ਬਾਜਵਾ ਨੇ ਨਸ਼ਿਆਂ ਵਿਰੁੱਧ ਮੁੱਖ ਮੰਤਰੀ ਦੀ ਢਿੱਲੀ ਮੁਹਿੰਮ ਦੀ ਆਲੋਚਨਾ ਕੀਤੀ

ਚੰਡੀਗੜ੍ਹ

ਗੁਰਦਾਸਪੁਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਬੁਪਰੇਨੋਰਫਿਨ ਦੀਆਂ ਗੋਲੀਆਂ ਦੀ ਭਾਰੀ ਕਮੀ ਕਾਰਨ ਬੰਦ ਹੋਣ ਦੀ ਕਗਾਰ ‘ਤੇ ਹੈ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ 27 ਨਵੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ‘ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਤਿੱਖੀ ਆਲੋਚਨਾ ਕੀਤੀ ਹੈ।

ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਗੁਰਦਾਸਪੁਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਬੁਪਰੇਨੋਰਫਿਨ ਗੋਲੀਆਂ ਦੀ ਭਾਰੀ ਕਮੀ ਕਾਰਨ ਬੰਦ ਹੋਣ ਦੀ ਕਗਾਰ ‘ਤੇ ਹੈ, ਜੋ ਸਰੀਰ ਵਿਚੋਂ ਹੈਰੋਇਨ ਸਮੇਤ ਅਫ਼ੀਮ ਨਾਲ ਸਬੰਧਿਤ ਪਦਾਰਥਾਂ ਦੇ ਬਾਹਰ ਨਿਕਲਣ ਨਾਲ ਪੈਦਾ ਹੋਣ ਵਾਲੇ ਤੀਬਰ ਦਰਦ ਦੇ ਇਲਾਜ ਲਈ ਵਰਤੀ ਜਾਂਦੀ ਹੈ। ਖ਼ਬਰਾਂ ਅਨੁਸਾਰ ਗੁਰਦਾਸਪੁਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵੱਲੋਂ ਜਨਵਰੀ ਵਿੱਚ 6000 ਗੋਲੀਆਂ ਦਾ ਆਖ਼ਰੀ ਸਟਾਕ ਖ਼ਰੀਦਿਆਂ ਗਿਆ ਸੀ। ਹੁਣ ਸਟਾਕ ਖ਼ਤਮ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਨਸ਼ਾ ਵਿਰੋਧੀ ਸਾਈਕਲ ਰੈਲੀ ਕੀਤੀ ਸੀ, ਜਿਸ ਨੂੰ ਪ੍ਰਸ਼ਾਸਨ ਵੱਲੋਂ ਲੁਧਿਆਣਾ ਤੋਂ ‘ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ’ ਕਰਾਰ ਦਿੱਤਾ ਗਿਆ ਸੀ। ਅਜਿਹੀਆਂ ਵਿਅਰਥ ਕਵਾਇਦ ਪ੍ਰਚਾਰ ਪ੍ਰਾਪਤ ਕਰਨ ਦੇ ਯਤਨਾਂ ਤੋਂ ਵੱਧ ਕੁਝ ਨਹੀਂ ਹਨ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਨਸ਼ਿਆਂ ਦੀ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਲੋੜੀਂਦੀਆਂ ਦਵਾਈਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨਾ ਪਵੇਗਾ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ। ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਬੇਕਾਬੂ ਚੱਲ ਰਿਹਾ ਹੈ। ਨਸ਼ਾ ਤਸਕਰੀ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਬਜਾਏ, ਪੁਲਿਸ ਜਾਂ ਤਾਂ ਨਸ਼ਾ ਵਿਰੋਧੀ ਕਾਰਕੁਨਾਂ ਜਾਂ ਨਸ਼ੇੜੀਆਂ ਨੂੰ ਤੰਗ ਕਰ ਰਹੀ ਹੈ, ਜਿਨ੍ਹਾਂ ਕੋਲ ਆਪਣੇ ਵਰਤਣ ਲਈ ਥੋੜ੍ਹੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਹਨ।

ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਲੁਧਿਆਣਾ ਵਿੱਚ ਨਸ਼ਾ ਵਿਰੋਧੀ ਰੈਲੀ ਕਰਨ ਵਿੱਚ ਰੁੱਝੇ ਹੋਏ ਸਨ ਤਾਂ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਆਪਣੇ ਪਿੰਡ ਵਿੱਚ ਇੱਕ ਪਾਣੀ ਦੇ ਚੈਨਲ ਨੇੜੇ 25 ਅਤੇ 26 ਸਾਲ ਦੇ ਦੋਵੇਂ ਭਰਾ ਮ੍ਰਿਤਕ ਪਾਏ ਗਏ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਸਰਕਾਰ ਨੇ ਸਰਕਾਰ ਬਣਨ ਦੇ ਚਾਰ ਮਹੀਨਿਆਂ ਦੇ ਅੰਦਰ ਸੂਬੇ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਸੀ। ਫਿਰ 15 ਅਗਸਤ, 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਇਕ ਹੋਰ ਸਾਲ ਦੀ ਮੰਗ ਕੀਤੀ। ਹੁਣ ਵੀ ‘ਆਪ’ ਸਰਕਾਰ ਨਸ਼ਿਆਂ ਨਾਲ ਨਜਿੱਠਣ ਲਈ ਪੂਰੀ ਤਰਾਂ ਸੁਹਿਰਦ ਨਹੀਂ ਜਾਪਦੀ। ‘ਆਪ’ ਲੀਡਰਸ਼ਿਪ ਨਸ਼ਾ ਵਿਰੋਧੀ ਮੁਹਿੰਮਾਂ ਤੋਂ ਪ੍ਰਸਿੱਧੀ ਹਾਸਲ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੀ ਹੈ।

Leave a Reply

Your email address will not be published. Required fields are marked *