ਚੰਡੀਗੜ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਐਨ.ਐਚ.ਐਮ ਅਧੀਨ ਸੁਬਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਥਾਪਿਤ ਹੈਲਥ ਵੈਲਨੈਸ ਸੈਂਟਰਾਂ ਵਿੱਖੇ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਚੰਡੀਗੜ੍ਹ ਸੈਕਟਰ 34 ਏ, ਪਰਿਵਾਰ ਭਲਾਈ ਕੇਂਦਰ ਦਫਤਰ ,ਵਿਖੇ, ਆਪਣੀਆਂ ਮੰਗਾ ਅਤੇ ਕੰਮ ਕਰਦਿਆਂ ਆ ਰਹੀਆਂ ਮੁਸ਼ਕਿਲਾਂ ਦੇ ਹਲ਼ ਕਰਵਾਓਣ ਲਈ ਧਰਨਾ ਲਗਾਇਆ। ਜਿਸਦਾ ਸਮਾਂ 26 ਦਿਸੰਬਰ, 2023 ਨੂੰ ਦਿੱਤਾ ਗਿਆ ਸੀ। ਇਸ ਧਰਨੇ ਤੋ ਠੀਕ 2-3 ਦਿਨ ਪਹਲਾਂ ਵਿਭਾਗ ਵੱਲੋਂ ਮਿਤੀ 8 ਜਨਵਰੀ ਨੂੰ ਸੂਬੇ ਦੇ ਚੀਫ ਹੈਲਥ ਆਫਿਸਰ ਦੇ ਆਗੂਆਂ ਨੂੰ ਮੀਟਿੰਗ ਦਿੱਤੀ ਗਈ। ਜਿਸਦਾ ਕੋਈ ਸਿੱਟਾ ਨਹੀਂ ਨਿਕਲਿਆ। ਅੱਜ ਸੂਬੇ ਦੇ ਲਗਪਗ 2000 ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਜਿਸਦੇ ਸਿੱਟੇ ਵੱਜੋਂ ਡਾਇਰੇਕਟਰ ਡਾ. ਹਤਿੰਦਰ ਕਲੇਰ ਨਾਲ ਸੂਬੇ ਦੇ ਆਗੂਆਂ ਦੀ ਮੀਟਿੰਗ ਹੋਈ, ਉਨ੍ਹਾਂ 2-3 ਦਿਨਾਂ ਵਿੱਚ ਯੂਨੀਅਨ ਦੀ ਮੀਟਿੰਗ ਮਿਸ਼ਨ ਡਾਇਰੇਕਟਰ ਡਾ. ਅਭਿਨਵ ਤ੍ਰਿਖਾ (ਆਈ.ਏ.ਐਸ ਅਫ਼ਸਰ) ਨਾਲ ਕਰਵਾਉਣ ਅਤੇ ਮੰਗਾ ਉੱਤੇ ਵਿਚਾਰ ਵਟਾਂਦਰਾ ਕਰਕੇ ਹਲ਼ ਕਰਵਾਉਣ ਦਾ ਆਸ਼ਵਾਸਨ ਦਿੱਤਾ।
ਲੇਕਿਨ ਓਦੋਂ ਤਕ ਸੀਐਚਓਐਸ ਵਲੋਂ ਹਰ ਕਿਸਮ ਦਾ ਆਨਲਾਈਨ ਕੰਮ ਬੰਦ ਰਹੇਗਾ।ਜੇਕਰ ਓਸ ਮੀਟਿੰਗ ਵਿੱਚ ਵੀ ਕੋਈ ਵਾਜਿਬ ਹਲ਼ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਆਗੂਆਂ ਵਲੋਂ ਇਹ ਵੀ ਦਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਓਹ ਸੂਬੇ ਦੇ ਪੇਂਡੂੰ ਖੇਤਰਾਂ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕਰੋਨਾ ਕਾਲ, ਹੜ੍ਹ ਦੀ ਸਥਿਤੀ ਅਤੇ ਹੋਰ ਵੀ ਕਿੰਨੀ ਤਰ੍ਹਾਂ ਦੀਆਂ ਆਪਤਾਵਾਂ ਵਿੱਚ ਉਨ੍ਹਾਂ ਵੱਡੀ ਭੁਮਿਕਾ ਨਿਭਾਈ ਹੈ। ਫੀਲਡ ਵਿੱਚ ਕੰਮ ਕਰਦਿਆਂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ, ਜਿਸ ਬਾਰੇ ਵਿਭਾਗ ਨੂੰ ਬਹੁਤ ਬਾਰ ਜਾਣੂ ਕਰਵਾਇਆ ਗਿਆ, ਜਿਹਨਾਂ ਦੇ ਹਲ਼ ਵੀ ਵਿਭਾਗ ਦੇ ਹੱਥ ਵਿਚ ਹਨ, ਲੇਕਿਨ ਵਿਭਾਗ ਦੇ ਕੰਨਾ ਤੇ ਜੂੰ ਤਕ ਨਹੀਂ ਸਰਕੀ। ਵਿਭਾਗ ਬੰਧੂਆ ਮਜਦੂਰ ਬਣਾ ਕੇ ਮੁਲਾਜ਼ਮਾਂ ਤੋਹ ਕੰਮ ਵੀ ਲੈਣਾ ਚਾਹ ਰਿਹਾ ਅਤੇ ਬਣਦੇ ਹੱਕ ਅਤੇ ਮਿਹਨਤਾਨੇ ਵੀ ਨਾ ਦੇਣ ਦੀ ਫ਼ਿਰਾਕ ਵਿੱਚ ਹੈ। ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਜਾ ਮੁਸ਼ਕਿਲਾਂ ਦੇ ਵਾਜਿਬ ਹਲ਼ ਨਹੀਂ ਕੀਤੇ ਜਾਂਦੇ ਤਾਂ ਸੀ.ਐਚ.ਓ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹਨ ਜਿਸਦੀ ਨਿਰੋਲ ਜਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ।