ਗੁਰਦਾਸਪੁਰ, 14 ਅਕਤੂਬਰ ( ਸਰਬਜੀਤ ਸਿੰਘ)– ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਹਾਲਾਤ ਗੰਭੀਰ ਤੇ ਨਾਜ਼ੁਕ ਸਥਿਤੀ ਵਿਚ ਹੈ ਅਤੇ ਇਸ ਸਬੰਧੀ ਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਡੱਲੇਵਾਲ ਦੇ ਮਰਨ ਨੂੰ ਲੈਕੇ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੇ ਹੁਕਮ ਦਿੱਤੇ ਹਨ, ਖਨੌਰੀ ਬਾਰਡਰ ਤੇ ਕਿਸਾਨਾ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਡੱਲੇਵਾਲ ਨੇ ਆਪਣਾਂ ਮਰਨ ਵਰਤ ਜਾਰੀ ਰੱਖਣ ਲਈ ਸਪੱਸ਼ਟ ਕਰ ਦਿੱਤਾ ਹੈ, ਦੂਜੇ ਪਾਸੇ ਸ਼ੰਭੂ ਬਾਰਡਰ ਤੇ ਕਿਸਾਨਾ ਦਾ 101 ਮੈਂਬਰੀ ਜਥਾ ਸ਼ਾਂਤਮਈ ਢੰਗ ਨਾਲ ਦਿੱਲੀ ਨੂੰ ਕੂਚ ਕਰਨ ਲਈ ਰਵਾਨਾ ਹੋਇਆ ਤਾਂ ਉਹਨਾਂ ਪੰਜਾਬ ਪੁਲਸ ਤੇ ਹਰਿਆਣਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਅੰਬਾਲਾ ਦੇ ਡੀਸੀ ਤੇ ਕਿਸਾਨ ਸੰਘਰਸ਼ੀਆਂ’ ਚ ਮੀਟਿੰਗ ਹੋਈ ਤੇ ਕੋਈ ਸਿੱਟਾ ਨਾ ਨਿਕਲਨ ਦੀ ਸੂਰਤ ਵਿੱਚ ਹਰਿਆਣਾ ਪੁਲਿਸ ਨੇ ਪਹਿਲਾਂ ਦੀ ਤਰਾਂ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਲ ਦੀਆਂ ਬੁਛਾੜਾਂ ਕੀਤੀਆਂ ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਤਾਕਤ ਵਰਤੀ,ਅਜਿਹੀ ਸਥਿਤੀ ਵਿੱਚ ਜਦੋਂ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਤੋਂ ਟਾਲਮਟੋਲ ਕਰ ਰਹੀ ਹੈ ਅਤੇ ਡੱਲੇਵਾਲ ਦਾ ਮਰਨ ਵਰਤ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਪਿਆ ਹੈ ਕਿਉਂਕਿ ਅਗਰ ਡੱਲੇਵਾਲ ਨਾਲ ਭਾਣਾਂ ਵਰਤਦਾ ਹੈ ਤਾਂ ਸਥਿਤੀ ਬਹੁਤ ਵਿਗੜ ਸਕਦੀ ਹੈ ਜਿਸ ਤੋਂ ਬਚਣ ਲਈ ਹਰਿਆਣਾ ਤੇ ਪੰਜਾਬ ਪੁਲਿਸ ਕਦੇ ਵੀ ਡੱਲੇਵਾਲ ਨੂੰ ਰਾਤ ਦੇ ਸਮੇਂ ਸੁਰੱਖਿਆ ਬਲਾਂ ਰਾਹੀਂ ਚੁੱਕ ਸਕਦੀ ਹੈ ਅਤੇ ਇਸੇ ਹੀ ਕਰਕੇ ਸਰਕਾਰ ਆਸਪਾਸ ਦੇ ਕਈ ਪਿੰਡਾਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਦਿਤੀਆਂ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸਾਹੀ ਅਤੇ ਆਸਪਾਸ ਦੇ ਪਿੰਡਾਂ ਦੀਆਂ ਇੰਟਰਨੈਟ ਸੇਵਾਵਾਂ ਬੰਦ ਕਰਨ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਨੂੰ ਪੈਦਲ ਮਾਰਚ ਕਰਨ ਦੀ ਖੁੱਲ ਦਿੱਤੀ ਜਾਵੇ ਦੇ ਨਾਲ ਨਾਲ ਉਨ੍ਹਾਂ ਦੀ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਦਿੱਲੀ ਜਾਣ ਤੋਂ ਰੋਕਣ ਪਾਣੀ ਦੀਆਂ ਬੁਛਾੜਾਂ ਤੇ ਸੁਰੱਖਿਆ ਬਲਾ ਰਾਹੀਂ ਰੋਕਣ ਅਤੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਆਸਪਾਸ ਦੇ ਕਈ ਪਿੰਡਾਂ ਦੀਆਂ ਇੰਟਰਨੈਟ ਸੇਵਾਵਾਂ ਬੰਦ ਕਰਨ ਦੀ ਨਿੰਦਾ ਤੇ ਰਾਤ ਸਮੇਂ ਡੱਲੇਵਾਲ ਨੂੰ ਚੁੱਕ ਲੈਣ ਦਾ ਖਦਸ਼ਾ ਜ਼ਾਹਰ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਕਾਰ ਡੱਲੇਵਾਲ ਦੇ ਮਰਨ ਵਰਤ ਤੇ ਉਹਨਾਂ ਦੀ ਵਿਗੜ ਰਹੀ ਹਾਲਤ ਤੋਂ ਗਹਿਰੀ ਚਿੰਤਤ ਹੈ ਅਤੇ ਉਹ ਕਿਸੇ ਵਕਤ ਵੀ ਰਾਤ ਸਮੇਂ ਸੁਰੱਖਿਆ ਬਲਾਂ ਰਾਹੀਂ ਚੁੱਕ ਸਕਦੀ ਹੈ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਅਗਰ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਬਹੁਤ ਗੰਭੀਰ ਸੰਕਟ ਪੈਦਾ ਹੋ ਜਾਵੇਗਾ ਇਸ ਕਰਕੇ ਸਰਕਾਰ ਉਸ ਤੋਂ ਪਹਿਲਾਂ ਪਹਿਲਾਂ ਕੁਝ ਸਖ਼ਤ ਐਕਸ਼ਨ ਲੈ ਸਕਦੀ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਸਰਕਾਰ ਕਿਸਾਨਾਂ ਨੂੰ ਦਿੱਲੀ ਜਾ ਕੇ ਆਪਣੀਆਂ ਮੰਗਾਂ ਸਬੰਧੀ ਸ਼ਾਂਤਮਈ ਸੰਘਰਸ਼ ਕਰਨ ਦੀ ਆਗਿਆ ਦੇਵੇ ਜੋਂ ਸੰਵਿਧਾਨ ਹੱਕ ਹੈ ਅਤੇ ਕਿਸਾਨਾਂ ਤੇ ਸਖ਼ਤੀ ਕਰਨ ਦੀ ਬਜਾਏ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਆਦਿ ਆਗੂ ਹਾਜਰ ਸਨ।