-ਕਿਸਾਨ ਖ਼ਿਲਾਫ਼ ਮਾਮਲਾ ਦਰਜ
ਗੁਰਦਾਸਪੁਰ 16 ਮਈ (ਸਰਬਜੀਤ ਸਿੰਘ)– ਸਰਕਾਰ ਦੀ ਸਖ਼ਤੀ ਦੇ ਬਾਵਜੂਦ ਫਸਲ ਦੀ ਕਟਾਈ ਤੋਂ ਬਾਅਦ ਕਿਸਾਨ ਰਹਿੰਦ ਖੂੰਦ ਨੂੰ ਅੱਗ ਲਗਾਉਣ ਤੋਂ ਬਾਜ਼ ਨਹੀਂ ਆ ਰਹੇ ਜਿਸ ਕਾਰਨ ਕਈ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ। ਤਾਜ਼ਾ ਘਟਨਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਗਿੱਦੜਪਿੰਡੀ ਦੀ ਹੈ ਜਿੱਥੇ ਇੱਕ ਕਿਸਾਨ ਵੱਲੋਂ ਰਹਿੰਦ ਖੂੰਦ ਨੂੰ ਲਗਾਈ ਅੱਗ ਕਾਰਨ ਨੇੜਲੇ ਬਾਗ ਦੇ 250 ਫਲਦਾਰ ਦਰੱਖਤ ਸੜ੍ਹ ਕੇ ਪੂਰੀ ਤਰ੍ਹਾਂ ਸੁਆਹ ਹੋ ਗਏ। ਹਾਲਾਂਕਿ ਥਾਣਾ ਸਦਰ ਪੁਲਿਸ ਵੱਲੋਂ ਅੱਗ ਲਗਾਉਣ ਵਾਲੇ ਕਿਸਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਾਗ਼ ਦੇ ਮਾਲਕ ਬਲਕਾਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਿੱਦੜ ਪਿੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ 4 ਏਕੜ 5 ਕਨਾਲ 14 ਮਰਲੇ ਜਮੀਨ ਕਰੀਬ 10 ਸਾਲ ਤੋਂ ਲੀਚੀ ਅਤੇ ਆਲੂ ਬੁਖਾਰੇ ਦੀ ਬਾਗਬਾਨੀ ਦੀ ਖੇਤੀ ਕਰ ਰਿਹਾ ਹੈ। ਇਸ ਜਮੀਨ ਵਿੱਚ ਉਸ ਨੇ ਜਵੀ ਦਾ ਬੀਜ ਪਕਾਉਣ ਵਾਸਤੇ ਜਵੀ ਬੀਜੀ ਹੋਈ ਸੀ ਜਿਸਦੀ ਕਟਾਈ ਕਰਕੇ ਜਵੀ ਦਾ ਸਥਰ ਬਾਗ ਵਿੱਚ ਹੀ ਪਿਆ ਹੋਇਆ ਸੀ। ਉਸ ਦੇ ਬਾਗ ਦੇ ਨਾਲ ਹੀ ਬਲਬੀਰ ਸਿੰਘ ਵਾਸੀ ਹੱਲਾ ਦੀ ਜਮੀਨ ਲੱਗਦੀ ਹੈ। ਬੀਤੇ ਦਿਨ ਦੁਪਿਹਰ 2 ਵਜੇ ਦੇ ਕਰੀਬ ਬਲਬੀਰ ਸਿੰਘ ਨੇ ਆਪਣੀ ਕਣਕ ਦੇ ਵੱਢ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਅੱਗ ਵੱਧ ਕੇ ਉਸ ਦੇ ਬਾਗ ਵਿੱਚ ਵੀ ਪਹੁੰਚ ਗਈ ਹੈ ਅਤੇ ਉਸ ਦਾ 9 ਕਨਾਲਾ ਬਾਗ ਜਿਸ ਵਿੱਚ ਉਸ ਦੇ 50 ਬੂਟੇ ਲੀਚੀ ਅਤੇ 200 ਬੂਟੇ ਆਲੂ ਬੁਖਾਰੇ ਦੇ ਫੱਲ ਦੇ ਸਨ ਪੂਰੀ ਤਰਾਂ ਸੜ ਕੇ ਸਵਾਹ ਹੋ ਗਏ ਹਨ। ਬਲਕਾਰ ਸਿੰਘ ਨੇ ਦੱਸਿਆ ਕਿ ਇਸ ਅੱਗ ਨਾਲ ਉਸ ਦਾ ਲਗਭਗ ਤੀਹ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਦੋਸ਼ੀ ਬਲਬੀਰ ਸਿੰਘ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ।
ਦੂਜੇ ਪਾਸੇ ਥਾਣਾ ਸਦਰ ਦੇ ਐਸ ਐਚ ਓ ਅਮਨਦੀਪ ਸਿੰਘ ਨੇ ਦੱਸਿਆ ਕਿ ਆਪਣੇ ਖੇਤਾਂ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਬਲਬੀਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ