ਮਹਾਨ ਗੁਰੀਲਾ ਕਮਾਂਡਰ ਸ਼ਹੀਦ ਮੋਨਿਕਾ ਅਰਟਲ……

ਗੁਰਦਾਸਪੁਰ

ਗੁਰਦਾਸਪੁਰ, 15 ਜੂਨ (ਸਰਬਜੀਤ ਸਿੰਘ)– ਇਤਿਹਾਸ ਵਿਚ ਜਦੋਂ ਵੀ ਮਹਾਨ ਇਨਕਲਾਬੀ ਨਾਇਕ ਚੀ ਗਵੇਰਾ ਦਾ ਨਾਮ ਲਿਆ ਜਾਵੇਗਾ ਤਾਂ ਉਸ ਦੇ ਨਾਲ ਹੀ ਕਾਮਰੇਡ ਮੋਨਿਕਾ ਅਰਟਲ (Monika Ertl) ਨੂੰ ਵੀ ਯਾਦ ਕੀਤਾ ਜਾਏਗਾ। ਵੀਹਵੀਂ ਸਦੀ ਵਿਚ ਜਬਰ-ਜ਼ੁਲਮ ਖ਼ਿਲਾਫ਼ ਜੂਝਣ ਵਾਲੇ ਸੂਰਬੀਰਾਂ ਦੇ ਇਤਿਹਾਸ ਨੂੰ ਪੜ੍ਹਦਿਆਂ ਕਮਿਊਨਿਸਟਾਂ ਦੀਆਂ ਕੁਰਬਾਨੀਆਂ ਦੇ ਪੱਤਰੇ ਮੁੜ ਮੁੜ ਉਹਨਾਂ ਯੋਧਿਆਂ ਨੂੰ ਨਮਨ ਕਰਨ ਲਈ ਮਜਬੂਰ ਕਰਦੇ ਹਨ, ਜਿਨ੍ਹਾਂ ਨੇ ਆਪੋ ਆਪਣੇ ਖ਼ਿੱਤੇ ਦੀਆਂ ਜ਼ੋਰਾਵਰ ਹਕੂਮਤਾਂ ਨਾਲ ਮੱਥਾ ਲਾਉਂਦਿਆਂ ਸ਼ਹਾਦਤ ਦੇ ਜਾਮ ਪੀਤੇ। ਅਰਜਨਟਾਈਨਾ ਵਿਚ ਜੰਮਿਆ, ਕਿਊਬਾ ਵਿਚ ਲੜਿਆ ਤੇ ਬੋਲੀਵੀਆ ਵਿਚ ਮਰਿਆ ਮਹਾਨ ਗੁਰੀਲਾ ਨਾਇਕ ਅਰਨੈਸਟੋ ਚੀ ਗਵੇਰਾ ਉਸ ਲਹੂ-ਭਿੱਜੇ ਦੌਰ ਦਾ ਇਨਕਲਾਬੀ ਆਈਕੋਨ ਸੀ, ਜਿਸ ਦਾ ਨਾਮ ਵੀ ਅਮਰੀਕਾ ਅਤੇ ਉਹਦੇ ਨਾਟੋ ਮਿੱਤਰਾਂ ਨੂੰ ਕੰਬਣੀ ਛੇੜਿਆ ਕਰਦਾ ਸੀ। ਬੋਲੀਵੀਆ ਵਿਚ ਇਨਕਲਾਬ ਲਹਿਰ ਨੂੰ ਜਥੇਬੰਦ ਕਰਦਿਆਂ ਇਕ ਮੁਕਾਬਲੇ ਦੌਰਾਨ ਉਸ ਨੂੰ ਫੜਕੇ ਸ਼ਹੀਦ ਕਰ ਦਿੱਤਾ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਫੜਣ ਤੋਂ ਬਾਅਦ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦਾ ਜਿਸਮ ਕਿਸੇ ਅਣਜਾਣੀ ਥਾਂ ਤੇ ਦਫ਼ਨਾਇਆ ਗਿਆ ਤਾਂ ਕਿ ਉਹ ਜਗ੍ਹਾ ਕਿਤੇ ਵਿਸ਼ਵ ਭਰ ਦੇ ਇਨਕਲਾਬੀਆਂ ਲਈ ਪੂਜਨ ਦੀ ਜਗ੍ਹਾ ਨਾਂ ਬਣ ਜਾਵੇ। ਸੰਨ੍ਹ 1997 ਵਿਚ ਜਦੋਂ ਬੋਲੀਵੀਆ ਵਿਚ Vellegrande ਦੇ ਸਥਾਨ ਤੇ ਉਸ ਦੀ ਕਬਰ ਦੀ ਨਿਸ਼ਾਨਦੇਹੀ ਕੀਤੀ ਗਈ ਤਾਂ ਉਸ ਦੇ ਸਰੀਰ ਨਾਲ ਹੱਥ ਨਹੀਂ ਸਨ। ਉਸ ਨੂੰ ਮਾਰਨ ਵਾਲੇ ਸੈਨਿਕ ਦਸਤੇ ਵਿਚ ਇਕ ਕਰਨਲ ਰੋਬਰਟੋ ਪਰੇਰਾ (Colonel Roberto Pereira) ਨਾਂ ਦਾ ਬੇਰਹਿਮ ਅਫਸਰ ਸੀ, ਉਸ ਨੇ ਚੀ ਗਵੇਰਾ ਦੇ ਦੋਨੋਂ ਹੱਥ ਕੱਟ ਦਿੱਤੇ ਸਨ। ਚੀ ਦੇ ਹੱਥ ਵੈਸੇ ਤਾਂ ਬੰਦੂਕ ਦੇ ਕੁੰਦਿਆਂ ਤੇ ਟਿਕੇ ਹਰ ਇਨਕਲਾਬੀ ਦੇ ਹੱਥ ਬਣ ਚੁੱਕੇ ਹਨ, ਫਿਰ ਵੀ ਉਸ ਨਿਹੱਥੇ ਸੂਰਬੀਰ ਦੇ ਹੱਥ ਕੱਟਣ ਵਾਲੇ ਨੂੰ ਇਸ ਦੀ ਸਜ਼ਾ ਤਾਂ ਦੇਣੀ ਬਣਦੀ ਸੀ।
— ਮੋਨਿਕਾ ਅਰਟਲ ਦਾ ਜਨਮ ਜਰਮਨ ਦੇ ਸ਼ਹਿਰ ਮਿਊਨਿਖ਼ ਵਿਚ 17 ਅਗਸਤ 1937 ਨੂੰ ਹੋਇਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸਦੇ ਪਿਤਾ ਬੋਲੀਵੀਆ ਚਲੇ ਗਏ, ਜਿੱਥੇ ਉਸਨੇ ਕੁਝ ਸਮੇਂ ਲਈ ਫਿਲਮਾਂ ਬਣਾਈਆਂ ਅਤੇ ਇੱਕ ਕਿਸਾਨ ਬਣ ਗਿਆ।ਮੋਨਿਕਾ ਅਰਟਲ 1952 ਵਿਚ ਬੋਲੀਵੀਆ ਆਈ ਸੀ। ਇੱਥੇ ਉਸਦੇ ਪਿਤਾ ਨੇ ਆਪਣੇ ਪਰਿਵਾਰ ਨੂੰ ਲਿਆ ਕੇ ‘ਲਾ ਡੋਲੋਰੀਡਾ’ ਇਕ ਫਾਰਮ ਵਿਚ ਇਕ ਨਵੀਂ ਜ਼ਿੰਦਗੀ ਸੁਰੂ ਕੀਤੀ। ਬੋਲੀਵੀਆ ਵਿੱਚ, ਉਸਨੇ ਆਪਣੇ ਪਿਤਾ ਦੇ ਨਾਲ ਕਈ ਫਿਲਮਾਂਕਣ ਮੁਹਿੰਮਾਂ ਵਿਚ ਸ਼ਾਮਿਲ ਹੋਈ। ਉਸ ਨੇ ਆਪਣੇ ਪਿਤਾ ਤੋਂ ਫਿਲਮੀ ਕੈਮਰਾ ਅਤੇ ਹਥਿਆਰ ਦੋਵਾਂ ਦੀ ਵਰਤੋਂ ਕਰਨੀ ਸਿੱਖੀ। ਇੱਥੇ ਹੀ ਉਸ ਦਾ ਵਿਆਹ ਇਕ ਬੋਲੀਵੀਅਨ-ਜਰਮਨ ਮਾਈਨਿੰਗ ਇੰਜੀਨੀਅਰ ਦੇ ਨਾਲ ਹੋਇਆ, ਪਰ ਜਲਦੀ ਹੀ ਉਹ ਇਸ ਨੀਰਸ ਜੀਵਨ ਤੋਂ ਉਪਰਾਮ ਹੋ ਗਈ। ਸੰਨ੍ਹ 1969 ਵਿਚ ਉਸਦੇ ਤਲਾਕ ਤੋਂ ਬਾਅਦ, ਉਹ ਚੀ ਗਵੇਰਾ ਦੀ ਤੋਰੀ ਗੁਰੀਲਾ ਲਹਿਰ, ਬੋਲੀਵੀਆ ਦੀ ਨੈਸ਼ਨਲ ਲਿਬਰੇਸ਼ਨ ਆਰਮੀ (ਈਐਲਐਨ) ਵਿਚ ਸ਼ਾਮਿਲ ਹੋ ਗਈ। ਜਲਦੀ ਉਸ ਨੇ ਰੂਪੋਸ਼ ਜੀਵਨ ਨੂੰ ਅਪਣਾ ਅਤੇ ਘਰ ਨੂੰ ਸਦਾ ਲਈ ਤਿਆਗ ਦਿੱਤਾ। ਗੁਰੀਲਾ ਜੀਵਨ ਦੌਰਾਨ ਹੀ ਉਹ ਚੀ ਗਵੇਰਾ ਦੇ ਜਾਨਸ਼ੀਨ ਇਨਤੀ ਪੇਰੇਡੋ ਦੇ ਨੇੜੇ ਆਈ, ਪਰ ਬਦਕਿਸਮਤੀ ਨਾਲ (Inti Peredo) ਨੂੰ 9 ਸਤੰਬਰ 1969 ਨੂੰ ਬੋਲੀਵੀਆ ਦੀ ਸੀਕਰੇਟ ਪੁਲਸ ਨੇ ਮਾਰ ਦਿੱਤਾ।
— ਚੀ ਗਵੇਰਾ ਨੂੰ ਮਾਰਨ ਵਾਲੇ ਕਰਨਲ ਪਰੇਰਾ ਨੂੰ ਬੋਲੀਵੀਆ ਦੀ ਸਰਕਾਰ ਨੇ ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਕੌਂਸਲੇਟ ਨਿਯੁਕਤ ਕਰ ਦਿੱਤਾ ਸੀ। ਮੋਨਿਕਾ ਜਰਮਨੀ ਦੀ ਜੰਮਪਲ ਸੀ, ਇਸ ਕਰਕੇ ਮੋਨਿਕਾ ਅਤੇ ਉਸਦੇ ਜੰਗਜੂ ਦਸਤੇ ਨੇ ਜਰਮਨ ਜਾ ਕੇ ਕਰਨਲ ਪਰੇਰਾ ਨੂੰ ਪਾਰ ਬਲਾਉਣ ਦਾ ਫੈਸਲਾ ਕਰ ਲਿਆ। ਬੋਲੀਵੀਆ ਦੀ ਇਨਕਲਾਬੀ ਜਥੇਬੰਦੀ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਮੈਂਬਰਾਂ ਨੇ ਕਰਨਲ ਪਰੇਰਾ ਨੂੰ ਸੰਨ੍ਹ 1971 ਵਿਚ ਕਤਲ ਕਰ ਦਿੱਤਾ। ਹਾਲਾਂਕਿ ਇਹ ਕਦੇ ਵੀ ਪੂਰੀ ਤਰ੍ਹਾਂ ਸਾਬਤ ਨਹੀਂ ਹੋਇਆ ਹੈ ਕਿ ਇਹ ਕਤਲ ਉਨ੍ਹਾਂ ਨੇ ਕੀਤਾ ਸੀ। ਪਰ ਕਤਲ ਦੇ ਸੀਨ ਤੋਂ ਮਿਲਿਆ ਕਾਗਜ਼ੀ ਸੁਨੇਹਾ ਇਹ ਸਾਬਤ ਕਰਦਾ ਸੀ ਕਿ ਇਹ ਕਤਲ ELN ਦੇ ਗੁਰੀਲਿਆਂ ਨੇ ਹੀ ਕੀਤਾ ਹੈ। ਕਰਨਲ ਪਰੇਰਾ ਦਾ ਕਤਲ ਵਿਸ਼ਵ ਭਰ ਵਿਚ ਬੁਰਜ਼ੁਆ ਸਰਕਾਰਾਂ ਦੇ ਫ਼ੀਲਿਆਂ ਲਈ ਇਕ ਸਬਕ ਸੀ, ਜੋ ਦਿਨ ਰਾਤ ਇਨਕਲਾਬੀ ਲਹਿਰਾਂ ਨੂੰ ਦਬਾਉਣ ਲਈ ਸਰਗਰਮ ਹੋਏ ਫਿਰਦੇ ਸਨ।
— ਬੋਲੀਵੀਆ ਦੀ ‘ਨੈਸ਼ਨਲ ਲਿਬਰੇਸ਼ਨ ਆਰਮੀ’ (ਈਐਲਐਨ) ਦੇ ਇੱਕ ਸਾਬਕਾ ਨੇਤਾ, ਓਸਾਲਡੋ ਚੈਟੋ ਪੇਰੇਡੋ ਨੇ, 1988 ਵਿੱਚ ਜਰਮਨ ਡਾਇਰੈਕਟਰ Christian Baudissin ਨਾਲ ਇੱਕ ਇੰਟਰਵਿਊ ਵਿੱਚ ਇਸ ਦੀ ਪੁਸ਼ਟੀ ਕੀਤੀ ਕਿ ਕੁਇੰਟਨੀਲਾ ਪਰੇਰਾ ਈਐਲਐਨ ਦਾ ਇੱਕ ਮੁੱਖ ਨਿਸ਼ਾਨਾ ਸੀ, ਕਿਉਂਕਿ ਉਹ ਗੁਵੇਰਾ ਦੀ ਲਾਸ਼ ਦੇ ਹੱਥ ਕੱਟਣ ਅਤੇ ਅਗਲੇਰੀ ਪਹਿਚਾਣ ਲਈ ਲਾ ਪਾਜ਼ ਭੇਜਣ ਦੇ ਹੁਕਮ ਲਈ ਜ਼ਿੰਮੇਵਾਰ ਸੀ। ਉਸ ਨੇ ਦੱਸਿਆ ਕਿ ਮੋਨਿਕਾ ਅਰਟਲ ਹੈਮਬਰਗ ਮਿਸ਼ਨ ਪੂਰਾ ਕਰਨ ਤੋਂ ਬਾਅਦ ਕਿਊਬਾ ਗਈ ਸੀ, ਜਿੱਥੇ ਉਸਨੇ ਪ੍ਰਸਿੱਧ ਮਾਰਕਸਵਾਦੀ ਪੱਤਰਕਾਰ ਰਾਗੀਸ ਡੇਬਰੇ ਨਾਲ ਮੁਲਾਕਾਤ ਵੀ ਕੀਤੀ ਸੀ।
—ਕਿਊਬਾ ਫੇਰੀ ਤੋਂ ਬਾਅਦ ਉਹ ਫਿਰ ਬੋਲੀਵੀਆ ਪਰਤ ਆਈ। ਕਾਫ਼ੀ ਅਰਸਾ ਬੋਲੀਵੀਆ ਵਿੱਚ ਉਹ ਗੁਪਤਵਾਸ ਜੀਵਨ ਬਤੀਤ ਕਰਦੀ ਰਹੀ ਅਤੇ ਇਨਕਲਾਬੀ ਲਹਿਰ ਨੂੰ ਸੰਗਠਿਤ ਕਰਨ ਵਿਚ ਰੁੱਝੀ ਰਹੀ। ਬੋਲੀਵੀਆ ਦੀ ਸਰਕਾਰ ਵੱਲੋਂ ਇਨਕਲਾਬੀ ਲਹਿਰ ਨੂੰ ਕੁਚਲਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ। ਆਖ਼ਰ ਉਸਨੂੰ ਅਤੇ ਉਸ ਦੇ ਇੱਕ ਹੋਰ ਗੁਰੀਲਾ ਸਾਥੀ ਨੂੰ 12 ਮਈ 1973 ਨੂੰ ਐਲ ਆਲਟੋ (ਲਾ ਪਾਜ਼ ਵਿੱਚ) ਵਿੱਚ ਬੋਲੀਵੀਆ ਦੇ ਸੁਰੱਖਿਆ ਬਲਾਂ ਨੇ ਘੇਰ ਕੇ ਮਾਰ ਦਿੱਤਾ। ਉਸ ਸਮੇਂ ਉਹ ਉਹ ਈ ਐਲ ਐਨ ਦਾ ਪੁਨਰਗਠਨ ਕਰਨ ਵਿਚ ਵਿਅਸਤ ਸੀ। ਰਾਗੀਸ ਡੇਬਰੇ ਦੇ ਅਨੁਸਾਰ, ਉਹ ਲਿਓਨ ਦੇ ਸਾਬਕਾ ਗੇਸਟਾਪੋ ਚੀਫ ‘Klaus Barbie ਨੂੰ ਅਗਵਾ ਕਰਨ ਦੀ ਤਿਆਰੀ ਕਰ ਰਹੀ ਸੀ ਤਾਂ ਕਿ ਉਸਨੂੰ ਚਿਲੀ ਲਿਆਇਆ ਜਾ ਸਕੇ ਅਤੇ ਨਤੀਜੇ ਵਜੋਂ ਫਰਾਂਸ ਵਿੱਚ ਨਿਆਂ ਲਈ ਜਾ ਸਕੇ ਜਿੱਥੇ ਉਸਨੂੰ ਇੱਕ ਨਾਜ਼ੀ ਯੁੱਧ ਅਪਰਾਧੀ ਮੰਨਿਆ ਗਿਆ ਸੀ। ਉਸ ਸਮੇਂ ਬਾਰਬੀ ਬੋਲੀਵੀਆ ਵਿੱਚ ਗੁਪਤ ਪੁਲਿਸ ਦੀ ਸਲਾਹਕਾਰ ਵਜੋਂ ਕੰਮ ਕਰ ਰਿਹਾ ਸੀ। ਪਰ ਅਫ਼ਸੋਸ ਕਿ ਇਨਕਲਾਬ ਰਾਹਾਂ ਦੀ ਪਾਂਧੀ ਬਹਾਦਰ ਮੋਨਿਕਾ ਅਰਟਲ ਆਪਣੇ ਦੂਸਰੇ ਮਿਸ਼ਨ ਵਿਚ ਕਾਮਯਾਬ ਨਾਂ ਹੋ ਸਕੀ।
—ਬੋਲੀਵੀਆ ਦੀ ਸਰਕਾਰ ਉਸ ਵੇਲੇ ਪੂਰੀ ਤਰ੍ਹਾ ਅਮਰੀਕਾ ਅਤੇ ਉਸ ਦੇ ਜੋਟੀਦਾਰਾਂ ਦੇ ਪ੍ਰਭਾਵ ਹੇਠ ਸੀ। ਬੋਲੀਵੀਅਨ ਸਰਕਾਰ ਨੇ ਮੋਨਿਕਾ ਦੀ ਦੇਹ ਨੂੰ ਦਫ਼ਨਾਉਣ ਲਈ ਉਸਦੇ ਪਰਿਵਾਰ ਵਾਲਿਆਂ ਦੇ ਹਵਾਲੇ ਨਹੀਂ ਕੀਤਾ ਗਿਆ। ਉਸ ਨੂੰ ਕਿਸੇ ਅਣਦੱਸੀ ਥਾਂ ਤੇ ਦਫ਼ਨਾ ਦਿੱਤਾ ਗਿਆ। ਅੱਜ ਤੱਕ ਵੀ ਉਸ ਬਹਾਦਰ ਔਰਤ ਦੀ ਕਬਰ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪਰ ਸਾਥੀ ਚੀ ਗਵੇਰਾ ਦੇ ਕੱਟੇ ਹੋਏ ਹੱਥਾਂ ਦਾ ਬਦਲਾ ਲੈਣ ਵਜੋਂ ਗੁਰੀਲਾ ਕਮਾਂਡਰ ਕਾਮਰੇਡ ਮੋਨਿਕਾ ਅਰਟਲ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ।
ਸਰਬਜੀਤ ਸੋਹੀ, ਆਸਟਰੇਲੀਆ

Leave a Reply

Your email address will not be published. Required fields are marked *