ਖੇਤੀਬਾੜੀ ਵਿਭਾਗ ਵੱਲੋਂ ਮਿਆਰੀ ਬਾਸਮਤੀ ਪੈਦਾਵਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ
ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)– ਹਿਮਾਂਸ਼ੂ ਅਗਰਵਾਲ ਆਈ.ਏ.ਐੱਸ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ/ਬਾਸਮਤੀ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੇ ਪੈਦਾਵਾਰ ਤੇ ਪੈਂਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਕਿਸਾਨ ਸਿਖਲਾਈ ਕੇਂਦਰ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਦੀ ਅਗਵਾਈ ਹੇਠ ਕੀਤੇ ਦੌਰੇ ਸਮੇਂ ਡਾ. ਹਰਭਿੰਦਰ ਸਿੰਘ ਖੇਤੀਬਾੜੀ ਅਫ਼ਸਰ (ਸਿਖ਼ਲਾਈ), ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਸ) ਹਾਜ਼ਰ ਸਨ। ਮਾਹਿਰਾਂ ਦੀ ਟੀਮ ਵੱਲੋਂ ਬਲਾਕ ਗੁਰਦਾਸਪੁਰ ਦੇ ਪਿੰਡ ਬਾਜੇਚੱਕ, ਮਹਾਂਦੇਵ ਕਲਾਂ ਅਤੇ ਬੱਬਰੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਪਿੰਡ ਬੱਬਰੀ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਰੰਧਾਵਾ ਦੇ ਝੰਡਾ/ਪੈਰਾਂ ਦੇ ਗਲਣ ਦੇ ਰੋਗ ਨਾਲ ਪ੍ਰਭਾਵਤ ਬਾਸਮਤੀ ਦੀ ਫਸਲ ਵਾਲੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਦੁਆਰਾ ਬਾਸਮਤੀ ਦੀ ਫ਼ਸਲ ਉੱਪਰ ਗੈਰ-ਸਿਫਾਰਸ਼-ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਬਾਸਮਤੀ ਚਾਵਲ ਨੂੰ ਬਰਾਮਦ ਕਰਨ ਸਮੇਂ ਕਈ ਕੀਟਨਾਸ਼ਕਾਂ ਦੇ ਅੰਸ਼ ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਆਉਣ ਕਾਰਨ ਚਾਵਲ ਐਕਸਪੋਰਟ ਕਰਨ ਵਾਲੀਆਂ ਏਜੰਸੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕਾਂ ਜਿਵੇਂ ਐਸੀਫੇਟ, ਬੂਪਰੋਜ਼ਿਨ, ਕਲੋਰੋਪਾਈਰੀਫਾਸ, ਮੀਥਾਮੀਡੋਫਾਸ, ਪਰੌਪੀਕੋਨਾਜ਼ੋਲ, ਥਾਇਆਮੀਥੋਕਸਮ, ਪ੍ਰੋਫਿਨਾਫਾਸ, ਆਈਸੋਪਰੋਥਾਇਉਲੇਨ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ ਦੀ ਬਾਸਮਤੀ ਦੀ ਫਸਲ ਉੱਪਰ ਵਰਤੋਂ, ਵੇਚਣ ਅਤੇ ਭੰਡਾਰਣ ਕਰਨ ਦੀ ਮਨਾਹੀ ਕੀਤੀ ਗਈ ਹੈ ਇਸ ਲਈ ਇਨਾਂ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਦੀ ਫਸਲ ਉੱਪਰ ਨਾ ਕੀਤੀ ਜਾਵੇ ਤਾਂ ਜੋ ਐਕਸਪੋਰਟ ਏਜੰਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।
ਉਨਾਂ ਕਿਹਾ ਕਿ ਇਸ ਸਮੇਂ ਝੋਨੇ/ਬਾਸਮਤੀ ਉੱਪਰ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ। ਉਨਾਂ ਕਿਹਾ ਕਿ ਝੋਨੇ/ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਨੂੰ ਵਧਾਇਆ ਜਾ ਸਕੇ। ਉਨਾਂ ਕਿਹਾ ਕਿ ਪੂਸਾ 1847, 1692, 1121 ਅਤੇ 1509 ਕਿਸਮਾਂ ਤੇ ਕੁਝ ਥਾੜਾਂ ਤੇ ਪੈਰਾਂ ਦੇ ਗਲਣ ਦੇ ਰੋਗ ਦਾ ਹਮਲਾ ਹੋਇਆ ਹੈ, ਜਿਸ ਦੀ ਰੋਕਥਾਮ ਲਈ ਕਿਸੇ ਦੇ ਕਹਿਣ ਤੇ ਕੋਈ ਉੱਲੀਨਾਸ਼ਕ ਜਾਂ ਕਿਸੇ ਹੋਰ ਖੇਤੀ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਰੋਕਥਾਮ ਕੀਤੀ ਜਾਵੇ। ਉਨਾਂ ਕਿਹਾ ਕਿ ਪ੍ਰਭਾਵਤ ਖੇਤਾਂ ਵਿੱਚੋਂ ਝੰਡਾਂ ਰੋਗ ਨਾਲ ਗ੍ਰਸਤ ਪੌਦੇ ਜੜ੍ਹੋਂ ਪੁੱਟ ਕੇ ਦਬਾ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।
ਡਾ. ਹਰਭਿੰਦਰ ਸਿੰਘ ਨੇੇ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਸਰਵਪੱਖੀ ਢੰਗਾਂ ਨੂੰ ਅਪਣਾ ਕੇ ਹੀ ਨਦੀਨਾਂ ਦੀ ਘਣਤਾ ਨੂੰ ਇਸ ਪੱਧਰ ਤੱਕ ਘੱਟ ਕੀਤਾ ਜਾ ਸਕਦਾ ਹੈ ਕਿ ਉਨਾਂ ਦੀ ਰੋਕਥਾਮ ਸੌਖੀ ਹੋ ਸਕੇ,ਅਗਲੀਆਂ ਫਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ, ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿੱਚ ਉਸ ਦੀ ਸ਼ਿਕਾਇਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਕੀਤੀ ਜਾਵੇ। ਡਾ.ਦਿਲਰਾਜ ਸਿੰਘ ਨੇ ਕਿਹਾ ਕਿ ਝੋਨੇ/ਬਾਸਮਤੀ ਦੀ ਫਸਲ ਨੂੰ ਕੀੜੇ ਮਕੌੜਿਆਂ ਦੇ ਹਮਲੇ ਤੋਂ ਬਚਾਅ ਲਈ ਰਸਾਇਣਕ ਖਾਦਾਂ ਦੀ ਸੰਤਲਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਾਸਮਤੀ ਦੀ ਫ਼ਸਲ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ ਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ।