ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)– ਕਣਕ ਦੀ ਫਸਲ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਪ੍ਰਤੀ ਏਕੜ 90 ਕਿਲੋ ਯੂਰੀਆ ਜਾਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ’ਤੇ ਬਿਜਾਈ ਤੋਂ 45 ਦਿਨਾਂ ਦੇ ਅੰਦਰ ਅੰਦਰ ਵਰਤੋਂ ਕਰ ਲੈਣੀ ਚਾਹੀਦੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਅਮਰੀਕ ਸਿੰਘ, ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਣਕ ਦੀ ਕਾਸ਼ਤ 1.83 ਲੱਖ ਹੈਕਟੇਅਰ ਰਕਬੇ ਵਿੱਚ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਦ ਕਿ ਹੁਣ ਤੱਕ ਇੱਕ ਲੱਖ ਬਿਆਸੀ ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਫਸਲ ਦੀ ਹਾਲਤ ਬਹੁਤ ਵਧੀਆ ਹੈ। ਉਨਾਂ ਦੱਸਿਆ ਕਿ ਗੰਨੇ ਦੀ ਕਟਾਈ ਤੋਂ ਬਾਅਦ ਸੇਂਜੂ ਹਾਲਤਾਂ ਵਿੱਚ ਪਿਛੇਤੀ ਕਣਕ ਦੀ ਬਿਜਾਈ ਲਈ ਪੀ.ਬੀ.ਡਬਲਿਯੂ. 752, ਪੀ.ਬੀ.ਡਬਲਿਯੂ. 757 ਅਤੇ ਪੀ.ਬੀ.ਡਬਲਿਯੂ. 757 ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿਲੋ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਕਣਕ ਦੀ ਫਸਲ ਕੁਝ ਥਾਵਾਂ ਤੇ ਪੀਲੇਪਣ ਵਿੱਚ ਆ ਗਈ ਹੈ, ਜਿਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਹੀ ਇਲਾਜ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਠੀਕ ਸਮੇਂ ਤੇ ਬੀਜੀ ਕਣਕ ਨਾਲੋਂ 25 ਫੀਸਦੀ ਯੂਰੀਆ ਖਾਦ ਘੱਟ ਪਾਓ। ਉਨਾਂ ਨੇ ਕਿਹਾ ਕਿ ਆਮ ਕਰਕੇ ਕਿਸਾਨਾਂ ਵੱਲੋਂ ਆਂਢੀ ਗੁਆਂਢੀਆਂ ਦੇ ਕਹੇ ਜਾਂ ਦੇਖਾ ਦੇਖੀ ਰਸਾਇਣਕ ਖਾਦਾਂ ਖਾਸ ਕਰਕੇ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਕਰਦੇ ਹਨ, ਜਿਸ ਨਾਲ ਕੀੜਿਆਂ ਅਤੇ ਬਿਮਾਰੀਆਂ ਦੇ ਹਮਲਾ ਵਧਣ ਨਾਲ ਫਸਲਾਂ ਦੀ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਖੇਤੀ ਮਾਹਿਰਾਂ ਦੁਆਰਾਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਖੇਤੀ ਨਾਲ ਸੰਬੰਧਤ ਸਮੱਸਿਆਂਵਾਂ ਦਾ ਹੱਲ ਕੱਢਣ ਲਈ ਕਿਸਾਨਾਂ ਨੂੰ ਅਪੀਲ ਕੀਤੀ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਵਾਰ ਨਦੀਨਾਂ ਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਨਦੀਨ ਉੱਗਣ ਤੋਂ ਬਾਅਦ ਨਦੀਨ ਨਾਸ਼ਕ ਰਸਾਇਣਾਂ ਦੀ ਵਰਤੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਖੇਤ ਵਿੱਚ ਮੌਜੂਦ ਨਦੀਨਾਂ ਨੂੰ ਮੁੱਖ ਰੱਖਦਿਆਂ ਹੀ ਨਦੀਨਨਾਸ਼ਕਾਂ ਦੀ ਚੋਣ ਕਰਕੇ ਸਹੀ ਸਮੇਂ, ਸਹੀ ਤਰੀਕੇ ਅਤੇ ਸਹੀ ਮਿਕਦਾਰ ਵਿੱਚ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਬੁੱਕ/ਘੂੰਈ ਨਾਮਕ ਨਦੀਨ ਦੀ ਰੋਕਥਾਮ ਲਈ 200 ਗ੍ਰਾਮ ਸ਼ਗਨ 21-11 ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਿਯੂ ਡੀ ਜੀ ਪਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।