ਗੁਰਦਾਸਪੁਰ, 11 ਜੂਨ (ਸਰਬਜੀਤ ਸਿੰਘ)– ਇੱਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜਮਹੂਰੀ ਕਿਸਾਨ ਸਭਾ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ, ਰਾਜੇਵਾਲ ਦੇ ਆਗੂਆਂ ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਮੁਸਤਫ਼ਾ ਬਾਦ, ਲਖਬੀਰ ਸਿੰਘ ਹਰਪੁਰਾ,ਮੱਖਣ ਸਿੰਘ ਕੁਹਾੜ ਅਤੇ ਮਜ਼ਦੂਰ ਆਗੂ ਗੁਰਮੀਤ ਸਿੰਘ ਬੱਖਤਪੁਰਾ ਦੀ ਅਗਵਾਈ ਵਿੱਚ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲ ਕੇ ਦੋ ਵੱਖ ਵੱਖ ਮੰਗ ਪੱਤਰ ਦਿੱਤੇ ।ਪਹਿਲੇ ਵਿੱਚ ਮੰਗ ਕੀਤੀ ਗਈ ਕਿ ਐਸ ਡੀ ਐਮ ਡੇਰਾ ਬਾਬਾ ਨਾਨਕ ਨੂੰ ਹਦਾਇਤ ਕੀਤੀ ਜਾਵੇ ਪਿੰਡ ਖੰਨਾ ਚਮਾਰਾਂ ਅਤੇ ਰਾਮਦੀਵਾਲੀ ਦੇ ਐਸ ਜੀ ਪੀ ਸੀ ਦੇ ਮੁਜਾਰਿਆਂ ਦਾ ਠੇਕਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਜਾਣ, ਆਗੂਆਂ ਦੋਸ਼ ਲਾਏ ਕਿ ਬੀਤੇ ਪੰਜ ਸਾਲਾਂ ਤੋਂ ਠੇਕਾ ਜਮਾਂ ਕਰਵਾਉਣ ਲਈ ਅਰਜ਼ੀਆਂ ਦੇ ਰੱਖੀਆ ਹਨ, ਦਰਜਨ ਤੋਂ ਵਧੇਰੇ ਐਸ ਡੀ ਐਮ ਬਦਲ ਕੇ ਜਾਂ ਚੁੱਕੇ ਹਨ ਪਰ ਕਿਸੇ ਵੀ ਐਸ ਡੀ ਐਮ ਨੇ ਸਿਆਸੀ ਦਬਾਅ ਹੇਠ ਠੇਕੇ ਜਮਾਂ ਕਰਵਾਉਣ ਉਪਰ ਸਿਆਹੀ ਨਹੀਂ ਮਾਰੀ, ਮੌਜੂਦਾ ਐਸ ਡੀ ਐਮ ਵੀ ਇਸ ਮਸਲੇ ਨੂੰ ਬੇਲੋੜਾ ਕਨੂੰਨੀ ਉਲਝਣਾਂ ਵਿਚ ਉਲਝਾ ਰਿਹਾ ਜਦੋ ਕਿ ਕਨੂੰਨ ਕਹਿੰਦਾ ਹੈ ਕਿ ਜੇਕਰ ਮਾਲਕ ਠੇਕਾ ਲੈਣ ਤੋਂ ਇਨਕਾਰੀ ਹੈ ਤਾਂ ਮੁਜਾਰੇ ਸਰਕਾਰੀ ਖਜ਼ਾਨੇ ਵਿੱਚ ਠੇਕਾ ਜਮਾਂ ਕਰਵਾਉਣ ਦਾ ਹੱਕ ਰੱਖਦੇ ਹਨ। ਆਗੂਆਂ ਕਿਹਾ ਕਿ ਠੇਕੇ ਦੀ ਰਕਮ ਸਬੰਧੀ ਅਦਾਲਤੀ ਸਮਝੌਤਾ ਹੋ ਚੁਕਿਆ ਹੈ ਅਤੇ ਐਸ ਜੀ ਪੀ ਸੀ ਦਾ ਬਕਾਇਦਾ ਮਤਾ ਲਿਖਿਆ ਹੋਇਆ ਹੈ ਪਰ ਇਸਦੇ ਡੇਰਾ ਬਾਬਾ ਨਾਨਕ ਦਾ ਐਸ ਡੀ ਐਮ ਦਫਤਰ ਪ੍ਰੇਸ਼ਾਨ ਕਰ ਰਿਹਾ ਹੈ, ਜਦੋਂ ਕਿ ਠੇਕੇ ਨੂੰ ਵਧਾਉਣ ਘਟਾਉਣ ਦੇ ਮਸਲੇ ਦਾ ਐਸ ਡੀ ਐਮ ਦਾ ਅਧਿਕਾਰ ਖੇਤਰ ਹੀ ਨਹੀਂ ਬਣਦਾ। ਦੂਸਰਾ ਮੰਗ ਪੱਤਰ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਪਿੰਡ ਮਾੜੇ, ਬੱਖਤਪੁਰ,ਸਹਾਏਪੁਰ ਅਤੇ ਅਲਾਵਲਪੁਰ ਜ਼ਮੀਨ ਦੇ ਮੁਆਵਜ਼ੇ ਨਾਲ ਸਬੰਧਤ ਸੀ , ਕਿਸਾਨਾਂ ਦਾ ਇਤਰਾਜ਼ ਸੀ ਕਿ ਬਾਕੀ ਪਿੰਡਾਂ ਦੀ ਜ਼ਮੀਨ ਦਾ ਰੇਟ 60 ਲੱਖ ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ ਜਦੋਂ ਕਿ ਇਨ੍ਹਾਂ ਪਿੰਡਾਂ ਨੂੰ 48 ਲੱਖ ਏਕੜ ਨਾਲ਼ ਮੁਲ ਦੇ ਕੇ ਵਿਤਕਰਾ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੋਨੋਂ ਮਸਲੇ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ।ਇਸ ਸਮੇਂ ਕਪੂਰ ਸਿੰਘ ਘੁੰਮਣ, ਬਲਬੀਰ ਸਿੰਘ ਉਚਾਧਕਾਲਾ, ਮਲਕੀਅਤ ਸਿੰਘ ਬੁਢੇਕੋਟ, ਗੁਰਮੀਤ ਸਿੰਘ ਥਾਣੇਵਾਲ ਅਤੇ ਪਲਵਿੰਦਰ ਸਿੰਘ ਬਿਲਾ ਹਾਜਰ ਸਨ।