ਖੇਤੀਬਾੜੀ ਯੁੱਗ ਅਗਾਂਹਵਧੂ ਜਾਂ ਪਿਛਾਂਹਖਿੱਚੂ
ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)—ਲੱਖਾਂ ਸਾਲਾਂ ਤੋਂ ਸਾਡੇ ਪੂਰਵਜ ਸ਼ਿਕਾਰੀ ਅਤੇ ਕੰਧ-ਮੂਲ ਇਕੱਠਾ ਕਰਕੇ ਖਾਣ ਵਾਲ਼ੇ ਮਨੁੱਖ ਸਨ। ਲੱਖਾਂ ਸਾਲ ਦੇ ਗਿਆਨ ਅਤੇ ਤਜੁਰਬੇ ਤੋਂ ਮਨੁੱਖੀ ਪ੍ਰਜਾਤੀ ਹੋਮੋ ਸੇਪੀਅਨਜ ਨੂੰ ਕੁਦਰਤ ਦੇ ਭੇਦ ਸਮਝਣ ਵਿੱਚ ਮਦਦ ਮਿਲ਼ਦੀ ਹੈ ਜਿਸਦੇ ਸਦਕਾ ਮਨੁੱਖੀ ਪ੍ਰਜਾਤੀ ਅੱਜ ਤੋਂ 12,000 ਸਾਲ ਪਹਿਲਾਂ ਦੇ ਆਸਪਾਸ ਪਹਿਲੀ ਵਾਰ ਖੇਤੀ ਕਰਨਾ ਸਿੱਖਦੀ ਹੈ। 9500-8500 ਈਸਾ ਪੂਰਵ ਸਾਲ ਪਹਿਲਾਂ ਨੂੰ ਮਨੁੱਖ ਦੇ ਸ਼ਿਕਾਰ ਅਤੇ ਭੋਜਨ ਦੀ ਭਾਲ਼ ਤੋਂ ਖੇਤੀਬਾੜੀ ਵੱਲ ਸੰਗਰਾਂਦੀ ਦੌਰ ਵਜੋਂ ਜਾਣਿਆ ਜਾਂਦਾ ਹੈ। ਕਣਕ ਨੂੰ ਪਹਿਲੀ ਵਾਰ ਲੱਗਭੱਗ 9000 ਸਾਲ ਪਹਿਲਾਂ ਬੀਜਿਆ ਗਿਆ ਅਤੇ ਬੱਕਰੀਆਂ ਨੂੰ ਪਾਲਤੂ ਬਣਾਇਆ ਗਿਆ। ਖੇਤੀਬਾੜੀ ਅਤੇ ਪਾਲਤੂਕਰਨ ਦਾ ਵਰਤਾਰਾ 9000 ਸਾਲ ਪਹਿਲਾਂ ਸ਼ੁਰੂ ਹੋਇਆ ਅਤੇ ਇਹ 3500 ਈਸਾ ਪੂਰਵ ਸਾਲ ਪਹਿਲਾਂ ਨੇਪਰੇ ਚੜ੍ਹ ਜਾਂਦਾ ਹੈ।
ਇਸ ਦੌਰ ਨੂੰ ਖੇਤੀਬਾੜੀ ਇਨਕਲਾਬ ਵਜੋਂ ਜਾਣਿਆ ਜਾਂਦਾ ਹੈ ਜਿਸਨੇ ਮਨੁੱਖ ਨੂੰ ਕੁਦਰਤ ਦੇ ਭੇਦਾਂ ਨੂੰ ਜਾਨਣ-ਸਮਝਣ ਦੇ ਨਾਲ਼-ਨਾਲ਼ ਵਰਤਣਾ ਸਿੱਖਣ ਵਿੱਚ ਮਦਦ ਕੀਤੀ। ਮਨੁੱਖ ਪਹਿਲੀ ਵਾਰ ਆਪਣੇ ਕੁਦਰਤ ਬਾਰੇ ਗਿਆਨ ਨੂੰ ਇੱਕ ਨਵੇਂ ਦਰਜੇ ਉੱਤੇ ਨੂੰ ਲਾਗੂ ਕਰਨਾ ਸਿੱਖ ਰਿਹਾ ਸੀ। ਇਸ ਖੇਤੀਬਾੜੀ ਅਤੇ ਪਸ਼ੂ ਪਾਲਣ ਨੇ ਮਨੁੱਖੀ ਸਮਾਜ ਦੇ ਵਿਕਾਸ ਨੂੰ ਇੱਕ ਨਵੀਂ ਰਫਤਾਰ ਦਿੱਤੀ ਜਿਸਦੀ ਚਰਚਾ ਅਸੀਂ ਲੇਖ ਦੇ ਇਸ ਹਿੱਸੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ।
ਪਰ ਯੁਵਲ ਨੋਆ ਹਰਾਰੀ ਆਪਣੀ ਕਿਤਾਬ ‘ਸੇਪੀਅਨਜ਼’ ਦੇ ਦੂਜੇ ਪਾਠ ਵਿੱਚ ਇਹ ਲਿਖਦਾ ਹੈ ਕਿ ਮਨੁੱਖ ਜਦੋਂ ਖੇਤੀਬਾੜੀ ਦੀ ਸ਼ੁਰੂਆਤ ਕਰਦਾ ਹੈ ਤਾਂ ਇਹ ਇੱਕ ਪਿਛਾਂਹਖਿਚੂ ਕਦਮ ਸੀ ਜਿਸਨੇ ਮਨੁੱਖ ਨੂੰ ਘਟੀਆ ਖੁਰਾਕ ਦਿੱਤੀ, ਹੱਡ ਭੰਨਵੀਂ ਮਿਹਨਤ , ਬਿਮਾਰੀਆਂ ਅਤੇ ਹੋਰ ਅਲਾਮਤਾਂ ਦਿੱਤੀਆਂ ਜਦੋਂ ਕਿ ਸ਼ਿਕਾਰੀ ਮਨੁੱਖ ਜਿਆਦਾ ਖੁਸ਼ ਸਨ ਉਹ ਭਾਂਤ-ਭਾਂਤ ਦੇ ਮਾਸ ਅਤੇ ਹੋਰ ਖੁਰਾਕ ਖਾਂਦੇ ਸਨ ਅਤੇ ਤੰਦਰੁਸਤ ਸਨ।
ਹਰਾਰੀ ਲਿਖਦਾ ਹੈ ਕਿ ਅਸੀਂ ਖੇਤੀਬਾੜੀ ਰਾਹੀਂ ਸੋਚਦੇ ਹਾਂ ਕਿ ਅਸੀਂ ਕਣਕ ਨੂੰ ਆਪਣੇ ਅਧੀਨ ਕਰਕੇ ਉਗਾਉਣਾ ਸਿੱਖਿਆ ਜਦੋਂ ਕਿ ਕਹਾਣੀ ਉਲਟ ਹੈ ਅਸੀਂ ਕਣਕ ਨੂੰ ਖਾਂਦੇ/ਵਰਤਦੇ ਨਹੀਂ ਸਗੋਂ ਇਸਦੇ ਉਲਟ ਕਣਕ ਸਾਨੂੰ ਵਰਤਦੀ ਹੈ। ਕਣਕ ਨੂੰ ਅਸੀਂ ਜਮੀਨ ਸਾਫ ਕਰਕੇ ਦਿੰਦੇ ਹਾਂ, ਕਣਕ ਨੂੰ ਅਸੀਂ ਨਦੀਨਾਂ ਦੇ ਮੁਕਾਬਲੇ ਤੋਂ ਬਚਾਉਂਦੇ ਹਾਂ ਇਸਨੂੰ ਪਾਣੀ ਦਿੰਦੇ ਹਾਂ ਅਤੇ ਹਰ ਸਾਲ ਬੀਜਕੇ ਅਗਲੀਆਂ ਪੀੜ੍ਹੀਆਂ ਨੂੰ ਵੀ ਜਿਉਂਦੇ ਰੱਖਦੇ ਹਾਂ… ਇਸ ਲਈ ਅਸੀਂ ਕਣਕ ਦੀ ਖੇਤੀ ਨਹੀਂ ਕਰਦੇ ਸਗੋਂ ਕਣਕ ਸਾਡੀ ਖੇਤੀ ਕਰਦੀ ਹੈ। ਪੜ੍ਹਨ ਵਾਲਾ ਖੁਸ਼ ਹੋ ਜਾਂਦਾ ਹੈ ਕਿ ਕਿਆ ਬਾਤ ਲਿਖੀ ਹੈ ਪਰ ਇਹ ਹੱਦ ਦਰਜੇ ਦਾ ਘਟਾਓਵਾਦ ਅਤੇ ਸਾਰੀ ਕਹਾਣੀ ਸਿਰ ਭਾਰ ਖੜ੍ਹੇ ਕਰਨਾ ਹੈ। ਇਹ ਰਿਚਰਡ ਡਾਅਕਿੰਸ ਦੀ ਕਿਤਾਬ ‘ਸੇਲਫਿਸ਼ ਜੀਨ’ ਦੀ ਬੇਹੁਦਾ ਨਕਲ ਹੈ। ਜਿਸਨੂੰ ਜੈਵਿਕ ਘਟਾਓਵਾਦ ਵਜੋਂ ਜਾਣਿਆ ਜਾਂਦਾ ਹੈ। ‘ਸੈਲਫਿਸ਼ ਜੀਨ’ ਵਿੱਚ ਡਾਅਕਿੰਸ ਨੇ ਜੀਵ ਵਿਗਿਆਨ ਨੂੰ ਇੰਨਾ ਨੀਵੇਂ ਦਰਜੇ ਉੱਤੇ ਪੇਸ਼ ਕੀਤਾ ਕਿ ਜਿਸ ਅਨੁਸਾਰ ਅਸੀਂ ਸਾਡੇ ਅੰਦਰ ਪਏ ਹੋਏ ਜੀਨਾਂ ਦੇ ਗੁਲਾਮ ਹਾਂ। ਜੀਨ ਸਾਨੂੰ ਵਰਤਦੇ ਹਨ। ਇੱਕ ਮੁਰਗੀ ਆਂਡਾ ਇਸ ਲਈ ਦਿੰਦੀ ਹੈ ਕਿ ਜੀਨ ਚਾਹੁੰਦੇ ਹਨ ਕਿ ਉਹ ਵਧਣ। ਇਹ ਘਟਾਓਵਾਦ ਨੂੰ ਡਾਅਕਿੰਸ ਇੱਥੇ ਤੱਕ ਲੈ ਆਉਂਦਾ ਹੈ ਕਿ ਅਸੀਂ ਮਨੁੱਖ ਜੋ ਵੀ ਕਰਦੇ ਹਾਂ ਉਹ ਵੀ ਜੀਨ ਕਰਵਾਉਂਦੇ ਹਨ ਜਿਵੇਂ ਕਿ ਜੋ ਮੈਂ ਲਿਖ ਰਿਹਾਂ ਹਾਂ ਜਾਂ ਤੁਸੀਂ ਪੜ੍ਹ ਰਹੇ ਹੋ ਇਹ ਸਾਡੀ ਕੋਈ ਇੱਛਾ ਨਹੀਂ ਸਗੋਂ ਇਹ ਤਾਂ ਜੀਨ ਕਰਵਾ ਰਹੇ ਹਨ।
ਖੈਰ ਇਹ ਮੁੱਦਾ ਵੱਖਰਾ ਹੈ ਆਓ ਇਸ ਖੇਤੀਬਾੜੀ ਦੇ ਕ੍ਰਾਂਤੀ ਦੌਰ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਪਿਛਾਂਹ ਖਿੱਚੂ ਕਦਮ ਸੀ ਜਾਂ ਅਗਾਂਹਵਧੂ। ਇਸ ਨਾਲ਼ ਸਾਡੀ ਖੁਰਾਕ ਅਤੇ ਜੀਵਨ ਢੰਗ ਕਿ ਸ਼ਿਕਾਰੀਆਂ ਪੂਰਵਜਾਂ ਨਾਲ਼ੋਂ ਨੀਵੇਂ ਦਰਜੇ ਉੱਤੇ ਗਿਆ ਜਾਂ ਹੋਰ ਅਗਲੇਰੇ ਪੜਾਅ ਉੱਤੇ ਗਿਆ?
ਹੁਣ ਸਾਡੇ ਸਾਹਮਣੇ ਹਰਾਰੀ ਦੀਆਂ ਊਟ-ਪਟਾਂਗ ਧਾਰਨਾਵਾਂ ਇਹ ਹਨ ਕਿ; 1) ਖੇਤੀ ਨੇ ਸਾਨੂੰ ਮਾੜੀ ਖੁਰਾਕ ਦਿੱਤੀ ਜਦੋਂ ਕਿ ਸ਼ਿਕਾਰੀ ਜੀਵਨ ਕਾਲ ਦੌਰਾਨ ਜਿਆਦਾ ਚੰਗੀ ਖੁਰਾਕ ਸੀ। 2) ਅਸੀਂ ਫਸਲਾਂ ਉਗਾਕੇ ਆਪਣੇ ਲਈ ਨਹੀਂ ਵਰਤਦੇ ਸਗੋਂ ਫਸਲਾਂ ਸਾਨੂੰ ਵਰਤਦੀਆਂ ਹਨ। 3) ਖੇਤੀਬਾੜੀ ਤੋਂ ਮਨੁੱਖ ਬੇਗਾਨਗੀ ਅਤੇ ਲਾਲਚ ਵੱਲ ਵਧਦਾ ਹੈ। 4) ਮਨੁੱਖ ਦੀ ਸੱਭਿਅਤਾ ਦੀ ਉਸਾਰੀ ਵਿੱਚ ਖੇਤੀ ਦਾ ਪਿਛਾਂਹਖਿੱਚੂ ਯੋਗਦਾਨ ਹੈ। ਅਤੇ ਹੋਰ।
ਇਹਨਾਂ ਪੱਖਾਂ ਵਿੱਚੋਂ ਦੂਜਾ ਹਾਸੋਹੀਣਾ ਹੈ ਜਿਸਨੂੰ ਵਿਚਾਰਨ ਦੀ ਲੋੜ ਨਹੀਂ ਹੈ ਪਰ ਪਹਿਲਾ, ਤੀਜਾ ਅਤੇ ਚੌਥਾ ਪੱਖ ਅਸੀਂ ਕੁੱਝ ਨੁਕਤਿਆ ਰਾਹੀ ਵਿਚਾਰਾਂਗੇ ਜਿਸ ਨਾਲ਼ ਸਾਨੂੰ ਇਹ ਸਮਝਣ ਵਿੱਚ ਮਦਦ ਮਿਲ਼ੇਗੀ ਕਿ ਹਰਾਰੀ ਦੀਆਂ ਧਾਰਨਾਵਾਂ ਕਿੰਨੀਆ ਕੁ ਸਹੀ ਹਨ।
ਸ਼ਿਕਾਰੀ ਆਰਥਿਕਤਾ ਬਨਾਮ ਖੇਤੀਬਾੜੀ-ਪਸ਼ੂਪਾਲਣ ਅਤੇ ਭੋਜਨ ਸੁਰੱਖਿਆ ਦਾ ਮਸਲਾ: ਹਰਾਰੀ ਅਨੁਸਾਰ ਖੇਤੀਬਾੜੀ ਸ਼ੁਰੂ ਕਰਨ ਨਾਲ਼ ਸਾਡੀ ਖੁਰਾਕ ਮਾੜੀ ਹੋ ਜਾਂਦੀ ਹੈ ਅਸੀਂ ਅਨਾਜ ਖਾਣ ਲੱਗ ਪੈਂਦੇ ਹਾਂ ਜਦੋਂ ਕਿ ਸ਼ਿਕਾਰੀ-ਕਾਲ ਦੌਰਾਨ ਸਾਡੀ ਖੁਰਾਕ ਜਿਆਦਾ ਸੰਤੁਲਿਤ ਅਤੇ ਵੰਨ-ਸੁਵੰਨੀ ਸੀ। ਅਸੀਂ ਸ਼ਿਕਾਰ ਕਰਕੇ ਵਧੀਆ ਮਾਸ ਖਾਂਦੇ ਸਾਂ ਨਾਲ਼ ਦੀ ਨਾਲ਼ ਸਾਡੀ ਖੁਰਾਕ ਵਿੱਚ ਮੱਛੀਆਂ ਅਤੇ ਹੋਰ ਕਈ ਤਰ੍ਹਾਂ ਦੇ ਜੀਵ ਵੀ ਸ਼ਾਮਿਲ ਸਨ। ਇਹ ਕਥਨ ਦੋ ਪੱਖਾਂ ਤੋਂ ਗਲਤ ਹੈ ਪਹਿਲਾ ਇਹ ਭੋਜਨ ਸੁਰੱਖਿਆ ਦਾ ਮਸਲਾ ਹੈ ਜਦੋਂ ਸਾਡੇ ਪੂਰਵਜ ਹਾਲੇ ਸ਼ਿਕਾਰ ਕਰਨਾ ਨਹੀਂ ਸਿੱਖੇ ਸਨ ਉਦੋਂ ਉਹ ਦੂਜਿਆ ਜਾਨਵਰਾਂ ਦਾ ਛੱਡਿਆ ਹੋਇਆ ਭੋਜਨ ਖਾਂਦੇ ਸਨ। ਸਮੇਂ ਨਾਲ਼ ਸ਼ਿਕਾਰ ਦੀ ਮੁਹਾਰਤ ਅਤੇ ਵਿਕਸਤ ਕੀਤੇ ਔਜਾਰਾਂ ਨਾਲ਼ ਮਨੁੱਖ ਖੁਦ ਸ਼ਿਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਵੀ ਉਸਦੇ ਸਮੂਹ ਜਿਆਦਾ ਸਮਾਂ ਭੁੱਖੇ ਹੀ ਰਹਿੰਦੇ ਸਨ। ਰੱਜਵਾਂ ਭੋਜਨ ਮਿਲ਼ਣਾ ਨਿਰਾ ਸ਼ਿਕਾਰ ਦੀ ਸਫਲਤਾ ਉੱਪਰ ਨਿਰਭਰ ਕਰਦਾ ਸੀ। ਸ਼ਿਕਾਰ ਵਿੱਚ ਨਕਾਮੀ ਦਾ ਸਿੱਧਾ ਅਰਥ ਸੀ ਪੂਰੇ ਸਮੂਹ ਲਈ ਭੁੱਖ ਦੇ ਦਿਨਾਂ ਵਿੱਚ ਵਾਧਾ। ਫਿਰ ਬਰਫ-ਯੁੱਗ ਦੌਰਾਨ ਵੀ ਸ਼ਿਕਾਰ ਮਿਲ਼ਣਾ ਮੌਸਮੀ ਵਰਤਾਰਾ ਵੱਧ ਸੀ ਜਿਸ ਦੌਰਾਨ ਮਨੁੱਖ ਪਸ਼ੂਆਂ ਦੇ ਝੁੰਡਾਂ ਦੇ ਪ੍ਰਵਾਸ ਨੂੰ ਨਿਰੀਖਣ ਕਰਕੇ ਸ਼ਿਕਾਰ ਕਰਦਾ ਸੀ। ਮਤਲਬ ਕਿ ਸ਼ਿਕਾਰ ਦਾ ਸਮਾਂ ਮਨੁੱਖ ਲਈ ਅਨਿਸ਼ਚਿਤਤਾ ਦਾ ਸਮਾਂ ਸੀ। ਲੱਖਾਂ ਸਾਲਾਂ ਦੇ ਗਿਆਨ ਨੂੰ ਸਮੇਟਕੇ ਮਨੁੱਖ ਸ਼ਿਕਾਰ ਨੂੰ ਮਾਰਕੇ ਖਾਣ ਦੀ ਥਾਂ ਪਸ਼ੂ-ਪਾਲਣ ਸਿੱਖਦਾ ਹੈ ਅਤੇ ਜੰਗਲੀ ਫਲ-ਅਨਾਜਾਂ ਦੀ ਖੇਤੀ ਸਿੱਖਦਾ ਹੈ। ਸ਼ਿਕਾਰ ਦੌਰਾਨ ਪਸ਼ੂਆਂ ਨੂੰ ਫੜਕੇ ਮਨੁੱਖ ਉਹਨਾਂ ਤੋਂ ਦੁੱਧ, ਚਮੜਾ ਅਤੇ ਅਗਲੀਆਂ ਸੰਤਾਨਾ ਹਾਸਿਲ ਕਰਦਾ। ਖੇਤੀ ਰਾਹੀਂ ਮਨੁੱਖ ਕੋਲ਼ ਅਨਾਜ ਭੰਡਾਰ ਆ ਜਾਂਦੇ ਹਨ। ਇਸ ਤਰ੍ਹਾਂ ਇਹ ਵਰਤਾਰਾ ਮਨੁੱਖ ਦੀ ਭੋਜਨ ਅਸੁਰੱਖਿਆ ਨੂੰ ਖਤਮ ਕਰਨ ਦੇ ਨਾਲ਼-ਨਾਲ਼ ਭੋਜਨ ਦੀ ਵੰਨ ਸੁਵੰਨਤਾ ਨੂੰ ਵੀ ਵਧਾ ਦਿੰਦਾ ਹੈ। ਹੁਣ ਭੋਜਨ ਸੁਰੱਖਿਆ ਦੀ ਗੱਲ ਜੇਕਰ ਇੱਕੀਵੀਂ ਸਦੀ ਦੇ ਸੰਦਰਭ ਵਿੱਚ ਕਰਨੀ ਹੋਵੇ ਤਾਂ ਅੰਕੜੇ ਬਹੁਤ ਗੰਭੀਰ ਹਨ। ਅੱਜ ਦੁਨੀਆਂ ਭਰ ’ਚ ਅਨਾਜ ਅਤੇ ਪਸ਼ੂਪਾਲਣ ’ਚ ਪੈਦਾਵਾਰ ਆਪਣੇ ਸਿਖਰਾਂ ਉੱਤੇ ਹੈ। ਭਾਰਤ ਵਿੱਚ ਅਨਾਜ ਗੋਦਾਮਾਂ ਵਿੱਚ ਹੀ ਸੜ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਹਰ ਸਾਲ ਅਨਾਜ ਸਮੁੰਦਰ ਵਿੱਚ ਸੁੱਟਦਾ ਹੈ। ਪਰ ਦੂਜੇ ਪਾਸੇ ਕਰੋੜਾਂ ਲੋਕ ਭੁੱਖਮਰੀ ਅਤੇ ਇਸ ਨਾਲ਼ ਹੋਣ ਵਾਲ਼ੇ ਰੋਗਾਂ ਕਰਕੇ ਮਰ ਜਾਂਦੇ ਹਨ। ਇਹ ਅਲਾਮਤਾਂ ਖੇਤੀਬਾੜੀ ਦੇ ਵਿਕਾਸ ਦੀਆਂ ਨਹੀਂ ਸਗੋਂ ਸਰਮਾਏਦਾਰਾ ਪ੍ਰਬੰਧ ਦੀਆਂ ਅਲਾਮਤਾਂ ਹਨ। 2. ਖੇਤੀਬਾੜੀ-ਪਸ਼ੂ ਪਾਲਣ ਅਤੇ ਬਣਾਵਟੀ ਚੋਣ 3000 ਈਸਾ ਪੂਰਵ ਸਾਲ ਪਹਿਲਾਂ ਮਿਸਰ ਵਿੱਚ ਹਿਰਨ ਅਤੇ ਹੋਰ ਸਬੰਧਿਤ ਜੀਵਾਂ ਨੂੰ ਪਾਲਣ ਅਧੀਨ ਲਿਆਉਣ ਦੇ ਸਬੂਤ ਮਿਲ਼ਦੇ ਹਨ। ਇਹ ਮਨੁੱਖੀ ਇਤਿਹਾਸ ਦਾ ਚੇਤਨਾ ਪੱਧਰ ਤੋਂ ਉਹ ਕਦਮ ਸੀ ਜਦੋਂ ਮਨੁੱਖ ਨੇ ਭੋਜਨ ਨੂੰ ਸ਼ਿਕਾਰ ਕਰਨ ਦੀ ਥਾਂ ਆਪਣੇ ਅਧੀਨ ਕਰ ਲਿਆ ਸੀ। ਪਸ਼ੂਆਂ ਦੇ ਬੱਚਾ ਜੰਮਣ ਨਾਲ਼ ਦੁੱਧ ਦੀ ਪੈਦਾਵਾਰ ਅਤੇ ਅਗਲੇਰੀ ਨਸਲ ਦੀ ਉਤਪਤੀ ਦੇ ਭੇਦ ਮਨੁੱਖ ਨੂੰ ਸਮਝ ਆਉਣ ਤੋਂ ਬਾਅਦ ਮਾਸ ਦੇ ਨਾਲ਼-ਨਾਲ਼ ਦੁੱਧ ਭੋਜਨ ਦਾ ਰੂਪ ਲੈ ਲੈਂਦਾ ਹੈ। ਇਤਿਹਾਸ ਵਿੱਚ ਦੁੱਧ ਦੀ ਪੈਦਾਵਾਰ ਤੋਂ ਬਾਅਦ ਮਨੁੱਖ ਉੱਨ ਨੂੰ ਵਰਤਣਾ ਸਿੱਖਦਾ ਹੈ ਅਤੇ ਗੋਰਡਨ ਚਾਈਲਡ ਅਨੁਸਾਰ ਉੱਨ ਪੂਰੀ ਤਰ੍ਹਾਂ ਬਣਾਵਟੀ ਚੋਣ ਦਾ ਨਤੀਜਾ ਹੈ ਮਤਲਬ ਕਿ ਇਹ ਕੁਦਰਤ ਵਿੱਚ ਜਿਉਂ ਦੀ ਤਿਉਂ ਨਹੀਂ ਮਿਲ਼ਦੀ ਸਗੋਂ ਮਨੁੱਖ ਦੇ ਉੱਦਮਾਂ ਦੁਆਰਾ ਪੈਦਾ ਹੋਈ ਉਪਜ ਹੈ। ਇਸੇ ਤਰ੍ਹਾਂ ਚਾਰਲਸ ਡਾਰਵਿਨ ਨੇ ਵੀ ਬਣਾਵਟੀ ਚੋਣ ਬਾਰੇ ਇਹੋ ਲਿਖਿਆ ਹੈ ਕਿ ਕੋਈ ਵੀ ਫਲ਼ ਜਾਂ ਫਸਲ ਕੁਦਰਤੀ ਮੌਜੂਦ ਨਹੀਂ ਸੀ ਸਗੋਂ ਇਹ ਜੰਗਲੀ, ਨਾ ਬਰਾਬਰ ਖਾਣ-ਯੌਗ ਪੌਦਿਆਂ ਨੂੰ ਮਨੁੱਖ ਨੇ ਹਜਾਰਾਂ ਸਾਲਾਂ ਦੀ ਬਣਾਵਟੀ ਚੋਣ ਤੋਂ ਬਾਅਦ ਖਾਣਯੋਗ ਬਣਾਇਆ ਹੈ। ਮਤਲਬ ਕਿ ਮਨੁੱਖ ਨੇ ਜਦੋਂ ਖੇਤੀਬਾੜੀ ਅਤੇ ਪਸ਼ੂ ਪਾਲਣ ਦੀ ਸ਼ੁਰੂਆਤ ਕੀਤੀ ਤਾਂ ਇਸ ਨਾਲ਼ ਮਨੁੱਖ ਕੁਦਰਤ ਅੰਦਰ ਨਵੀਂਆ ਪ੍ਰਜਾਤੀਆਂ ਵਿਕਸਤ ਕਰਨਾ ਵੀ ਸਿੱਖ ਗਿਆ ਜਿਸਨੂੰ ਬਣਾਵਟੀ ਚੋਣ ਕਿਹਾ ਜਾਂਦਾ ਹੈ। ਇਹ ਖੇਤੀਬਾੜੀ ਯੁੱਗ ਦੀ ਸਭ ਤੋਂ ਵੱਡੀ ਪ੍ਰਾਪਤੀ ਵੀ ਹੈ।
ਕੀ ਮਨੁੱਖ ਪਸ਼ੂ-ਪਾਲਣ ਦੌਰਾਨ ਪਸ਼ੂਆਂ ਨਾਲ਼ ਦੁਰਵਿਹਾਰ ਕਰਦਾ ਹੈ? ਹਰਾਰੀ ਅਨੁਸਾਰ ਦੁੱਧ ਪਸ਼ੂ ਦੇ ਬੱਚੇ ਦਾ ਹੱਕ ਹੈ ਜਿਸਨੂੰ ਅਸੀਂ ਪੀ ਜਾਂਦੇ ਹਾਂ। ਇੱਥੇ ਹਰਾਰੀ ਜਾਂ ਤਾਂ ਜਾਣਬੁੱਝ ਅਣਜਾਣ ਬਣ ਰਿਹਾ ਹੈ ਜਾਂ ਇਹ ਉਸਨੂੰ ਸੱਚਮੁੱਚ ਸਮਝ ਨਹੀਂ ਹੈ ਕਿ ਮਨੁੱਖ ਦੁਧਾਰੂਆਂ ਦੇ ਬੱਚਿਆਂ ਦੇ ਹੱਕ ਦਾ ਦੁੱਧ ਨਹੀਂ ਪੀਂਦਾ ਰਿਹਾ ਹੈ ਸਗੋਂ ਇਸਨੇ ਬਣਾਵਟੀ ਚੋਣ ਦੀ ਪ੍ਰਕਿ੍ਰਰਿਆ ਰਾਹੀਂ ਹਜਾਰਾਂ ਸਾਲਾਂ ਦੌਰਾਨ ਵੱਧ ਦੁੱਧ ਦੇਣ ਵਾਲ਼ੀਆਂ ਨਸਲਾਂ ਦੀ ਚੋਣ ਕੀਤੀ ਅਤੇ ਉਹਨਾਂ ਨਸਲਾਂ ਨੂੰ ਵਿਕਸਤ ਕੀਤਾ ਜੋ ਅੱਜ ਇੱਕੋ ਸਮੇਂ 20 ਲੀਟਰ ਤੋਂ ਵੀ ਵੱਧ ਦੁੱਧ ਪੈਦਾ ਕਰਦੇ ਹਨ। ਜੰਗਲੀ ਜਾਨਵਰ 1 ਲੀਟਰ ਤੋਂ ਵੀ ਘੱਟ ਦੁੱਧ ਦਿੰਦੇ ਹਨ। ਪਰ ਅੱਜ ਸਰਮਾਏਦਾਰਾ ਪ੍ਰਬੰਧ ਅਧੀਨ ਇਹ ਜਰੂਰ ਹੋ ਚੁੱਕਾ ਹੈ ਕਿ ਮੁਨਾਫੇ ਲਈ ਦੁੱਧ ਦੀ ਪੈਦਾਵਾਰ ਵਧਾਉਣ ਦੇ ਇਹ ਪ੍ਰਬੰਧ ਪਸ਼ੂਆਂ ਦੀ ਸਿਹਤ ਨਾਲ਼ ਖਿਲਵਾੜ ਕਰ ਰਿਹਾ ਹੈ। ਹਰਾਰੀ ਅਨੁਸਾਰ ਅੱਜ ਪਸ਼ੂਆਂ ਨੂੰ ਬਹੁਤ ਮਾੜੇ ਹਲਾਤਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਉਹਨਾਂ ਦੇ ਮਾਸ ਨੂੰ ਜਾਂ ਹੋਰ ਉਪਜਾਂ ਨੂੰ ਪ੍ਰਾਪਤ ਕਰਨ ਲਈ ਪਸ਼ੂਆਂ ਨੂੰ ਤਸੀਹੇ ਭਰੀ ਜਿੰਦਗੀ ਜਿਉਣੀ ਪੈਂਦੀ ਹੈ ਪਰ ਇੱਕ ਵਾਰ ਫੇਰ ਤੋਂ ਇਹ ਸਾਰੇ ਮਸਲੇ ਲਈ ਸਰਮਾਏਦਾਰ ਪ੍ਰਬੰਧ ਜਿਮੇਵਾਰ ਹੈ। ਮਤਲਬ ਕਿ ਅੱਜ ਜੋ ਵੀ ਪਸ਼ੂਪਾਲਣ ਦੀਆਂ ਸਮੱਸਿਆਂਵਾਂ ਹਨ ਉਸ ਲਈ ਇਹ ਮੁਨਾਫਾ ਅਧਾਰਿਤ ਪ੍ਰਬੰਧ ਜਿੰਮੇਵਾਰ ਹੈ ਅਤੇ ਇਸ ਨਾਲ਼ ਕੁੱਲ ਲੋਕਾਈ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਦੀ ਥਾਂ ਹਰਾਰੀ ਨੂੰ ਵੀ ਸਰਮਾਏਦਾਰਾ ਪ੍ਰਬੰਧ ਦੀ ਹੀ ਅਲੋਚਨਾ ਕਰਨ ਦੀ ਹੈ ਲੋੜ ਜੋ ਕਿ ਉਹ ਕਦੇ ਵੀ ਨਹੀਂ ਕਰੇਗਾ। ਮੁਨਾਫੇ ਦੀ ਦੌੜ ਖਤਮ ਹੋ ਜਾਣ ਨਾਲ਼ ਕੁਦਰਤ ਅਤੇ ਜਾਨਵਰਾਂ ’ਤੇ ਅੱਜ ਚੱਲ ਰਿਹਾ ਜਬਰ ਵੀ ਖਤਮ ਹੋ ਜਾਵੇਗਾ। ਇਹੀ ਸਰਮਾਏਦਾਰਾ ਪ੍ਰਬੰਧ ਅੱਜ ਲਾਲਚ ਜਾਂ ਬੇਗਾਨਗੀ ਭਰੀ ਜਿੰਦਗੀ ਦਾ ਵੀ ਮੂਲ ਕਾਰਨ ਹੈ ਜਿਸਨੂੰ ਸੁਚੇਤ ਹੋਕੇ ਖਤਮ ਕਰਨ ਦੀ ਲੋੜ ਹੈ।
ਖੇਤੀਬਾੜੀ ਅਤੇ ਤਾਰਿਆ ਬਾਰੇ ਸਮਝ (ਖਗੌਲ ਵਿਗਿਆਨ ਦੀ ਸ਼ੁਰੂਆਤ): ਖੇਤੀਬਾੜੀ ਮਨੁੱਖ ਦੀ ਕੁਦਰਤ ਉੱਤੇ ਲਾਗੂ ਕੀਤੀ ਗਈ ਸਿੱਧੀ ਸਮਝ ਸੀ ਜਿਸ ਲਈ ਪਹਿਲੀ ਵਾਰ ਕੁਦਰਤ ਦੇ ਬਹੁਤ ਸਾਰੇ ਪੱਖਾਂ ਨੂੰ ਸਟੀਕ ਅਤੇ ਸੂਖਮਤਾ ਨਾਲ਼ ਸਮਝਣ ਦੀ ਲੋੜ ਸੀ। ਖੇਤੀਬਾੜੀ ਦੀ ਹਰ ਸਰਗਰਮੀ ਮੌਸਮੀ ਹੁੰਦੀ ਹੈ ਜਿਸ ਕਰਕੇ ਇਸਦੇ ਕੰਮ ਕਾਰ ਸਹੀ ਸਮੇਂ ਉੱਤੇ ਹੀ ਹੋਣੇ ਹੁੰਦੇ ਹਨ। ਮੌਸਮਾਂ ਨੂੰ ਸਮਝਣ ਲਈ ਸੂਰਜੀ ਕਲੰਡਰ ਬਣਾਇਆ ਗਿਆ ਜਿਸ ਅਂਨੁਸਾਰ ਰੁੱਤਾਂ ਨੂੰ ਧਿਆਨ ’ਚ ਰੱਖਿਆ ਗਿਆ। ਪਰ ਧਰੁਵਾਂ ਦੇ ਨੇੜੇ ਸੂਰਜ ਨਾਲ਼ੋਂ ਤਾਰੇ ਜਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ ਇਸ ਲਈ ਤਾਰੇ ਤਾਰਿਆਂ ਦੇ ਸਮੂਹ (ਕੋਂਸੋਲੇਸ਼ਨ) ਦਾ ਫਸਲ ਬੀਜਣ ਅਤੇ ਹੋਰ ਸਰਗਰਮੀਆਂ ਲਈ ਖਾਸ ਧਿਆਨ ਰੱਖਿਆ ਜਾਂਦਾ ਰਿਹਾ। ਤਾਰੇ ਅਤੇ ਸੂਰਜ ਨਾਲ਼ ਮਨੁੱਖ ਦੀਆਂ ਸਭ ਸਰਗਰਮੀਆਂ ਜੁੜਨ ਲੱਗ ਪਈਆਂ ਜਿਵੇਂ ਖੇਤੀਬਾੜੀ ਸਿੱਧੀ ਰੁੱਤਾਂ/ਮੌਸਮਾਂ ਉੱਪਰ ਨਿਰਭਰ ਸੀ ਅਤੇ ਇਸ ਨਾਲ਼ ਇਹ ਹੋਇਆ ਕਿ ਮਨੁੱਖੀ ਸੱਭਿਅਤਾ ਜਿਸਦਾ ਨਿਰਮਾਣ ਨਵੀਂ ਪੈਦਾਵਾਰ (ਖੇਤੀ) ਅਧੀਨ ਹੋ ਰਿਹਾ ਸੀ ਉਸ ਵਿੱਚ ਰਿਤੀ-ਰਿਵਾਜ, ਤਿਉਹਾਰ ਆਦਿ ਵੀ ਸੂਰਜ ਅਤੇ ਤਾਰਿਆਂ ਨਾਲ਼ ਜੁੜ ਗਏ। ਅੱਗੇ ਚੱਲਕੇ ਇੱਕ ਸਮੇਂ ਬਾਅਦ ਮਨੁੱਖ ਨੂੰ ਇਹ ਲੱਗਣ ਲੱਗ ਪਿਆ ਕਿ ਇਹ ਖਗੌਲੀ ਪਿੰਡ (ਨਛੱਤਰ/ਤਾਰੇ) ਮਨੁੱਖ ਦੇ ਜੀਵਨ ਨੂੰ ਸਿੱਧਾ ਪ੍ਰਭਾਵਿਤ ਕਰਦੀਆਂ ਹਨ। ਅਕਾਸ਼ ਦੀ ਸਮਝ ਨਾਲ਼ ਜਿੱਥੇ ਖਗੋਲ ਵਿਗਿਆਨ ਵਿਕਸਤ ਹੋ ਰਿਹਾ ਸੀ ਉਸੇ ਦੇ ਨਾਲ਼-ਨਾਲ਼ ਮਨੁੱਖ ਦੀ ਤਾਰਿਆ ਪ੍ਰਤੀ ਉਲਝਣ ਨੇ ਰਾਸ਼ੀਆਂ ਨੂੰ ਜਨਮ ਦਿੱਤਾ ਅਤੇ ਜੋਤਿਸ਼ ਵਿੱਦਿਆ ਦੀ ਵੀ ਸ਼ੁਰੂਆਤ ਹੋਈ ਜਿਸ ਵਿੱਚ ਕੁੱਝ ਮਾਹਿਰ ਅਖਵਾਉਣ ਵਾਲ਼ੇ ਲੋਕ ਤਾਰਿਆਂ/ਗ੍ਰਹਿਆਂ ਦੀ ਸਥਿਤੀ ਤੋਂ ਲੋਕਾਂ ਦੇ ਜੀਵਨ ਤੇ ਪੈਣ ਵਾਲ਼ੇ ਪ੍ਰਭਾਵ ਦੱਸਣ ਲੱਗ ਪਏ। ਇਹਨਾਂ ਅੰਧਵਿਸ਼ਵਾਸਾਂ ਦੇ ਜਨਮ ਦੀ ਜੜ੍ਹ ਮਨੁੱਖ ਦੀ ਪੈਦਾਵਾਰ ਦੇ ਮੁਕਾਬਲਤਨ ਘੱਟ ਵਿਕਸਿਤ ਹੋਣ ਤੇ ਸਮਾਜ ਦੀ ਜਮਾਤਾਂ ਵਿੱਚ ਵੰਡ ਸੀ ਜਿੱਥੇ ਅੰਧਵਿਸ਼ਵਾਸ ਆਦਿ ਹਾਕਮ ਜਮਾਤ ਦੇ ਹੱਥ ਅਧੀਨ ਜਮਾਤ ਉੱਪਰ ਹਕੂਮਤ ਕਰਨ ਦਾ ਵਿਚਾਰਧਾਰਕ ਹਥਿਆਰ ਸੀ। ਜਦੋਂ ਸੀਰੀਅਸ ਨਾਮ ਦਾ ਤਾਰਾ ਆਸਮਾਨ ਵਿੱਚ ਦਿਖਾਈ ਦਿੰਦਾ ਸੀ ਤਾਂ ਉਸੇ ਸਮੇਂ ਨੀਲ ਨਦੀ ਵਿੱਚ ਹੜ੍ਹ ਆਉਂਦੇ ਸਨ। ਦੋਨਾਂ ਵਰਤਾਰਿਆਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਪਰ ਅੱਜ ਤੋਂ ਹਜਾਰਾਂ ਸਾਲ ਪਹਿਲਾਂ ਮਨੁੱਖ ਨੇ ਇਹ ਨਤੀਜਾ ਕੱਢਿਆ ਕਿ ਇਹ ਹੜ੍ਹ ਸੀਰੀਅਸ ਤਾਰੇ ਕਰਕੇ ਹੀ ਆਉਂਦੇ ਹਨ। ਇੱਥੋਂ ਪੈਦਾ ਹੋਏ ਅੰਧਵਿਸ਼ਵਾਸ ਦੇ ਬਾਵਜੂਦ ਖਗੌਲ ਵਿਗਿਆਨ ਨੇ ਮਨੁੱਖੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਜਿੱਥੋਂ ਦੀ ਲਗਾਤਾਰਤਾ ਵਿੱਚ ਹੀ ਅੱਜ ਮਨੁੱਖ ਬਲੈਕ ਹੋਲ ਦੀਆਂ ਤਸਵੀਰਾਂ ਲੈ ਰਿਹਾ ਹੈ ਅਤੇ ਖਗੌਲ ਵਿੱਚ ਆਪਣੇ ਖੋਜ ਕੇਂਦਰ ਸਥਾਪਿਤ ਕਰਕੇ ਹੋਰਨਾਂ ਗ੍ਰਹਿਆਂ ਉੱਪਰ ਵੀ ਜੀਵਨ ਲੱਭ ਰਿਹਾ ਹੈ। ਮਨੁੱਖ ਦੀ ਤਾਰਿਆਂ ਬਾਰੇ ਸਮਝ ਖੇਤੀ ਦੀ ਜਰੂਰਤ ਸੀ ਅਤੇ ਇਸ ਸਮਝ ਨੇ ਹੀ ਖਗੋਲ ਵਿਗਿਆਨ ਅਤੇ ਜੋਤਿਸ਼ ਵਿੱਦਿਆ ਨੂੰ ਜਨਮ ਦਿੱਤਾ। ਅੱਜ ਖਗੋਲ ਵਿਗਿਆਨ ਉੱਨਤ ਹੋ ਰਿਹਾ ਹੈ ਅਤੇ ਜੋਤਿਸ਼ ਵਿੱਦਿਆ ਬਾਰੇ ਉੱਨਤ ਮੁਲਕਾਂ ਵਿੱਚ ਨਾਮਾਤਰ ਸਥਾਨ ਹੈ। ਜਦਕਿ ਪਛੜੇ ਮੁਲਕ ’ਚ ਅੱਜ ਵੀ ਇਹ ਭਾਰੀ ਹੈ।
ਕੁਦਰਤ ਦੀਆਂ ਭੌਤਿਕ ਤਾਕਤਾਂ ਉੱਪਰ ਕਾਬੂ ਪਾਉਣਾ: ਪਸ਼ੂਆਂ ਦੀ ਵਰਤੋਂ ਵਿੱਚ ਤੀਜਾ ਵਾਧਾ ਉਦੋਂ ਹੁੰਦਾ ਹੈ ਜਦੋਂ ਮਨੁੱਖ ਹਲ਼ ਵਾਹੁਣ ਲਈ ਪਸ਼ੂਆਂ ਦੀ ਊਰਜਾ ਨੂੰ ਵਰਤਣਾ ਸਿੱਖਦਾ ਹੈ। ਪਸ਼ੂਆਂ ਦੇ ਨਾਲ਼-ਨਾਲ਼ ਮਨੁੱਖ ਪਾਣੀ ਅਤੇ ਹਵਾ ਦੀ ਊਰਜਾ ਨੂੰ ਵੀ ਵਰਤਣਾ ਸਿੱਖਦਾ ਹੈ। ਹਵਾ, ਪਾਣੀ ਅਤੇ ਪਸ਼ੂਆਂ ਦੀ ਊਰਜਾ ਨੂੰ ਆਪਣੇ ਕੰਮਾਂ ਲਈ ਵਰਤਣਾ ਮਨੁੱਖ ਲਈ ਉਹ ਪਹਿਲਾ ਕਦਮ ਸੀ ਜਿਸ ਨਾਲ਼ ਆਪਣੀ ਊਰਜਾ ਨਾਲ਼ ਸ਼ਿਕਾਰ ਜਾਂ ਹੋਰ ਕੰਮ ਕਰਨ ਦੇ ਨਾਲ਼-ਨਾਲ਼ ਕੁਦਰਤ ਨੂੰ ਆਪਣਾ ਕਾਮਾ ਬਣਾ ਲੈਂਦਾ ਹੈ। ਕੁਦਰਤੀ ਊਰਜਾ ਨੂੰ ਵਰਤਣਾ ਸਿੱਖਣਾ ਭੌਤਿਕ ਵਿਗਿਆਨ ਦੀ ਸ਼ਾਖਾ ਮਕਾਨਕੀ ਉੱਪਰ ਪਕੜ ਮਜਬੂਤ ਕਰਨ ਦਾ ਪਹਿਲਾ ਕਦਮ ਸੀ ਅੱਜ ਭਾਫ਼ ਇੰਜਣਾਂ ਤੋਂ ਚੁੰਬਕੀ-ਬਿਜਲਈ ਰੇਲ ਇੰਜਣ ਦਾ ਨਿਰਮਾਣ ਇਸੇ ਰਸਤੇ ਤੋਂ ਹੋਕੇ ਗੁਜਰਿਆ ਹੈ। ਇਸ ਤੋਂ ਬਾਅਦ ਮਨੁੱਖ ਹਲ਼, ਪਹੀਆ ਅਤੇ ਪਹੀਏ ਦੀ ਖੋਜ ਨਾਲ਼ ਆਵਾਜਾਈ ਦੇ ਸਧਾਰਣ ਸਾਧਨ ਅਤੇ ਕਿਸ਼ਤੀਆਂ ਦਾ ਨਿਰਮਾਣ ਕਰਦਾ ਹੈ।
ਅੰਤ ਵਿੱਚ ਹਰਾਰੀ ਦੀ ਕਿਤਾਬ ਦਾ ਪਹਿਲਾ ਪਾਠ ਯਾਦ ਕਰੋ ਜਿਸ ਵਿੱਚ ਉਹ ਮਨੁੱਖ ਨੂੰ ਖੂੰਖਾਰ ਕਾਤਿਲ ਲਿਖਦਾ ਹੈ ਜਿਸਨੇ ਅੰਨ੍ਹੇਵਾਹ ਜਾਨਵਰਾਂ ਦਾ ਸ਼ਿਕਾਰ ਕੀਤਾ। ਖੇਤੀਬਾੜੀ-ਪਸ਼ੂਪਾਲਣ ਸਿੱਖ ਜਾਣ ਨਾਲ਼ ਮਨੁੱਖ ਸ਼ਿਕਾਰ ਘਟਾ ਦਿੰਦਾ ਹੈ। ਹੁਣ ਇੱਥੇ ਹਰਾਰੀ ਖੁਸ਼ ਹੋਣਾ ਚਾਹੀਦਾ ਹੈ ਪਰ ਉਹ ਇੱਥੇ ਆਪਣੇ ਪਿਛਲੇ ਪੱਖ ਤੋਂ ਹੀ ਮੁੱਕਰ ਜਾਂਦਾ ਹੈ। ਉਹ ਆਖਦਾ ਹੈ ਸ਼ਿਕਾਰ-ਕਾਲ ਚੰਗਾ ਸੀ ਕਿਉਂਕਿ ਉਦੋਂ ਅਸੀਂ ਵਧੀਆ ਮਾਸ ਖਾਂਦੇ ਸੀ ਅਤੇ ਖੇਤੀਬਾੜੀ-ਪਸ਼ੂਪਾਲਣ ਮਾੜਾ ਸਮਾਂ ਹੈ।
ਗੌਰਡਨ ਚਾਈਲਡ ਅਨੁਸਾਰ, “ਭੋਜਨ ਪੈਦਾ ਕਰਨ ਵਾਲ਼ੀ ਆਰਥਿਕਤਾ (ਖੇਤੀਬਾੜੀ) ਜਦੋਂ ਇਨਕਲਾਬ ਦੇ ਰੂਪ ਵਿੱਚ ਸਥਾਪਿਤ ਹੁੰਦੀ ਹੈ ਤਾਂ ਇਸਦਾ ਪ੍ਰਭਾਵ ਜਨਸੰਖਿਆ ਦੇ ਵਾਧੇ ਵਿੱਚ ਇੱਕ ਵਕਰ (ਕਰਵ) ਦੇ ਰੂਪ ਵਿੱਚ ਦਿਖਦਾ ਹੈ। ਭੋਜਨ (ਪਸ਼ੂ, ਮੱਛੀਆਂ, ਕੰਧਮੂਲ ਅਤੇ ਫਲ) ਸੀਮਤ ਹੋਣ ਕਰਕੇ ਸ਼ਿਕਾਰੀ ਅਤੇ ਕੰਧਮੂਲ ਇਕੱਠਾ ਕਰਨ ਵਾਲ਼ਿਆਂ ਦੀ ਅਬਾਦੀ ਬਹੁਤ ਥੋੜੀ ਹੁੰਦੀ ਹੈ। ਮਨੁੱਖ ਦਾ ਕੋਈ ਵੀ ਉੱਦਮ ਇਸ ਭੋਜਨ ਪ੍ਰਾਪਤੀ ਨੂੰ ਇੱਕ ਹੱਦ ਤੋਂ ਵੱਧ ਨਹੀਂ ਵਧਾ ਸਕਦਾ ਬਸ ਸ਼ਿਕਾਰ ਜਾਂ ਭੋਜਨ ਦੀ ਭਾਲ਼ ਕਰਨ ਲਈ ਖੇਤਰਫਲ ਅਤੇ ਔਜਾਰਾਂ ਨੂੰ ਵਿਕਸਤ ਕਰਕੇ ਬਹੁਤ ਥੋੜੀ ਭੋਜਨ ਪ੍ਰਾਪਤੀ ਵਧਾਈ ਜਾ ਸਕਦੀ ਹੈ। ਪਰ ਖੇਤੀਬਾੜੀ ਇਸ ਘੇਰੇ ਨੂੰ ਤੋੜ ਦਿੰਦੀ ਹੈ। ਖੇਤੀਬਾੜੀ ਦੁਆਰਾ ਭੋਜਨ ਪ੍ਰਾਪਤੀ ਵਧਾਉਣ ਲਈ ਵੱਧ ਬੀਜ ਬੀਜੇ ਜਾਂਦੇ ਹਨ ਅਤੇ ਵੱਧ ਜਮੀਨ ਨੂੰ ਖੇਤੀ ਯੌਗ ਬਣਾਇਆ ਜਾਂਦਾ ਹੈ। ਖੇਤੀ ਵਿੱਚ ਜਿੰਨੇ ਮੂੰਹ ਅਨਾਜ ਖਾਣ ਲਈ ਹੁੰਦੇ ਹਨ ਉਸ ਤੋਂ ਜਿਆਦਾ ਖੇਤ ਵਾਹੁਣ ਲਈ ਹੁੰਦੇ ਹਨ ਅਤੇ ਨਾਲ਼ ਦੀ ਨਾਲ਼ ਇਸ ਸਮੇਂ ਤੋਂ ਬੱਚੇ ਵੀ ਖੇਤੀਬਾੜੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲੱਗ ਪੈਂਦੇ ਹਨ। ਸ਼ਿਕਾਰੀ ਲਈ ਬੱਚੇ ਲਾਹੇਵੰਦ ਘੱਟ ਅਤੇ ਜਿੰਮੇਵਾਰੀ ਵੱਧ ਹੁੰਦੇ ਹਨ ਅਤੇ ਉਹਨਾਂ ਦਾ ਸ਼ਿਕਾਰ ਦੇ ਕੰਮਾਂ ਚ ਹੱਥ ਵਟਾਉਣ ਤੋਂ ਪਹਿਲਾਂ ਉਹਨਾਂ ਨੂੰ ਪਾਲਕੇ ਜਵਾਨ ਕਰਨਾ ਪੈਂਦਾ ਹੈ। ਬੱਚੇ ਸਿਰਫ ਭੋਜਨ ਭਾਲ਼ਣ ਅਤੇ ਇਕੱਤਰ ਕਰਨ ਵਿੱਚ ਬਹੁਤ ਥੋੜਾ ਯੋਗਦਾਨ ਪਾਉਂਦੇ ਹਨ”। (ਗੌਰਡਨ ਚਾਈਲਡ, ਮਨੁੱਖ ਖੁਦ ਨੂੰ ਬਣਾਉਂਦਾ ਹੈ, ਪੰਨਾ 60-70, ਆਕਾਰ ਪਬਲੀਕੇਸ਼ਨ, ਅਨੁਵਾਦ ਲੇਖਕ ਵੱਲੋਂ)
ਇਸ ਤਰ੍ਹਾਂ ਮਨੁੱਖ ਖੇਤੀਬਾੜੀ ਅਤੇ ਪਸ਼ੂਪਾਲਣ ਰਾਹੀ ਭੋਜਨ ਦੀ ਅਸੁਰੱਖਿਆ ਨੂੰ ਖਤਮ ਕਰਨ ਦੇ ਯੋਗ ਬਣਦਾ ਹੈ, ਖੇਤੀ ਨਾਲ਼ ਮਨੁੱਖ ਖਗੋਲ ਵਿਗਿਆਨ ਅਤੇ ਧਰਤੀ ਦੇ ਭੂਗੋਲ ਦਾ ਗਿਆਨ ਹਾਸਿਲ ਕਰਦਾ ਹੈ ਅਤੇ ਖੇਤੀ ਕਰਕੇ ਹੀ ਮਨੁੱਖ ਜਰੂਰਤ ਅਨੁਸਾਰ ਨਵੇਂ ਔਜਾਰਾਂ ਦਾ ਨਿਰਮਾਣ ਕਰਦਾ ਹੈ। ਇਸ ਤਰ੍ਹਾਂ ਮਨੁੱਖ ਪਹਿਲੇ ਸ਼ਹਿਰਾਂ ਦਾ ਨਿਰਮਾਣ ਕਰਨਾ ਸ਼ੁਰੂ ਕਰਦਾ ਹੈ ਜਿੱਥੋਂ ਦੀ ਵਸੋਂ ਲਈ ਭੋਜਨ ਦੇ ਨਾਲ਼-ਨਾਲ਼ ਹੋਰ ਲੋੜਾਂ ਦੀ ਪੂਰਤੀ ਦੀ ਵੀ ਪੈਦਾਵਾਰ ਹੋ ਰਹੀ ਸੀ। ਮਨੁੱਖ ਦਾ ਗਿਆਨ ਜਿਸ ਸਿਖਰ ਉੱਤੇ ਪਹੁੰਚ ਜਾਂਦਾ ਹੈ ਇਸਨੂੰ ਦਿਮਾਗਾ ਤੋਂ ਬਾਹਰ ਸਾਂਭਣ ਦੀ ਲੋੜ ਮਹਿਸੂਸ ਹੁੰਦੀ ਹੈ ਜਿੱਥੋਂ ਭਾਸ਼ਾ ਦੇ ਲਿਖਤੀ ਰੂਪ ਵਿਕਸਤ ਹੁੰਦੇ ਹਨ। ਇਸ ਤਰ੍ਹਾਂ ਖੇਤੀਬਾੜੀ ਅਤੇ ਪਸ਼ੂ ਪਾਲਣ ਮਨੁੱਖੀ ਸਮਾਜ ਦਾ ਉਹ ਅਗਾਂਹਵਧੂ ਦੌਰ ਹੈ ਜਿਸਨੇ ਮਨੁੱਖੀ ਸਮਾਜ ਨੂੰ ਵੱਡੀ ਉਛਾਲ ਦੇ ਰੂਪ ਵਿੱਚ ਵਿਕਸਤ ਕੀਤਾ। ਪਰ ਹਰਾਰੀ ਲਿਖਦਾ ਹੈ ਕਿ ਖੇਤੀਬਾੜੀ ਤੋਂ ਪਹਿਲਾਂ ਵੀ ਮਨੁੱਖ 70-80 ਹਜਾਰ ਸਾਲ ਪਹਿਲਾਂ ਤੋਂ ਧਰਤੀ ਉੱਤੇ ਵਧ ਫੁੱਲ ਹੀ ਰਿਹਾ ਸੀ ਅਤੇ ਖੇਤੀ ਦਾ ਦੌਰ ਅਗਾਂਹਵਧੂ ਨਾ ਹੋਕੇ ਪਿਛਾਂਹ ਖਿਚੂ ਕਦਮ ਹੈ। ਲੇਖ ਦੀ ਵਿਆਖਿਆ ਰਾਹੀ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰਾਰੀ ਦੇ ਇਹ ਵਾਕ ਆਪਣੇ ਆਪ ਵਿੱਚ ਹੀ ਪਿਛਾਂਹਖਿੱਚੂ ਹਨ।