20 ਜੂਨ ਨੂੰ ਸਮੁੱਚੇ ਦੇਸ਼ ਸਮੇਤ ਮਾਨਸਾ ਸ਼ਹਿਰ ਵਿੱਚ ਵੀ ਖੱਬੀਆਂ ਪਾਰਟੀਆਂ ਵੱਲੋਂ ਵਿਸ਼ਾਲ ਰੋਸ਼ ਮਾਰਚ ਕਰਕੇ ਡੀਸੀ ਮਾਨਸਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ-ਕਾਮਰੇਡ ਗੁਰਮੀਤ ਨੰਦਗੜ੍ਹ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 19 ਜੂਨ ( ਸਰਬਜੀਤ ਸਿੰਘ)- ਇੱਥੇ ਸੀਪੀਆਈ (ਐੱਮ ਐਲ) ਲਿਬਰੇਸ਼ਨ ਜ਼ਿਲਾ ਕਮੇਟੀ ਮਾਨਸਾ ਦੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਕਾਮਰੇਡ ਗੁਰਮੀਤ ਨੰਦਗੜ੍ਹ ਜਿਲਾ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਵੱਲੋਂ ਦੇਸ਼ ਦੀ ਉੱਘੀ ਲੇਖਿਕਾ ਅਰੁੰਧਤੀ ਰੌਏ ਅਤੇ ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਖਿਲਾਫ ਯੂਏਪੀਏ ਤਹਿਤ ਮੁਕਦਮਾ ਦਰਜ ਕਰਨ ਦੀ ਦਿੱਤੀ ਮਨਜੂਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇੰਨਾਂ ਬੁੱਧੀਜੀਵੀਆਂ ਅੱਜ ਤੋਂ 14 ਸਾਲ ਪਹਿਲਾਂ ਦੇ ਪੁਰਾਣੇ ਭਾਸ਼ਨ ਨੂੰ ਆਧਾਰ ਬਣਾ ਕੇ ਬਣਾਏ ਕੇਸ ਦਾ ਸਿੱਧਾ ਮਨੋਰਥ ਵਿਰੋਧ ਦੀ ਹਰੇਕ ਆਵਾਜ਼ ਨੂੰ ਦਬਾਉਣ ਤੋਂ ਸਿਵਾ ਹੋਰ ਕੁਝ ਨਹੀਂ ਹੈ। ਜਿਸ ਤਰ੍ਹਾਂ ਬੀਜੇਪੀ ਦੀਆਂ ਪਿਛਲੀਆਂ ਦੋ ਸਰਕਾਰਾਂ ਵਲੋਂ ਸਹਿਮਤੀ ਨਾ ਰੱਖਣ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਜੇਲਾਂ ਵਿੱਚ ਡੱਕਿਆ ਹੋਇਆ ਹੈ, ਉਸੇ ਤਰਾਂ ਮੌਜੂਦਾ ਐਨ ਡੀ ਏ ਸਰਕਾਰ ਵਲੋਂ ਵੀ ਉਹਨਾਂ ਹੀ ਤਾਨਾਸ਼ਾਹ ਨੀਤੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਜਿਸ ਨੂੰ ਭਾਰਤ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਇਸੇ ਤਰ੍ਹਾਂ ਵੱਖ ਵੱਖ ਕੇਸਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਕਾਫੀ ਸਾਰੇ ਕੈਦੀ ਲੰਬੇ ਅਰਸੇ ਤੋਂ ਰਿਹਾਅ ਨਹੀਂ ਕੀਤੇ ਜਾ ਰਹੇ ਅਤੇ ਝੂਠੇ ਕੇਸਾਂ ਵਿਚ ਅਨੇਕਾਂ ਸਮਾਜਿਕ ਤੇ ਸਿਆਸੀ ਕਾਰਕੁੰਨ ਬਿਨਾਂ ਮੁਕੱਦਮੇ ਚਲਾਏ ਜੇਲਾਂ ਵਿਚ ਡੱਕੇ ਹੋਏ ਹਨ, ਲਿਬਰੇਸ਼ਨ ਤੇ ਖੱਬੇ ਪੱਖੀ ਧਿਰਾਂ ਉਨਾਂ ਦੀ ਫੌਰੀ ਰਿਹਾਈ ਦੀ ਵੀ ਮੰਗ ਕਰਦੀਆ ਹਨ।
ਇਸ ਸਬੰਧੀ 20 ਜੂਨ ਨੂੰ ਸਮੁੱਚੇ ਦੇਸ਼ ਸਮੇਤ ਮਾਨਸਾ ਸ਼ਹਿਰ ਵਿੱਚ ਵੀ ਖੱਬੀਆਂ ਪਾਰਟੀਆਂ ਵਲੋਂ ਵਿਸ਼ਾਲ ਰੋਸ ਮਾਰਚ ਕਰਕੇ ਡੀ ਸੀ ਮਾਨਸਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੂੰ ਵੀ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
‌ਮੀਟਿੰਗ ਵਿਚ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਪਾਲ ਸ਼ਰਮਾ, ਮਾਨਸਾ ਤਹਿਸੀਲ ਦੇ ਸਕੱਤਰ ਗੁਰਸੇਵਕ ਮਾਨਬੀਬੜੀਆਂ , ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਘਰਾਗਣਾ, ਦਰਸ਼ਨ ਸਿੰਘ ਦਾਨੇਵਾਲਾ, ਹਾਕਮ ਸਿੰਘ ਖਿਆਲਾ, ਇਨਕਲਾਬੀ ਨੌਜਵਾਨ ਸਭਾ ਦੇ ਗਗਨਦੀਪ ਸਿਰਸੀਵਾਲਾ, ਵਿਦਿਆਰਥੀ ਆਗੂ ਰਾਜਦੀਪ ਸਿੰਘ ਗੇਹਲੇ , ਏਕਟੂ ਦੇ ਜਿਲਾ ਸਕੱਤਰ ਅੰਗਰੇਜ਼ ਸਿੰਘ ਘਰਾਂਗਣਾ ਹਾਜ਼ਰ ਸਨ।

Leave a Reply

Your email address will not be published. Required fields are marked *