਤੀ।ਗੈਰੀ ਨੂੰ ਕੁਰਸੀ’ਤੇ ਬੈਠਣ ਦਾ ਇਸ਼ਾਰਾ ਕੀਤਾ।
“ਮੈਂ ਤਾਂ ਸਾਰੀ ਰਾਤ ਪੜ੍ਹਦਾ ਰਿਹਾ।ਛੱਡਣ ਨੂੰ ਦਿਲ ਨਹੀਂ ਕੀਤਾ।ਖ਼ਤਮ ਕਰਕੇ ਪਿਆ…।ਕਮਾਲ ਦਾ ਨਾਵਲ ਹੈ।ਮੈਨੂੰ ਪੰਜਾਬ ਦੀ ਕਿਸਾਨੀ ਲਈ ਬਹੁਤ ਕੁੱਝ ਸਮਝਣ ਨੂੰ ਮਿਿਲਆ…।” ਮੈਂ ਚਾਹ ਬਣਾ ਲਿਆਇਆ।ਅਸੀਂ ਚਾਹ ਦੀਆਂ ਘੁੱਟਾਂ ਭਰਦਿਆਂ ਨਾਵਲ ਬਾਰੇ ਬਹੁਤ ਗੱਲਾਂ ਕੀਤੀਆਂ।ਕਾਫੀ ਸਮਾਂ ਨਾਵਲ ਦੇ ਇਕੱਲੇ-ਇਕੱਲੇ ਪਾਤਰ ਵਾਰੇ ਚਰਚਾ ਕਰਦੇ ਰਹੇ।ਉਹ ਮੇਰੇ ਕੋਲ਼ੋ ਕਿਤਾਬਾਂ ਲੈ ਜਾਇਆ ਕਰੇ।ਪੜ੍ਹ ਕੇ ਮੋੜ ਦਿਆ ਕਰੇ।ਇਸ ਤਰ੍ਹਾਂ ਸਾਡੀ ਦੋਵਾਂ ਦੀ ਦੋਸਤੀ ਗਹਿਰੀ ਹੁੰਦੀ ਗਈ।ਕਈ ਵਾਰ ਜਦੋਂ ਕਿਤੇ ਕਿਸਾਨ ਵੱਲੋਂ ਕੀਤੀ ਖੁਦਕਸ਼ੀ ਦੀ ਘਟਨਾ ਵਾਪਰ ਦੀ,ਮੈਂ ਗੈਰੀ ਦੇ ਖੋਜ ਕਾਰਜ ਲਈ ਨਾਲ਼ ਹੁੰਦਾ।ਅਸੀਂ ਇਸ ਵਿਸ਼ੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ।ਉਹ ਆਪਣੀਆਂ ਦਲੀਲਾਂ ਦਿੰਦਾ, ਮੈਂ ਆਪਣੀਆਂ।ਮੈਂ ਖੇਤੀ ਨੂੰ ਘਾਟੇ ਦਾ ਸੌਦਾ ਕਹਿੰਦਾ ਤਾਂ ਹੀ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ।ਉਹ ਕਹਿੰਦਾ ਨਹੀਂ।
“ਕਿਸਾਨ ਲੋੜ ਤੋਂ ਵੱਧ ਖਰਚ ਕਰ ਰਿਹਾ ਹੈ।ਕੋਈ ਸਹਾਇਕ ਧੰਦਾ ਨਹੀਂ ਅਪਣਾਉਂਦਾ।ਪੂਰੀ ਤਰ੍ਹਾਂ ਖੇਤੀ’ਤੇ ਨਿਰਭਰ ਹੈ…।ਮੁੱਖ ਦੋ ਫ਼ਸਲਾਂ ਬੀਜਦੇ ਨੇ।ਕਮਾਈ ਕਰਨ ਵਾਲਾ ਇੱਕ ਹੈ, ਖਾਣ ਵਾਲਾ ਸਾਰਾ ਟੱਬਰ…।ਕੈਨੇਡਾ ਦੇ ਵਿੱਚ ਸਭ ਕੰਮ ਕਰਦੇ ਨੇ।ਆਪਣਾ ਖਰਚ ਖੁਦ ਤੋਰਦੇ ਨੇ…।” ਉਹ ਕੈਨੇਡਾ ਦੀਆਂ ਉਦਾਰਹਨਾਂ ਦਿੰਦਾ।
“ਗੈਰੀ ! ਮੈਂ ਤੇਰੀ ਇਸ ਗੱਲ ਨਾਲ਼ ਸਹਿਮਤ ਹਾਂ।ਕੰਮ ਕੋਈ ਕਰਦਾ ਨਹੀਂ।ਪਰ ਖੇਤੀ ਸੈਕਟਰ ਨੂੰ ਸਰਕਾਰਾਂ ਖੁਦ ਬਰਬਾਦ ਕਰਨ’ਤੇ ਤੁਲੀਆਂ ਹੋਈਆਂ ਨੇ।ਸਰਕਾਰ ਫ਼ਸਲਾਂ ਦੇ ਮੁੱਲ ਨਹੀਂ ਦਿੰਦੀ।ਚਾਹੇ ਐੱਮ.ਐੱਸ.ਪੀ. ਲਾਗੂ ਹੈ, ਦੋ ਫ਼ਸਲਾਂ ਨੂੰ ਛੱਡ ਬਾਕੀ ਦੀ ਖਰੀਦ ਨਹੀਂ ਕਰਦੀ,ਕਿਸਾਨ ਤਾਂ ਫ਼ਸਲ ਬਦਲ ਦੇਣ…।ਇੱਕ ਉਦਾਰਹਨ ਮੱਕੀ ਦਾ ਸਰਕਾਰੀ ਰੇਟ ਪੰਦਰਾਂ ਸੌ ਹੈ।ਖਰੀਦੀ ਛੇ ਸੌ ਜਾਂਦੀ ਹੈ…।ਜਦੋਂ ਕਿਸਾਨ ਆਲੂ ਪਿਆਜ਼ ਜ਼ਿਆਦਾ ਲਾ ਲੈਂਦਾ ਹੈ ਤਾਂ ਉਹ ਸੜਕਾਂ’ਤੇ ਰੁਲਣ ਲੱਗ ਪੈਂਦੇ ਹਨ…।ਕਾਰਪੋਰੇਟਰਾਂ ਦਾ ਕਰਜ਼ ਮੁਆਫ਼ ਕਰ ਦਿੰਦੇ ਨੇ ਜੋ ਇਨ੍ਹਾਂ ਨੂੰ ਵੋਟਾਂ’ਚ ਮੱਦਦ ਕਰਦੇ ਹਨ।ਬੈਂਕਾਂ ਦਾ ਕਰਜ਼ਾ,ਆੜਤੀਏ ਦਾ ਕਰਜ਼ਾ ਹਰ ਇੱਕ ਕਿਸਾਨ ਦੇ ਸਿਰ ਚੜ੍ਹਿਆ ਪਿਆ।ਇਹ ਖੇਤੀ ਨੂੰ ਖ਼ਤਮ ਕਰਨ ਦੀਆਂ ਸਰਕਾਰਾਂ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਨੇ।ਇਸ ਲਈ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਬਸਿਡੀਆਂ ਦੇ ਕੇ ਸਰਕਾਰੀ ਕਰਜ਼ੇ ਦੇ ਮੱਕੜਜਾਲ ਵਿੱਚ ਉਲਝਾਇਆ ਜਾ ਰਿਹਾ।ਉਨ੍ਹਾਂ ਦੇ ਸਾਥੀ ਕਾਰਪੋਰੇਟਰਾਂ ਦੀ ਨਜ਼ਰ ਖੇਤੀ ਸੈਕਟਰ ਉੱਤੇ ਹੈ।ਕਿਸਾਨ ਅੰਦਰੋ-ਅੰਦਰੀ ਕੰਗਾਲ ਹੋ ਰਿਹਾ।ਜਿੱਥੇ ਆਪਾਂ ਹੁਣ ਜਾ ਕੇ ਆਏ ਹਾਂ।ਉਸ ਸਿਰ ਵੀ ਪੰਦਰਾਂ ਲੱਖ ਦਾ ਕਰਜ਼ ਸੀ।ਨਹੀਂ ਮੁੜਿਆ ਉਹ ਖੁਦਕਸ਼ੀ ਕਰ ਗਿਆ…।ਜ਼ਮੀਨ ਦੀ ਕਮਾਈ ਤੋਂ ਬਿਨਾ ਹੋਰ ਕੋਈ ਕਾਰੋਬਾਰ ਨਹੀਂ…।ਕਿਸਾਨ ਖੁਦਕਸ਼ੀਆਂ ਕਰੀ ਜਾਂਦਾ ਸਰਕਾਰਾਂ ਨੂੰ ਕੋਈ ਚਿੰਤਾਂ ਨਹੀਂ…।ਪਿਛਲੇ ਸਮੇਂ ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਮੁਆਵਜੇ ਦਾ ਐਲਾਨ ਕਰ ਦਿੱਤਾ।ਉਸ ਸਮੇਂ ਤੋਂ ਖੁਦਕਸ਼ੀਆਂ ਦੇ ਵਿੱਚ ਵਾਧਾ ਹੋ ਗਿਆ।ਗੈਰੀ ਜੀ! ਕੁੱਝ ਆਪਣੇ ਲੋਕਾਂ ਦੀਆਂ ਵੀ ਨਲਾਇਕੀਆਂ ਨੇ।ਜਿਵੇਂ ਤੁਸੀਂ ਕਿਹਾ “ਲੋੜ ਤੋਂ ਵੱਧ ਖਰਚ ਕਰਨਾ।” ਸਾਡੇ ਲੋਕ ਬੈਂਕ ਤੋਂ ਕਰਜ਼ ਲੈ ਕੇ ਘਰ ਬਣਾਉਂਦੇ ਹਨ।ਵਿਆਹ ਸਾਦੀਆਂ,ਮਰਨੇ’ਤੇ ਲੋੜ ਤੋਂ ਵੱਧ ਖਰਚ ਕਰਦੇ ਹਨ।ਵੱਡੇ-ਵੱਡੇ ਟਰੈਕਟਰ,ਕਾਰਾਂ,ਮੋਟਰ ਸਾਇਕਲ ਖਰੀਦ ਦੇ ਹਨ।ਜੇਕਰ ਕੋਈ ਕਾਰੋਬਾਰੀ ਕਰਜ਼ ਲੈਂਦਾ ਹੈ ਤਾਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ।ਪੈਸੇ ਤੋਂ ਪੈਸਾ ਕਮਾਉਂਦਾ ਹੈ…।ਇਸ ਲਈ ਉਹ ਅੱਗੇ ਵਧਦੇ ਜਾਂਦੇ ਨੇ।ਇਨ੍ਹਾਂ ਦੀ ਗੱਲ ਤਾਂ ਆਮਦਨੀ ਅਠੱਨੀ ਖ਼ਰਚਾ ਰੁਪਿਆ ਵਾਲੀ ਹੈ।ਮੁੜਨ ਦਾ ਕੋਈ ਸਾਧਨ ਨਹੀਂ।ਹਨੂਮਾਨ ਦੀ ਪੂਛ ਵਾਂਗ ਕਰਜ਼ ਵਧਦਾ ਜਾਂਦਾ ਹੈ…।” ਮੈਂ ਗੈਰੀ ਨੂੰ ਸਾਰੇ ਜੋੜ ਤੋੜ ਸਮਝਾਉਣ ਲੱਗਿਆ।
“ਹਾਂ ਬਰੋ! ਤੇਰੀ ਗੱਲ ਤਾਂ ਠੀਕ ਐ…।” ਉਹ ਮੇਰੀਆਂ ਗੱਲਾਂ ਨਾਲ਼ ਸਹਿਮਤ ਵੀ ਹੋ ਜਾਂਦਾ ਤੇ ਸਵਾਲ ਵੀ ਕਰਦਾ…।ਇਸ ਤਰ੍ਹਾਂ ਸਾਡਾ ਸੰਵਾਦ ਚਲਦਾ ਰਹਿੰਦਾ।ਇੱਕ ਦਿਨ ਦਸ ਕੁ ਵਜੇ ਗੈਰੀ ਮੇਰੇ ਕੋਲ਼ ਆਇਆ।
“ਬਰੋ! ਵਜੀਦਪੁਰ ਕਿਸੇ ਕਿਸਾਨ ਨੇ ਖੁਦਕਸ਼ੀ ਕਰ ਲਈ ਆਪਾਂ ਚੱਲਣਾ ਹੈ…।ਉਨ੍ਹਾਂ ਹਾਈਵੇ ਜ਼ਾਮ ਕਰ ਦਿੱਤਾ ਐ…।” ਉਸ ਨੇ ਫੇਸਬੁੱਕ ’ਤੇ ਲਾਇਵ ਚਲਦੀ ਵੀਡੀਓ ਦਿਖਾਈ।ਲੋਕ ਲਾਸ਼ ਨੂੰ ਸੜਕ’ਤੇ ਰੱਖ ਪ੍ਰਦਰਸ਼ਨ ਕਰ ਰਹੇ ਸਨ।ਕਿਸਾਨ ਯੁਨੀਅਨ ਦੇ ਝੰਡੇ ਲੋਕਾਂ ਦੇ ਹੱਥਾਂ ਵਿੱਚ ਫੜੇ ਹੋਏ ਸਨ।ਅਸੀਂ ਵੀਹ ਕੁ ਮਿੰਟਾਂ ਵਿੱਚ ਉੱਥੇ ਪਹੁੰਚ ਗਏ।ਸੜਕ ਦੇ ਦੋਵੇਂ ਪਾਸੇ ਵੱਡਾ ਜ਼ਾਮ ਲੱਗਿਆ ਹੋਇਆ ਸੀ।ਪ੍ਰਦਰਸ਼ਨਕਾਰੀ ਜਿਸ ਵਿੱਚ ਵੱਡੀ ਗਿਣਤੀ’ਚ ਔਰਤਾਂ ਵੀ ਸ਼ਾਮਲ ਸਨ।ਸੜਕ ਦੇ ਵਿਚਾਲੇ ਲਾਸ਼ ਰੱਖ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਸਨ।ਨਾਹਰਿਆਂ ਦੀ ਆਵਾਜ਼ ਚਾਰੇੇ ਪਾਸੇ ਗੂੰਜ ਰਹੀ ਸੀ।ਗੈਰੀ ਨੇ ਆਪਣਾ ਕੈਮਰਾ ਕੱਢਿਆ।ਸੂਟ ਕਰਨ ਲੱਗ ਪਿਆ।ਕੈਮਰਾ ਦੇਖ ਕੇ ਪ੍ਰਦਸ਼ਨਕਾਰੀਆਂ ਦੀਆਂ ਆਵਾਜ਼ਾਂ ਹੋਰ ਤੇਜ ਹੋ ਗਈਆਂ।ਲੋਕਾਂ ਦਾ ਰੋਹ ਭੱਖਦਾ ਜਾ ਰਿਹਾ ਸੀ।ਪੁਲਿਸ ਰਸਤਾ ਖੋਲ੍ਹਣ ਲਈ ਤਰਲੇ ਮਿਨਤਾਂ ਤੇ ਡਰਾਵੇ ਦੇ ਰਹੀ ਸੀ।ਪ੍ਰਦਰਸ਼ਕਾਰੀਆਂ ਨੇ ਮੰਗ ਰੱਖੀ “ਮ੍ਰਿਤਕ ਦੇ ਪਰਿਵਾਰ ਦਾ ਬੈਂਕ ਦਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇ।ਦਸ ਲੱਖ ਦਾ ਮੁਆਵਜਾ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ, ਅਸੀਂ ਲਾਸ਼ ਦਾ ਸਸਕਾਰ ਨਹੀਂ ਕਰਾਂਗੇ…।” ਵੱਖ-ਵੱਖ ਜਥੇਬੰਦੀਆਂ ਦੇ ਬੁਲਾਰੇ ਬੋਲ ਰਹੇ ਸਨ।ਗੈਰੀ ਬੜੀ ਨੀਝ ਨਾਲ ਸਭ ਫਿਲਮਾ ਰਿਹਾ ਸੀ।ਕੁੱਝ ਬੰਦਿਆਂ ਨਾਲ਼ ਅਸੀਂ ਗੱਲ ਕੀਤੀ।
ਤਿੰਨ ਘੰਟਿਆਂ ਬਾਅਦ ਡੀ.ਸੀ.ਨੇ ਆ ਕੇ ਵਿਸ਼ਵਾਸ ਦਿਵਾਇਆ ਕਿ ਭੋਗ ਸਮੇਂ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ,ਕਰਜ਼ਾ ਮੁਆਫ਼ ਤੇ ਇੱਕ ਮੈਂਬਰ ਨੂੰ ਨੌਕਰੀ ਦੀ ਪੇਸ਼ਕਸ ਸਰਕਾਰ ਵੱਲੋਂ ਰੱਖੀ ਗਈ ਹੈ।ਪਹਿਲਾਂ ਤਾਂ ਕਿਸਾਨ ਯੂਨੀਅਨ ਦੇ ਨੁਮਾਇਦੇ ਮੰਨੇ ਨਾ ਫਿਰ ਪਰਿਵਾਰ ਵਾਲਿਆਂ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਹਾਂ ਪੱਖੀ ਹੁੰਗਾਰਾ ਭਰ ਦਿੱਤਾ।ਧਰਨਾ ਚੁੱਕ ਦਿੱਤਾ ਲੋਕ ਲਾਸ਼ ਨੂੰ ਟਰਾਲੀ’ਚ ਰੱਖ ਆਪ ਟਰਾਲੀਆਂ ਭਰ ਜਿੰਦਾਬਾਦ ਦੇ ਨਾਹਰੇ ਲਾਉਂਦੇ ਪਿੰਡ ਵੱਲ ਨੂੰ ਚੱਲ ਪਏ।ਗੈਰੀ ਤੇ ਮੈਂ ਕੈਮਰਾ ਲੈ ਕੇ ਨਾਲ਼ ਹੀ ਚੱਲ ਪਏ।
ਲੋਕਾਂ ਨੇ ਘਰ ਮੂਹਰੇ ਟਰਾਲੀਆਂ ਰੋਕ ਦਿੱਤੀਆਂ।ਲਾਸ਼ ਨੂੰ ਵਿਹੜੇ ਵਿੱਚ ਰੱਖਿਆ ਗਿਆ।ਸ਼ਾਮ ਦੇ ਪੰਜ ਵੱਜ ਚੁੱਕੇ ਸਨ।ਪਤਵੰਤੇ ਆਗੂ ਸਸਕਾਰ ਦੀ ਤਿਆਰੀ ਜਲਦੀ ਕਰਨ ਲਈ ਕਹਿ ਰਹੇ ਸਨ।ਗੈਰੀ ਘਰ ਨੂੰ ਚੰਗੀ ਤਰ੍ਹਾਂ ਨਿਹਾਰ ਰਿਹਾ ਸੀ।ਜਿਵੇਂ ਕਹਿ ਰਿਹਾ ਹੋਵੇ,
‘ਇਹ ਕਿਹੜੇ ਪਾਸੋਂ ਕਰਜ਼ੇ ਵਿੱਚ ਡੁੱਬਿਆ ਕਿਸਾਨ ਲੱਗ ਰਿਹਾ ਐ…।‘ ਚੰਗੀ ਦੋ ਵਿੱਘਿਆਂ ਵਿੱਚ ਕੋਠੀ ਪਾਈ ਹੋਈ ਹੈ।ਦੋ ਵੱਡੇ ਟਰੈਕਟਰ ਖੜੇ੍ਹ ਹਨ ਕੁੱਲ ਸੰਦ,ਸੰਦੇੜਾ ਘਰ’ਚ ਪਿਆ ਸੀ।ਮਹਿੰਗੀਆਂ ਦੋ ਕਾਰਾਂ ਖੜ੍ਹੀਆਂ ਹਨ।’ ਸਵਾਲ ਤਾਂ ਉਠਦਾ ਸੀ।ਲੋਕ ਸੱਥਰ’ਤੇ ਬੈਠੇ ਗੱਲਾਂ ਕਰ ਰਹੇ ਸਨ।
“ਸਰਦਾਰ ਨੈਬ ਸਿੰਘ ਚੰਗਾ ਬੰਦਾ ਸੀ।ਇਸ ਤਰ੍ਹਾਂ ਕਰ ’ਲਊ ਕਦੇ ਸੋਚਿਆ ਨਹੀਂ ਸੀ…।ਸਭ ਦੇ ਦੁੱਖ ਸੁੱਖ ਵਿੱਚ ਖੜ੍ਹਨ ਵਾਲਾ।ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ…।”
“ਅੱਜ ਪਤਾ ਲੱਗਿਆ ਇਨ੍ਹਾਂ ਸਿਰ ਵੀ ਕਰਜ਼ਾ ਚੜ੍ਹਿਆ ਹੋਇਆ ਸੀ।ਕੀ ਪਤਾ ਕਿਸੇ ਦੇ ਘਰ ਦਾ।ਕਿੰਨ੍ਹੇ ਖੂਹ ਪੱਟੇ ਹੋਏ ਨੇ…।ਅੱਜ ਤਾਂ ਸਭ ਦੇਖਣ ਨੂੰ ਵੱਡੇ ਲੱਗਦੇ ਨੇ…।” ਕੋਈ ਕਹਿ ਰਿਹਾ ਸੀ।
“ਨੈਬ ਸਿਹਾਂ ਮਰਨੀ ਮਰ ਗਿਆ।ਸਰਦਾਰੀ ਟੌਹਰ ਨਹੀਂ ਸੀ ਛੱਡੀ।ਮਜ਼ਾਲ ਐ ਕਦੇ ਚਿੱਟੇ ਕੱਪੜਿਆਂ ਨੂੰ ਦਾਗ਼ ਲੱਗਿਆ ਹੋਵੇ।ਚੰਦਰੇ ਨੇ ਪਤਾ ਨੀ ਆਹ ਦਾਗ਼ ਕਿਵੇਂ ਲਵਾ ਲਿਆ ਆਪਣੇ’ਤੇ…।ਸਾਲ ਮਸਾਂ ਹੋਇਆ ਪਹਿਲਾਂ ਇਹਦੇ ਸੀਰੀ ਜੰਗੀ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ…।” ਜੰਗੀ ਵਾਲੀ ਗੱਲ ਸਾਡੇ ਦਿਮਾਗ਼ ਵਿੱਚ ਇੱਕ ਦਮ ਵੱਜੀ।ਅਸੀਂ ਬੈਠੇ ਵਡੇਰੀ ਉਮਰ ਦੇ ਬੰਦੇ ਨੂੰ ਪੱੁਛਿਆ।
“ਬਾਬਾ ਜੀ! ਜੰਗੀ ਇਨ੍ਹਾਂ ਦਾ ਨੌਕਰ ਸੀ…? ਉਸ ਨੇ ਵੀ ਖੁਦਕਸ਼ੀ ਕੀਤੀ ਸੀ…? ਖੁਦਕਸ਼ੀ ਕਿਵੇਂ ਕਰੀ…?” ਕਈ ਸਵਾਲ ਇੱਕ ਦਮ ਕੱਢ ਮਾਰੇ।
“ਹਾਂ! ਉਹ ਮਾਈ ਨਿਹਾਲ ਕੁਰ ਦੇ ਘਰਵਾਲਾ ਸੀ…।” ਉਸ ਨੇ ਪਸੂਆਂ ਦਾ ਗੋਹਾ ਕੂੜਾ ਕਰਦੀ ਔਰਤ ਵੱਲ ਉਂਗਲ ਕਰਕੇ ਕਿਹਾ।ਅਸੀਂ ਮੈਲ਼ੇ ਜਿਹੇ ਕਪੜਿਆਂ’ਚ ਗੋਹੇ ਦਾ ਟੋਕਰਾ ਚੱਕੀ ਜਾਂਦੀ ਨਿਹਾਲ ਕੁਰ ਨੂੰ ਦੇਖ ਰਹੇ ਸੀ।ਜਿਵੇਂ ਹੁਣ ਉਸ ਨੇ ਮੋਡਿਆਂ’ਤੇ ਆਪਣੇ ਘਰਵਾਲੇ ਦੀ ਲਾਸ਼ ਚੱਕੀ ਹੋਵੇ।ਉਹ ਘਰ ਦੀ ਕਮਜ਼ੋਰੀ ਦੇ ਥਪੇੜੇ ਖਾਂਦੀ ਵਕਤ ਤੋਂ ਪਹਿਲਾਂ ਬੱੁਢੀ ਹੋਈ ਲਗਦੀ ਸੀ।ਉਸ ਨਾਲ਼ ਗੱਲ ਕਰਨ ਨੂੰ ਮਨ ਤਾਂ ਕਰ ਰਿਹਾ ਸੀ।ਪਰ ਸਮਾਂ ਉਸ ਦੀ ਦੇਹਲ਼ੀ ਨੂੰ ਪਾਰ ਕਰਨ ਦਾ ਨਹੀਂ ਸੀ।ਅਸੀਂ ਅਰਥੀ ਦੇ ਪਿੱਛੇ ਤੁਰ ਪਏ।ਸਸਕਾਰ ਦੀ ਵੀਡੀਓ ਸ਼ੂਟ ਕੀਤੀ।ਵਾਪਸ ਆਪਣੇ ਕਮਰੇ ਵਿੱਚ ਆ ਗਏ।ਨਿਹਾਲ ਕੁਰ’ਤੇ ਆ ਕੇ ਸਾਡੀ ਸੂਈ ਅਟਕ ਜਾਂਦੀ…।ਤਿੰਨ ਦਿਨਾਂ ਬਾਅਦ ਅਸੀਂ ਜੰਗੀ ਦੇ ਘਰ ਜਾਣ ਦਾ ਸਮਾਂ ਮਿੱਥ ਲਿਆ।
ਦੁਪਹਿਰ ਦੇ ਸਮੇਂ ਅਸੀਂ ਜੰਗੀ ਦੀ ਦੇਹਲ਼ੀ ਲੰਘ ਗਏ। ਪਹਿਚਾਣ ਲਕੋਣ ਲਈ ਅੱਜ ਗੈਰੀ ਦੇ ਸਿਰ ਮੈਂ ਪੱਗ ਬੰਨ ਦਿੱਤੀ।ਨਹੀਂ ਤਾਂ ਉਸ ਨੂੰ ਅੰਗਰੇਜ਼ ਸਮਝ ਕੇ ਲੋਕ ਇਕੱਠੇ ਹੋ ਜਾਂਦੇ ਸਨ।ਜੰਗੀ ਦੇ ਘਰ ਦੀ ਹਾਲਤ ਬੜੀ ਮਾੜੀ ਸੀ।ਘਰ ਮੁਹਰੇ ਲੁੱਕ ਵਾਲੇ ਡਰੰਮ ਦਾ ਗੇਟ ਲੱਗਿਆ ਹੋਇਆ ਸੀ।ਦੋ ਕਮਰੇ ਪੱਕੀਆਂ ਇੱਟਾਂ ਦੇ ਬਣੇ ਹੋਏ ਸਨ।ਜਿਨ੍ਹਾਂ ਦੀਆਂ ਵਿਰਲ਼ਾਂ ਵਿੱਚੋਂ ਗਾਰਾ ਵੀ ਨਿੱਕਲ ਚੁੱਕਿਆ ਸੀ।ਇੱਕ ਪਾਸੇ ਬਿਨਾ ਛੱਤ ਤੋਂ ਨਹਾਉਣ ਲਈ ਬਣਾਇਆ ਹੋਇਆ ਪਰਦਾ, ਕੁੱਝ ਇੱਟਾਂ ਖੜ੍ਹੀਆਂ ਕਰਕੇ ਚੌਂਕਾ ਬਣਾ ਰੱਖਿਆ ਸੀ।ਇੱਕ ਪਾਸੇ ਫਲੈਕਸ ਬੋਰਡਾਂ ਦੀ ਛੱਤ ਹੇਠ ਮੱਝ ਕਿੱਲੇ ਨਾਲ਼ ਬੰਨੀ ਹੋਈ ਸੀ।ਲੋਹੇ ਦੀ ਤਾਰ’ਤੇ ਕੱਪੜੇ ਸੁੱਕ ਰਹੇ ਸਨ।ਮੈਂ ਵਿਹੜੇ ਵਿੱਚ ਖੜ੍ਹ ਬੋਲ ਮਾਰਿਆ।
“ਤਾਈ ਘਰੇਂ ਐਂ…।” ਸਾਡੀ ਆਵਾਜ਼ ਸੁਣ ਦੋ ਜਵਾਨ ਕੁੜੀਆਂ ਕਮਰੇ ਚੋਂ ਬਾਹਰ ਆ ਗਈਆਂ।ਮਗਰ ਨਿਹਾਲ ਕੁਰ ਵੀ ਆ ਗਈ।
“ ਕੌਣ ਐ ਭਾਈ…।” ਨਿਹਾਲ ਕੁਰ ਕੁੜੀਆਂ ਤੋਂ ਅੱਗੇ ਹੋ ਬੋਲੀ।
“ਤਾਈ ਅਸੀਂ ਪੜ੍ਹਦੇ ਹਾਂ।ਅਸੀਂ ਪਹਿਲਾਂ ਨੈਬ ਸਿੰਹੂ ਕੇ ਆਏ ਸੀ।ਉੱਥੋਂ ਸਾਨੂੰ ਪਤਾ ਲੱਗਿਆ।ਤੁਹਾਡੇ ਨਾਲ਼ ਵੀ ਉਹ ਘਟਨਾ ਵਾਪਰ ਚੁੱਕੀ ਐ…।ਅਸੀਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ’ਤੇ ਕੰਮ ਕਰ ਰਹੇ ਹਾਂ ਜਿਹੜੇ ਖੁਦਕਸ਼ੀਆਂ ਕਰ ਗਏ…।ਉਨ੍ਹਾਂ ਦੀ ਦੁੱਖਾਂ ਦੀ ਕਹਾਣੀ ਨੂੰ ਆਮ ਲੋਕਾਂ ਦੇ ਸਾਹਮਣੇ ਰੱਖਣਾ ਹੈ,ਤਾਂ ਜੋ ਸਰਕਾਰ ਉਨ੍ਹਾਂ ਦੀ ਸਹਾਇਤਾ ਕਰ ਸਕੇ…।” ਅਸੀਂ ਆਉਣ ਦਾ ਕਾਰਨ ਦੱਸਿਆ।
“ਨਾ ’ਸੋਨੂੰ ਆਏਂ ਲਗਦਾ ਨੈਬ ਸੂੰ ਸਰਪੇਅ ਪੀ ਕੇ ਮਰ ਗਿਆ।ਆਓ ਬੈਠੋ ਮੈਂ ਦੱਸਦੀ ਹਾਂ…।” ਨਿਹਾਲ ਕੁਰ ਦਾ ਤਾਂਬੇ ਵਰਗਾ ਰੰਗ ਲਾਲ ਹੋਣ ਲੱਗ ਪਿਆ ਸੀ,ਜਿਵੇਂ ਉਸ ਦੇ ਕਲੇਜੇ ਵਿੱਚੋਂ ਰੁੱਗ ਭਰਿਆ ਗਿਆ ਹੋਵੇ।ਕੁੜੀ ਨੇ ਕਮਰੇ ਵਿੱਚ ਮੰਜਾ ਡਾਹ ਦਿੱੱਤਾ।ਅਸੀਂ ਬੈਠ ਗਏ।ਕਮਰੇ ਵਿੱਚ ਧੁੱਪ ਵਿਰਲਾਂ ਵਿੱਚ ਦੀ ਝਾਕ ਰਹੀ ਸੀ।ਮੈਂ ਕਲਪਨਾ ਕਰਨ ਲੱਗਿਆ “ਜੰਗੀ ਨੇ ਫਾਹਾ ਕਿੱਥੇ ਲਿਆ ਹੋਊ…।” ਇੱਕ ਕੁੜੀ ਨੂੰ ਨਿਹਾਲ ਕੁਰ ਨੇ ਚਾਹ ਬਣਾਉਣ ਲਾ ਦਿੱਤਾ।ਦੂਜੀ ਕੁੜੀ ਦੂਸਰੇ ਕਮਰੇ ਵਿੱਚ ਚਲੀ ਗਈ।ਨਿਹਾਲ ਕੁਰ ਦੀਆਂ ਗੱਲਾਂ ਨੇ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।ਸਾਨੂੰ ਕੁੱਝ ਪਰਤਾਂ ਖੁੱਲ੍ਹਣ ਦੀ ਉਮੀਦ ਸੀ।ਨਿਹਾਲ ਕੁਰ ਮੂੰਹ’ਚ ਬੁੜਬੁੜ ਕਰ ਰਹੀ ਸੀ, ਜਿਵੇਂ ਪਹਿਲਾਂ ਅਸੀਂ ਨੈਬ ਸਿੰਘ ਦੇ ਘਰ ਦੇਖਿਆ ਸੀ।ਨਿਹਾਲ ਕੁਰ ਇੱਕ ਪਾਸੇ ਪੀੜ੍ਹੀ ਡਾਹ ਕੇ ਬੈਠ ਗਈ।ਗੈਰੀ ਨੇ ਕੈਮਰੇ ਦੀ ਨਜ਼ਰ ਸਾਰੇ ਘਰ’ਤੇ ਘੁੰਮਾ ਦਿੱਤੀ।ਕੈਮਰਾ ਸਟੈਂਡ’ਤੇ ਫਿੱਟ ਕਰ ਨਿਹਾਲ ਕੁਰ ਵੱਲ ਕਰ ਦਿੱਤਾ।
“ਤਾਈ ਜੀ! ਜੰਗੀ ਤਾਏ ਨੇ ਖੁਦਕਸ਼ੀ ਇੱਥੇ ਕੀਤੀ ਸੀ…?” ਮੈਂ ਗੱਲ ਦੀ ਸ਼ੁਰੂਆਤ ਕਰ ਦਿੱਤੀ।
“ਨਾ ਪੁੱਤ! ਆਹ ਸਰਦਾਰਾਂ ਦਾ ਬੇੜਾ ਬਹਿ ਗਿਆ ਸੀ।ਇਨ੍ਹਾਂ ਦੇ ਖੇਤ ਮਰਿਆ ਸੀ ਮੋਟਰ’ਤੇ…।’ਟਾਲੀ ਨਾਲ਼ ਫਾਹਾ ਲੈ ਕੇ…।ਇੱਥੇ ਵਿਹੜੇ’ਚ ਸਿੱਟ ਗਏ,ਉਸ ਦੀ ਦੇਹ ਨੂੰ…।” ਉਸ ਨੇ ਵਿਹੜੇ ਵੱਲ ਇਸਾਰਾ ਕੀਤਾ।ਨਿਹਾਲ ਕੁਰ ਦੀਆਂ ਅੱਖਾਂ ਸਿੰਮ ਪਈਆਂ।ਮੈਲ਼ੇ ਦੁਪੱਟੇ ਨਾਲ਼ ਅੱਖਾਂ ਪੂੰਜਣ ਲੱਗ ਪਈ।ਕੁੜੀ ਬਾਟੀਆਂ ਵਿੱਚ ਚਾਹ ਧਰ ਗਈ।ਲੱਗਦਾ ਸੀ ਨਿਹਾਲ ਕੁਰ ਆਪਣੇ ਅੰਦਰ ਬਹੁਤ ਕੁੱਝ ਸਮੋਈ ਬੈਠੀ ਸੀ।
“ਤਾਈ ਲੋਕ ਤਾਂ ਕਹਿੰਦੇ ਨੇ ਘਰੇ ਫਾਹਾ ਲਿਆ ਸੀ।ਅਸੀਂ ਉਸ ਦਿਨ ਨੈਬ ਸਿੰਹੂ ਦੇ ਸੱਥਰ’ਤੇ ਵੀ ਸੁਣਿਆ ਸੀ…।”
“ਭੌਂਕਦੇ ਨੇ ਕੁੱਤੇ…।ਇਹ ਲੋਕ ਵੀ ਤਕੜਿਆਂ ਦੀ ਬੋਲੀ ਬੋਲਦੇ ਨੇ।ਜਿਵੇਂ ਪਿੰਡ’ਚ ਗੱਲ ਉਡਾ ਦਿੱਤੀ,ਇਹ ਬੋਲਣ ਲੱਗ ਪਏ।ਮੂੰਹ’ਨੇਰੇ ਹੀ ਨਿੱਕੀ ਦੇ ਪਿਓ ਦੀ ਲੋਥ ਘਰ ਡੇਗ ਗਏ।ਮੇਰੀ ਆਹ ਵੱਡੀ ਧੀ ਦਾ ਵਿਆਹ ਧਰਿਆ ਹੋਇਆ ਸੀ।ਪੂਰੀਆਂ ’ਬਾਂਰਾਂ ਜਮਾਤਾਂ ਪਾਸ ਐਂ।ਅੱਗੇ ਸਾਥੋਂ ਪੜ੍ਹਾ ਨਹੀਂ ਹੋਇਆ।ਸਾਰੀ ਜ਼ਿੰਦਗੀ ਇਨ੍ਹਾਂ ਦਾ ਅਸੀਂ ਗੋਹਾ ਕੂੜਾ ਕਰਦੇ ਰਹੇ।ਜਦੋਂ ਦੀ ਮੈਂ ਇਸ ਘਰ ਵਿੱਚ ਆਈ,ਉਸ ਤੋਂ ਪਹਿਲਾਂ ਦਾ ਉਨ੍ਹਾਂ ਨਾਲ਼ ਨੌਕਰ ਸੀ।ਇਨ੍ਹਾਂ ਨੇ ਕੰਮ ਦੇ ਲਾਲਚ ਵਿੱਚ ਉਸ ਨੂੰ ਨਸ਼ੇ ਤੇ ਲਾ’ਤਾ।ਨਸ਼ੇ ਤੋਂ ਬਿਨਾਂ ਉਹ ਰਹਿ ਨਹੀਂ ਸੀ ਸਕਦਾ।ਉਹ ਖੇਤ ਬੰਨੇ ਜਾਂਦਾ…,ਮੇਰੀ ਗੋਹਾ ਕੂੜਾ ਕਰਦੀ ਦੀ ਜ਼ਿੰਦਗੀ ਇਨ੍ਹਾਂ ਦੇ ਘਰ ਲੰਘ ਗਈ…।” ਨਿਹਾਲ ਕੁਰ ਕੱਚੇ ਨੜੇ੍ਹ ਵਾਂਗ ਉੱਧੜ ਰਹੀ ਸੀ।ਅਸੀਂ ਬਾਟੀਆਂ ਵਿੱਚ ਪਾਈ ਚਾਹ ਦੀਆਂ ਘੁੱਟਾਂ ਭਰਦੇ ਰਹੇ।ਗੈਰੀ ਗੱਲਾਂ ਨੂੰ ਬੜੇ ਗ਼ੌਰ ਨਾਲ਼ ਸੁਣ ਰਿਹਾ ਸੀ ਤੇ ਨੋਟ ਵੀ ਕਰੀਂ ਜਾਂਦਾ।ਉਹ ਫਿਰ ਬੋਲੀ।
“ਮੈਂ ਕੁੜੀ ਦੇ ਵਿਆਹ ਲਈ ਇਨ੍ਹਾਂ ਤੋਂ ਪੈਸੇ ਮੰਗੇ।ਇਨ੍ਹਾਂ ਨੇ ਜਵਾਬ ਦੇ ਦਿੱਤਾ।ਕੋਈ ਹੋਰ ਹੀਲਾ ਵਛੀਲਾ ਨਾ ਬਣਿਆ।ਅਸੀਂ ਤੀਵੀਂ ਆਦਮੀ ਨਿੱਤ ਝੁਰਦੇ ਰਹੇ।ਸਾਡੇ ਕੋਲ਼ ਤਾਂ ਕੁੱਝ ਵੇਚਣ ਵੱਟਣ ਨੂੰ ਵੀ ਨਹੀਂ ਸੀ।ਕੁੜੀ ਦੇ ਵਿਆਹ ਦੇ ਦਿਨ ਨੇੜੇ ਆਈ ਜਾਂਦੇ ਤੀ।ਇਨ੍ਹਾਂ ਦੇ ਹਾੜੇ ਕੱਢਦੇ ਰਹੇ,ਇਨ੍ਹਾਂ ਚਿੱਟਾ ਦੁੱਧ ਵਰਗਾ ਜਵਾਬ ਦੇ ਦਿੱਤਾ।ਇਹ ਅੱਕਿਆ ਹੋਇਆ ਇਨ੍ਹਾਂ ਦੇ ਖੇਤ ਮੋਟਰ’ਤੇ ’ਟਾਲੀ ਨਾਲ਼ ਫਾਹਾ ਲੈ ਗਿਆ…।ਸਾਨੂੰ ਦੁੱਖਾਂ ਵਿੱਚ ਰੋੜ੍ਹ ਚੰਦਰਾ ਆਪ ਸੁਖੀ ਹੋ ਗਿਆ…।” ਨਿਹਾਲ ਕੁਰ ਬੋਲਦੀ ਚੁੱਪ ਕਰ ਗਈ।ਉਸ ਦੇ ਸੰਘ ਵਿੱਚੋਂ ਬੋਲ ਨਾ ਨਿਕਲਿਆ।ਹੰਝੂਆਂ ਦੀਆਂ ਘਰਾਲ਼ਾਂ ਚੱਲ ਪਈਆਂ।ਉਨ੍ਹਾਂ ਦੀ ਕਹਾਣੀ ਸੁਣ ਸਾਡੇ ਸੰਘ ਚੋਂ ਚਾਹ ਦੀ ਘੁੱਟ ਹੇਠਾਂ ਨਹੀਂ ਉੱਤਰੀ।ਬਚੀ ਚਾਹ ਬਾਟੀਆਂ ਵਿੱਚ ਹੀ ਰਹਿ ਗਈ।ਕੁੱਝ ਸਮਾਂ ਸਾਡੇ ਵਿੱਚ ਖ਼ਾਮੋਸ਼ੀ ਛਾਈ ਰਹੀ।ਆਖ਼ਰ ਮੈਂ ਗੱਲ ਨੂੰ ਅੱਗੇ ਤੋਰਿਆ।
“ਤਾਈ! ਫਿਰ ਜੰਗੀ ਤਾਏ ਦੀ ਮੌਤ ਵੇਲ਼ੇ ਇਨ੍ਹਾਂ ਤੋਂ ਮੱਦਦ ਮੰਗੀ…।” ਨਿਹਾਲ ਕੁਰ ਨੇ ਇੱਕ ਲੰਮਾ ਹੌਂਕਾ ਭਰਿਆ।ਜਿਵੇਂ ਬੋਲਣ ਲਈ ਤਾਕਤ ਇਕੱਠੀ ਕਰ ਰਹੀ ਹੋਵੇ।
“ਹਾਂ ਇਨ੍ਹਾਂ ਮਦਾਦ ਕੀਤੀ ।ਜਿਸ ਦੇ ਬਦਲੇ ਮੈਂ ਇਨ੍ਹਾਂ ਦਾ ਗੋਹਾ-ਕੂੜਾ ਕਰੀ ਜਾਨੀ ਆਂ।ਮਰਨੇ ਤੋਂ ਲੈ ਕੇ ਭੋਗ’ਤੇ ਸਾਰਾ ਖ਼ਰਚ ਕੀਤਾ।ਸਾਨੂੰ ਤਾਂ ਲੱਗ ਰਿਹਾ ਤੀ ਸਾਡੀ ਮਦਾਦ ਕਰ ਰਹੇ ਨੇ, ਬਾਅਦ’ਚ ਆਹ ਜਿਹੜਾ ਚੌਰਾ ਮਰ ਗਿਆ।ਇਸ ਨੇ ਕਿਹਾ “ਬਦਲੇ’ਚ ਸਾਲ ਭਰ ਕੰਮ ਕਰਨਾ ਪਊ।ਇਨ੍ਹਾਂ ਨੇ ਤਾਂ ਉਸਨੂੰ ਫੂਕਣ ਦੀ ਕੀਤੀ।ਕਹਿੰਦੇ “ਨਹੀਂ’ਸੋਨੂੰ ਪੁਲਿਸ ਘੜੀਸੀਂ ਫਿਰੂ…।” ਤਰ੍ਹਾਂ-ਤਰ੍ਹਾਂ ਦੇ ਡਰਾਵੇ ਦੇਈ ਜਾਣ।ਸਾਡੇ ਆਲਾ ਲਾਣਾ ਤਾਂ ਉਂਝ ਹੀ ਪਜਾਮਾਂ ਗਿੱਲਾ ਕਰ ਲੈਂਦਾ।ਉਨ੍ਹਾਂ ਦੇ ਮਗਰ ਲੱਗਕੇ ਚਾਕੇ ਫੂਕ ਆਏ।ਉਨ੍ਹਾਂ ਨੂੰ ਆਪਣਾ ਡਰ ਸੀ।ਕਿਤੇ ਉਹ ਆਪ ਨਾ ਫਸ ਜਾਣ।ਹੁਣ ਜਦੋਂ ਆਪਣਾ ਮਰਿਆ,ਸੜਕਾਂ ਰੋਕਣ ਲੱਗ ਪਏ…।ਵੱਡਿਆਂ ਨਾਲ਼ ਸਾਰੇ ਤੁਰ ਪੈਂਦੇ ਨੇ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ…।” ਉਸ ਨੇ ਆਪਣੀ ਪਾਟੀ ਚੁੰਨੀ ਦੋਵੇ ਹੱਥਾਂ ਨਾਲ਼ ਅੱਗੇ ਕਰ ਦਿੱਤੀ।ਜਿਵੇਂ ਉਨ੍ਹਾਂ ਦੀ ਹਾਲਤ ਇਸ ਚੁੰਨੀ ਵਿੱਚ ਦੀ ਦਿਖਦੀ ਹੋਵੇ।ਉਸ ਦੀਆਂ ਗੱਲਾਂ ਸੁਣ ਅਸੀਂ ਅੰਦਰ ਤੱਕ ਹਿੱਲ ਗਏ।
“ਤਾਈ ਨੈਬ ਸਿੰਹੂ ਦੀ ਤਾਂ ਲੋਕ ਬੜੀ ਪ੍ਰਸ਼ੰਸ਼ਾ ਕਰ ਰਹੇ ਸੀ…।” ਮੈਂ ਗੱਲ ਅੱਗੇ ਤੋਰੀ।
“ਲੰਡਰ ਬੰਦਾ ਸੀ…।ਥਾਂ-ਥਾਂ ਮੂੰਹ ਮਾਰਦਾ ਫਿਰਦਾ ਸੀ…।ਉਸ ਦੇ ਖੇਤਾਂ’ਚ ਕੱਖ ਕੰਡਾ ਲੈਣ ਗਈਆਂ ਔਰਤਾਂ’ਤੇ ਮਾੜੀ ਨਜ਼ਰ ਰੱਖਦਾ…।ਮਰ ਗਿਆ ਪਰੇ ਆਪਣੀ ਕਰਨੀ…।ਸੁੱਤਾ ਰਹਿ ਗਿਆ… ਪਤਾ ਵੀ ਨਹੀਂ ਲੱਗਿਆ…।”
“ਨਾਲ਼ੇ ਕਹਿੰਦੇ! ਉਹ ਸਪਰੇਅ ਪੀ ਕੇ ਮਰਿਆ…।” ਗੈਰੀ ਨੇ ਕੈਮਰੇ ਨੂੰ ਯੂਮ ਕਰਕੇ ਬੋਲਿਆ।
“ਡਰਾਮਾ ਕਰਦੇ ਨੇ…।ਸਰਕਾਰ ਤੋਂ ਪੈਸੇ ਲੈਣ ਦੇ ਮਾਰੇ।ਜਦੋਂ ਮੈਂ ਸਵੇਰੇ ਮੂੰਹ’ਨੇਰੇ ਉਨ੍ਹਾਂ ਦੇ ਘਰ ਗਈ ਸੀ।ਉਹ ਤਾਂ ਮਰਿਆ ਪਿਆ ਤੀ, ਬਾਹਰਲੇ ਕਮਰੇ’ਚ।ਸਾਰੇ ਟੱਬਰ ਨੇ ਕਿਸੇ ਕੋਲ਼ ਭਾਫ਼ ਨਹੀਂ ਕੱਢੀ।ਸਲਾਹ ਕਰਕੇ ਖੁਦਕਸ਼ੀ ਬਣਾ ’ਤੀ।ਮੈਂ ਗੋਹਾ ਕੂੜਾ ਕਰਦੀ ਸਭ ਸੁਣ ਰਹੀ ਸੀ।ਕਾਰ’ਚ ਪਾ ਕੇ ਖੇਤ ਮੋਟਰ’ਤੇ ਲੈ ਗਏ।ਉੱਥੇ ਮੰਜੇ ’ਤੇ ਪਾ ਮੂੰਹ ਵਿੱਚ ਸਰਪੇਅ ਪਾ ਦਿੱਤੀ,ਕੁੱਝ ਉੱਤੇ ਡੋਲ ਸਰਪੇਅ ਦੀ ਬੋਤਲ ਕੋਲ਼ ਰੋੜਤੀ।ਦਿਨ ਚੜੇ੍ਹ ਛੋਟਾ ਮੁੰਡਾ ਖੇਤ ਮੋਟਰ ਵੱਲ ਨੂੰ ਚਲਿਆ ਗਿਆ…।ਬਾਅਦ ਵਿੱਚ ਚੀਕ ਚਿਹਾੜਾ ਚੱਕ ’ਤਾ…।ਪਲਾਂ’ਚ ਹੀ ਸਾਰਾ ਪਿੰਡ’ਕੱਠਾ ਹੋ ਗਿਆ।ਗੱਲ ਫੈਲ ਗਈ ਕਾਰ’ਚ ਪਾ ਲੋਥ ਨੂੰ ਘਰ ਲੈ ਆਏ…।ਗੱਲ ਬਣਾ ਦਿੱਤੀ ਸਿਰ ਕਰਜ਼ਾ ਬਹੁਤ ਚੜ੍ਹਿਆ ਹੋਇਆ ਸੀ…।ਕਿਸਾਨ ਯੂਨੀਅਨਾਂ ਦੇ ਬੰਦੇ ਪਹੁੰਚ ਗਏ।ਲਾਸ਼ ਨੂੰ ਚਾਕੇ ਸੜਕ’ਤੇ ਲੈ ਗਏ…।ਮੈਨੂੰ ਇੱਕ ਉੱਤਰੇ ਇੱਕ ਚੜੇ…।ਮੇਰੇ ਘਰਵਾਲੇ ਨੇ ਖੁਦਕਸ਼ੀ ਕੀਤੀ,ਉਸ ਨੂੰ ਲਕੋ ਦਿੱਤਾ…।ਆਪਣਾ ਦੌਰੇ ਨਾਲ਼ ਮਰਿਆ ਖ਼ੁਦਕਸ਼ੀ ਬਣਾ ਦਿੱਤੀ…।” ਤਾਈ ਰੋਂਦੀ-ਰੋਂਦੀ ਗਾਲ੍ਹਾਂ ਦੇਣ ਲੱਗ ਪਈ।
“ਚੰਗਾ ਤਾਈ ਅਸੀਂ ਚਲਦੇ ਹਾਂ…।” ਗੈਰੀ ਨੇ ਕੈਮਰਾ ਚੁੱਕ ਲਿਆ।ਮੈਥੋਂ ਹੋਰ ਕੁੱਝ ਬੋਲਿਆ ਨਾ ਗਿਆ।
“ਚੰਗਾ ਪੁੱਤ ਹੋ ਸਕਿਆ ਤਾਂ ਮੇਰੀ ਗੱਲ ਲੋਕਾਂ ਨੂੰ ਦੱਸਿਓ…।ਲੋਕ ਕਹਿੰਦੇ ਨੇ, ਗਰੀਬਾਂ ਦੀ ਮਦਾਦ ਕਰਨ ਲਈ ਲੋਕ ਅੱਗੇ ਆ ਜਾਂਦੇ ਨੇ…।” ਅਸੀਂ ਮੋਟਰ ਸਾਇਕਲ ਲੈ ਯੂਨੀਵਰਸਿਟੀ ਦੇ ਰਾਹ ਪੈ ਗਏ।ਰਸਤੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਹੋਈ।ਸਾਰੇ ਰਾਹ ਤਾਈ ਦੀਆਂ ਕਹੀਆਂ ਗੱਲਾਂ ਹਥੌੜੇ ਵਾਂਗ ਸਿਰ ਵਿੱਚ ਵੱਜਦੀਆਂ ਰਹੀਆਂ।
“ਯਾਰ ਲੋਕ ਇੰਨਾ ਗਿਰ ਜਾਂਦੇ ਨੇ,ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ…।ਜਿਹੜੇ ਜ਼ਿੰਦਗੀ ਆਰਥਿਕ ਤੰਗੀਆਂ ਕਰਕੇ ਹਾਰ ਜਾਂਦੇ ਨੇ,ਉਨ੍ਹਾਂ ਦੇ ਪਰਿਵਾਰ ਰੁਲਦੇ ਫਿਰਦੇ ਨੇ। …।ਦੂਜੇ ਪਾਸੇ ਕਿੰਨ੍ਹੇ ਹੀ ਧਨਾਢ…।ਲੋਕਾਂ ਦਾ ਹੱਕ ਜਿਉਂਦੇ ਜੀ ਵੀ ਮਾਰਦੇ ਹਨ ਤੇ ਮਰਨ ਸਮੇਂ ਵੀ…।ਕੀ ਇਹ ਹੀ ਲੋਕ ਸੰਘਰਸ਼ ਐ…।” ਗੈਰੀ ਨੇ ਗੁੱਸੇ ਨਾਲ਼ ਕਿਹਾ।
“ਤੇਰੀ ਗੱਲ਼ ਠੀਕ ਐ ਗੈਰੀ…।ਜਿਹੜਾ ਕਿਸਾਨ ਸੱਚਮੁੱਚ ਕਰਜ਼ੇ ਵਿੱਚ ਡੁੱਬਿਆ ਹੈ ਉਸ ਨੂੰ ਕੋਈ ਨਹੀਂ ਸਿਆਣਦਾ।ਤਕੜੇ ਆਪਣੇ ਮਸਲੇ ਹੱਲ ਕਰ ਲੈਂਦੇ ਨੇ…।ਸਰਕਾਰਾਂ ਛੋਟੇ ਕਿਸਾਨਾਂ ਦੇ ਥੌੜ੍ਹੇ-ਮੋਟੇ ਕਰਜ਼ੇ ਮੁਆਫ਼ ਕਰਦੀਆਂ ਨੇ…।ਵੱਡੇ ਗੰਦੀ ਰਾਜਨੀਤੀ ਦੀ ਪਹੁੰਚ ਨਾਲ਼ ਇਸ ਦਾ ਲਾਭ ਲੈ ਜਾਂਦੇ ਨੇ…।ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਖੇਤ ਸਲੀਬਾਂ ਬਣ ਗਏ…।ਜਿਹੜੇ ਦਰਖ਼ਤਾਂ ਦੀ ਛਾਵੇਂ ਬੈਠਦੇ ਸੀ।ਉਨ੍ਹਾਂ ’ਤੇ ਲਾਸਾਂ ਲਟਕਦੀਆਂ ਨਜ਼ਰ ਆਉਂਦੀਆਂ ਨੇ…।ਹੁਣ ਤਾਂ ਖੇਤਾਂ ਵੱਲ ਜਾਂਦੇ ਰਾਹਾਂ ਤੋਂ ਵੀ ਡਰ ਲੱਗਦਾ ਐ…।” ਅਸੀਂ ਕਿੰਨਾ ਚਿਰ ਇਸ ਨਵੇਂ ਮਸਲੇ’ਤੇ ਗੱਲਾਂ ਕਰਦੇ ਰਹੇ।ਗੈਰੀ ਆਪਣੇ ਕਮਰੇ ਵਿੱਚ ਚਲਾ ਗਿਆ।
ਦੋ ਦਿਨ ਤੋਂ ਗੈਰੀ ਮੈਨੂੰ ਮਿਿਲਆ ਨਹੀਂ।ਮੈਂ ਉਸ ਦੇ ਕਮਰੇ ਵਿੱਚ ਵੀ ਦੇਖ ਆਇਆ ਸੀ।ਜਿੰਦਾ ਲੱਗਿਆ ਹੋਇਆ ਸੀ।ਕਈ ਵਾਰ ਕੰਟੀਨ ਤੇ ਢਾਬੇ ਵਾਲੇ ਤੋਂ ਵੀ ਪੱੁਛਿਆ।ਉਹ ਦੋ ਦਿਨ ਤੋਂ ਉੱਥੇ ਵੀ ਨਹੀਂ ਗਿਆ।ਮੈਂ ਮਨ ਹੀ ਮਨ ਸੋਚ ਰਿਹਾ ਸੀ, ‘ਕਿੱਧਰ ਚਲਾ ਗਿਆ।ਦੱਸ ਕੇ ਵੀ ਨਹੀਂ ਗਿਆ…।’ ਅੱਜ ਬਾਅਦ ਦੁਪਹਿਰ ਤਿੰਨ ਕੁ ਵਜੇ ਮੇਰਾ ਦਰਵਾਜ਼ਾ ਖੜਕਿਆ।ਸਾਹਮਣੇ ਗੈਰੀ ਖੜ੍ਹਾ ਸੀ।
“ਯਾਰ ਤੂੰ! ਕਿੱਧਰ ਚਲਾ ਗਿਆ ਸੀ…।ਮੈਂ ਤੈਨੂੰ ਥਾਂ-ਥਾਂ ਭਾਲਦਾ ਰਿਹਾ…।ਸਾਲਿਆ ਦੱਸ ਕੇ ਤਾਂ ਚਲਿਆ ਜਾਂਦਾ…।” ਮੈਂ ਉਸ’ਤੇ ਗੁੱਸਾ ਕੀਤਾ।ਉਹ ਅਜੇ ਵੀ ਦਰਵਾਜੇ ’ਤੇ ਖੜ੍ਹਾ, ਪਿੱਛੇ ਮੁੜ ਦੇਖੀ ਜਾ ਰਿਹਾ ਸੀ।ਜਦੋਂ ਉਹ ਦੇਹਲ਼ੀਓ ਅੰਦਰ ਲੰਘ ਆਇਆ ਤਾਂ ਉਸ ਨਾਲ਼ ਨਿਹਾਲ ਕੁਰ ਦੀ ਵੱਡੀ ਧੀ ਸੀ…!