ਪੰਜਾਬ ਉਰਦੂ ਅਕੈਡਮੀ, ਮਲੇਰਕੋਟਲਾ ਨੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਉਰਦੂ ਸਿੱਖਿਆ ਸੈਂਟਰ ਸ਼ੁਰੂ ਕੀਤਾ

ਗੁਰਦਾਸਪੁਰ

6 ਮਹੀਨੇ ਦਾ ਉਰਦੂ ਕੋਰਸ ਮੁਫ਼ਤ ਕਰਵਾਇਆ ਜਾਵੇਗਾ

ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਅਧੀਨ ਚੱਲ ਰਹੀ ਪੰਜਾਬ ਉਰਦੂ ਅਕੈਡਮੀ, ਮਲੇਰਕੋਟਲਾ ਵੱਲੋਂ ਉਰਦੂ ਦੀ ਮੁੱਢਲੀ ਸਿੱਖਿਆ ਦੇਣ ਲਈ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਉਰਦੂ ਸਿੱਖਿਆ ਸੈਂਟਰ ਸਥਾਪਤ ਕੀਤਾ ਗਿਆ ਹੈ। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਥਾਪਤ ਇਸ ਸਿੱਖਿਆ ਸੈਂਟਰ ਵਿੱਚ 1 ਸਤੰਬਰ ਤੋਂ ਉਰਦੂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ ਅਤੇ ਇਨ੍ਹਾਂ ਕਲਾਸਾਂ ਦਾ ਸਮਾਂ ਸ਼ਾਮ 3:00 ਤੋਂ ਸ਼ਾਮ 4:00 ਵਜੇ ਤੱਕ ਦਾ ਹੈ।  

ਉਰਦੂ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਉਰਦੂ ਅਕੈਡਮੀ ਦੇ ਸਕੱਤਰ ਡਾ. ਰਣਜੋਧ ਸਿੰਘ ਨੇ ਦੱਸਿਆ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਥਾਪਤ ਕੀਤੇ ਸਿੱਖਿਆ ਸੈਂਟਰ ਵਿੱਚ ਉਰਦੂ ਸਿੱਖਣ ਦੇ ਚਾਹਵਾਨ ਸਰਕਾਰੀ, ਅਰਧ-ਸਰਕਾਰੀ ਜਾਂ ਗੈਰ-ਸਰਕਾਰੀ ਮੁਲਾਜ਼ਿਮ ਅਤੇ ਕੋਈ ਵੀ ਆਮ ਨਾਗਰਿਕ ਆਪਣਾ ਦਾਖ਼ਲਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਕੋਈ ਉਮਰ ਸੀਮਾ ਨਹੀਂ ਹੋਵੇਗੀ ਅਤੇ ਛੇ ਮਹੀਨੇ ਦਾ ਇਹ ਉਰਦੂ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ  ਫਰਵਰੀ-ਮਾਰਚ ਵਿੱਚ ਪ੍ਰੀਖਿਆ ਲਈ ਜਾਵੇਗੀ ਅਤੇ ਪਾਸ ਵਿਦਿਆਰਥੀਆਂ ਨੂੰ ਅਕੈਡਮੀ ਵੱਲੋਂ ਉਰਦੂ ਕੋਰਸ ਦਾ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਰਦੂ ਕੋਰਸ ਕਰਨ ਦੇ ਚਾਹਵਾਨ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਉਰਦੂ ਸਿੱਖਿਆ ਸੈਂਟਰ ਦੇ ਇੰਚਾਰਜ ਮੁਹੰਮਦ ਅਤਹਰ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 70875-77274 ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਰਦੂ ਕੇਂਦਰਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅਕੈਡਮੀ ਦੇ ਮੁੱਖ ਦਫ਼ਤਰ ਵਿਖੇ ਇੰਚਾਰਜ ਸ਼੍ਰੀ ਮੁਹੰਮਦ ਸਾਦਿਕ (ਮੋਬਾਇਲ: 98723-98397, ਦਫ਼ਤਰ: 01675-252625) ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *