ਕੁਦਰਤੀ ਸਰੋਤਾਂ ਦੀ ਸੰਭਾਲ ਸਬੰਧੀ ਚੇਤਨਤਾ ਮੇਲਾ 3 ਤੇ 4 ਫਰਵਰੀ ਨੂੰ

ਗੁਰਦਾਸਪੁਰ

ਦਿੱਤੇ ਜਾਣਗੇ 5 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਦੇ ਇਨਾਮ

ਜ਼ਿਲ੍ਹਾ ਵਾਸੀਆਂ ਨੂੰ ਸ਼ਾਮਿਲ ਹੋਣ ਤੇ ਐਵਾਰਡ ਲਈ ਅਪਲਾਈ ਕਰਨ ਦੀ ਅਪੀਲ

ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ) – ਤੀਜਾ ਵਾਤਾਵਰਨ ਸੰਭਾਲ ਮੇਲਾ-2024 ਨਹਿਰੂ ਰੋਜ ਗਾਰਡਨ ਲੁਧਿਆਣਾ ਵਿਖੇ ਬਾਬਾ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ 3 ਤੇ 4 ਫਰਵਰੀ, 2024 ਨੂੰ ਮਿਉਂਸਿਪਲ ਕਾਰਪੋਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਵਾਤਾਵਰਨ ਸੰਭਾਲ ਸਬੰਧੀ 100 ਤੋਂ ਵਧੇਰੇ ਸਟਾਲਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਦੇਸੀ ਪੰਜਾਬੀ ਵਾਲੇ ਵੱਧ ਤੋਂ ਵੱਧ ਦਰੱਖਤਾਂ ਸਬੰਧੀ, ਪਾਣੀ ਦੀ ਸੰਭਾਲ ਸਬੰਧੀ, ਮਿੱਟੀ ਦੀ ਸੰਭਾਲ ਸਬੰਧੀ, ਜੈਵਿਕ ਰਸੋਈ ਬਾਗ਼ਬਾਨੀ ਸਬੰਧੀ, ਪਾਣੀ ਪ੍ਰਬੰਧਨ ਤੇ ਕੰਪੋਸਟਿੰਗ ਸਬੰਧੀ, ਹਵਾ ਪ੍ਰਦੂਸ਼ਣ ਵਿੱਚ ਕਮੀ, ਆਵਾਜ਼ ਪ੍ਰਦੂਸ਼ਣ, ਊਰਜਾ ਦੀ ਬੱਚਤ, ਸੋਲਰ ਐਨਰਜੀ, ਬਾਜਰੇ ਤੇ ਵਿਸ਼ੇਸ਼ ਜ਼ੋਰ ਨਾਲ ਸਿਹਤਮੰਦ ਭੋਜਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।  

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਇਰਵਨ ਕੌਰ ਨੇ ਦੱਸਿਆ ਕਿ ‘ਸੋਚ’ (ਵਾਤਾਵਰਨ ਦੇ ਇਲਾਜ ਤੇ ਸੰਭਾਲ ਵਾਲੀ ਸੋਸਾਇਟੀ)  ਇੱਕ ਨਨ-ਪ੍ਰੋਫਿਟ ਸੰਸਥਾ ਹੈ ਜਿਹੜੀ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਲੋਕਾਂ ਨੂੰ ਫਿਰ ਤੋਂ ਕੁਦਰਤ ਨਾਲ ਜੋੜਨ ਲਈ ਕੰਮ ਕਰ ਰਹੀ ਹੈ। ਇਹ ਸੰਸਥਾ ਪਿਛਲੇ ਦੋ ਸਾਲਾਂ ਤੋਂ ਵਾਤਾਵਰਨ ਸੰਭਾਲ ਮੇਲੇ ਆਯੋਜਿਤ ਕਰਵਾ ਰਹੀ ਹੈ ਜਿਸ ਰਾਹੀਂ ਲੋਕਾਂ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਚੇਤਨਤਾ ਪੈਦਾ ਕੀਤੀ ਜਾ ਰਹੀ ਹੈ।

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਤਾਵਰਨ ਸੰਭਾਲ ਮੇਲੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਗਰਾਮ ਪੰਚਾਇਤਾਂ, ਐਨ.ਜੀ.ਓ, ਵਿਅਕਤੀਗਤ ਲੋਕਾਂ, ਵਿਦਿਆਰਥੀਆਂ ਆਦਿ ਨੂੰ 10 ਐਵਾਰਡਾਂ ਨਾਲ ਸਨਮਾਨਿਆ ਜਾਵੇਗਾ। ਐਵਾਰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਕ ਲੱਖ ਦੀ ਇਨਾਮੀ ਰਾਸ਼ੀ ਵਾਲਾ ਪਹਿਲਾ ਐਵਾਰਡ ‘ਪੁਰਾਤਨ ਝਿੜੀ ਐਵਾਰਡ’ ਪੰਜਾਬ ਦੀ ਉਸ ਪੰਚਾਇਤ ਜਾਂ ਸੰਸਥਾ ਨੂੰ ਦਿੱਤਾ ਜਾਵੇਗਾ ਜਿਸ ਨੇ ਆਪਣੇ ਪਿੰਡ ਵਿੱਚ ਘੱਟੋ ਘੱਟ 100 ਸਾਲ ਤੋਂ ਪੁਰਾਤਨ ਝਿੜੀ ਨੂੰ ਕੁਦਰਤੀ ਰੂਪ ਵਿੱਚ ਸੰਭਾਲਿਆ ਹੋਵੇ। ਉਨ੍ਹਾਂ ਦੱਸਿਆ ਕਿ 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਦੂਸਰਾ ‘ਜਿੱਥੇ ਸਫ਼ਾਈ ਉੱਥੇ ਖ਼ੁਦਾਈ’ ਐਵਾਰਡ ਪੰਜਾਬ ਦੀ ਉਸ ਗਰਾਮ ਪੰਚਾਇਤ/ਸੰਸਥਾ ਨੂੰ ਦਿੱਤਾ ਜਾਵੇਗਾ ਜਿਸ ਨੇ ਆਪਣੇ ਪਿੰਡ ਨੂੰ ਕੁਦਰਤ ਦੇ ਨੇੜੇ ਰੱਖਦਿਆਂ ਗਲੀਆਂ-ਨਾਲੀਆਂ, ਛੱਪੜਾਂ, ਜਨਤਕ ਥਾਵਾਂ ਆਦਿ ਨੂੰ ਸਾਫ਼ ਸੁਥਰਾ ਰੱਖਿਆ ਹੋਵੇ। 50 ਹਜ਼ਾਰ ਦੀ ਇਨਾਮੀ ਰਾਸ਼ੀ ਵਾਲਾ ਤੀਸਰਾ ਐਵਾਰਡ ਪੰਜਾਬ ਵਿੱਚ ਅਮਲੀ ਰੂਪ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਦੇਖਭਾਲ, ਬਚਾਅ ਆਦਿ ਵਿੱਚ ਅਹਿਮ ਯੋਗਦਾਨ ਪਾ ਰਹੇ ਮਿਹਨਤੀ ਵਿਅਕਤੀ/ਵਿਅਕਤੀਆਂ ਨੂੰ ਦਿੱਤਾ ਜਾਵੇਗਾ। ਚੌਥਾ ਐਵਾਰਡ 50 ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ‘ਜੈਵਿਕ ਖੇਤੀ ਐਵਾਰਡ’ ਹੋਵੇਗਾ, ਇਹ ਐਵਾਰਡ ਪੰਜਾਬ ਦੇ ਕੁਦਰਤੀ ਪੱਖੀ ਸੋਚ ਰੱਖਣ ਵਾਲੇ ਉਸ ਕਿਸਾਨ ਨੂੰ ਦਿੱਤਾ ਜਾਵੇਗਾ, ਜੋ ਧਰਤ ਨੂੰ ਮਾਂ ਰੂਪ ਸਮਝਦਿਆਂ ਹੋਇਆਂ, ਨਾ ਤਾਂ ਜ਼ਮੀਨ ਵਿੱਚ ਨਾੜ ਨੂੰ ਅੱਗ ਲਾ ਰਿਹਾ ਹੋਵੇਗਾ ਤੇ ਨਾ ਹੀ ਰਸਾਇਣਿਕ ਖੇਤੀ ਢੰਗਾਂ ਨੂੰ ਵਰਤ ਰਿਹਾ ਹੋਵੇਗਾ। ਕਣਕ ਝੋਨੇ ਦੇ ਫ਼ਸਲੀ ਚੱਕਰ ਦੀ ਬਿਜਾਏ ਬਹੁਭਾਂਤੀ ਭਾਵ ਅਲੱਗ ਅਲੱਗ ਫ਼ਸਲਾਂ ਦੀ ਖੇਤੀ ਕਰਦਾ ਹੋਵੇਗਾ। ਜੈਵਿਕ ਵਸੀਲਿਆਂ ਨਾਲ ਜੈਵਿਕ ਕਾਰਬਨ ਭਰਪੂਰ ਜ਼ਮੀਨ ਵਾਲਾ ਕਿਸਾਨ ਇਸ ਐਵਾਰਡ ਦਾ ਹੱਕਦਾਰ ਹੋਵੇਗਾ। 25 ਹਜ਼ਾਰ ਰੁਪਏ ਇਨਾਮੀ ਰਾਸ਼ੀ ਵਾਲਾ ਪੰਜਵਾਂ ਐਵਾਰਡ ‘ਛੱਤ ਤੇ ਬਗੀਚੀ ਐਵਾਰਡ’ ਪੰਜਾਬ ਦੇ ਉਸ ਕੁਦਰਤ ਪ੍ਰੇਮੀ ਨੂੰ ਦਿੱਤਾ ਜਾਵੇਗਾ, ਜੋ ਜੈਵਿਕ ਵਸੀਲਿਆਂ ਨਾਲ ਛੱਤ ਤੇ ਘਰੇਲੂ ਬਗੀਚੀ ਬਣਾ ਕੇ ਸਬਜ਼ੀਆਂ, ਫਲਾਂ ਤੇ ਫੁੱਲਾਂ ਆਦਿ ਦੀ ਪ੍ਰਾਪਤ ਕਰ ਰਿਹਾ ਹੋਵੇ। 25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਛੇਵਾਂ ‘ਗਰੀਨ ਕੈਂਪਸ ਐਵਾਰਡ’ ਪੰਜਾਬ ਦੇ ਕਿਸੇ ਵੀ ਕੁਦਰਤੀ ਪੱਖੀ ਸੋਚ ਰੱਖਣ ਵਾਲੇ ਉਸ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਹਰਿਆਵਲ ਅਤੇ ਵਾਤਾਵਰਨ ਸੰਭਾਲ ਨੂੰ ਤਰਜੀਹ ਦਿੰਦੇ ਹੋਏ ਕੈਂਪਸ ਨੂੰ ਸਾਫ਼ ਸੁਥਰਾ ਤੇ ਕੁਦਰਤ ਪੱਖੀ ਬਣਾਇਆ ਗਿਆ ਹੋਵੇਗਾ।

Leave a Reply

Your email address will not be published. Required fields are marked *