ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਵੱਲੋਂ 12 ਅਕਤੂਬਰ 2022 ਨੂੰ ਐੱਚ.ਆਰ.ਏ. ਇੰਟਰਨੈਸ਼ਨਲ ਸੀਨੀਅਰ ਸਕੈਂਡਰੀ ਸਕੂਲ, ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਸਥਾਨਕ ਬਾਲ ਭਵਨ ਵਿਖੇ ਮੋਹਤਰਮਾ ਸਾਹਲਾ ਕਾਦਰੀ, ਚੇਅਰਪਰਸਨ, ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਮੋਹਤਰਮਾ ਸਾਹਲਾ ਕਾਦਰੀ ਨੇ ਦੱਸਿਆ ਕਿ ਇਸ ਪੇਂਟਿੰਗ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੀ ਬਦੌਲਤ ਵਿਦਿਆਰਥੀਆਂ ਵਿੱਚ ਚਿਤਰਕਾਰੀ ਦਾ ਹੁਨਰ ਹੋਰ ਨਿੱਖਰ ਕੇ ਸਾਹਮਣੇ ਆਵੇਗਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਮਿਲੇਗੀ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਵਿਦਿਆਰਥੀ ਚਿੱਤਰਕਾਰੀ ਦਾ ਸ਼ੌਂਕ ਰੱਖਦੇ ਹਨ ਉਨ੍ਹਾਂ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਜੇਤੂ ਵਿਦਿਆਰਥੀ ਅੱਗੇ ਰਾਜ ਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਭਾਗ ਲੈਣਗੇ।
ਮੀਟਿੰਗ ਦੌਰਾਨ ਪੇਂਟਿੰਗ ਮੁਕਾਬਲੇ ਦੀ ਸਫਲਤਾ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸੇ ਦੌਰਾਨ ਮੋਹਤਰਮਾ ਸਾਹਲਾ ਕਾਦਰੀ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਵਿਖੇ ਕੋਰਸ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਵੀ ਕੀਤੀ ਗਈ। ਇਸ ਮੌਕੇ ਰਮੇਸ਼ ਮਹਾਜਨ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ, ਇੰਦਰਜੀਤ ਸਿੰਘ ਬਾਜਵਾ ਸਾਬਕਾ ਸੁਪਰਡੈਂਟ ਸਿੱਖਿਆ ਵਿਭਾਗ, ਸ੍ਰੀਮਤੀ ਐੱਸ.ਕੇ ਪੰਨੂ ਸਮੇਤ ਬਾਲ ਭਲਾਈ ਕੌਂਸਲ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।