ਗੁਰਦਾਸਪੁਰ, ਮਾਨਸਾ,10 ਮਾਰਚ (ਸਰਬਜੀਤ ਸਿੰਘ)– ਸਵਿੱਤਰੀ ਬਾਈ ਫੂਲੇ ਦਾ ਜਨਮ ਮਹਾਂਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ‘ਨਮਾਂਗਾਓਂ’ ਪਿੰਡ ਵਿਖੇ ਪਿਤਾ ਖ਼ੰਦੋਜ਼ੀ ਨੈਵੇਸੇ ਦੇ ਘਰ ਅਤੇ ਮਾਤਾ ਲਕਸ਼ਮੀ ਬਾਈ ਦੀ ਕੁੱਖੋਂ 3 ਜਨਵਰੀ 1837 ਨੂੰ ਹੋਇਆ ਸੀ। ਅੱਜ ਉਸਨੂੰ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਅਤੇ ਮਰਾਠੀ ਭਾਸ਼ਾ ਦੀ ਕਵਿੱਤਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਉਸਨੇ ਆਪਣੇ ਜੀਵਨ ਨੂੰ ਇੱਕ ਮਿਸ਼ਨ ਦੀ ਤਰ੍ਹਾਂ ਹੰਢਾਇਆ। ਸਵਿੱਤਰੀ ਬਾਈ ਦਾ ਵਿਆਹ ਬਾਲ ਉਮਰ ਵਿੱਚ ਹੀ 1840 ਵਿੱਚ ਸਿਰਫ਼ 9 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਗਿਆ ਸੀ। ਉਸਦੇ ਪਤੀ ਮਹਾਤਮਾ ਜਿਓਤੀ ਬਾ ਫੂਲੇ ਜਿਸਦੀ ਉਮਰ ਉਸ ਸਮੇਂ 13 ਸਾਲ ਦੀ ਸੀ। ਜਲਦੀ ਹੀ ਸਵਿੱਤਰੀ ਬਾਈ ਫੂਲੇ ਆਪਣੇ ਪਤੀ ਨਾਲ ਪੁਣੇ ਵਿਖੇ ਰਹਿਣ ਲੱਗ ਪਈ। ਉਸਨੇ ਵਿਆਹ ਤੋਂ ਬਾਅਦ ਪੜ੍ਹਨਾ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਉਹ ਦੇਸ਼ ਦੀ ਪਹਿਲੀ ਵਿਦਿਆਰਥਣ ਬਣ ਗਈ। ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਸਦੇ ਅੰਦਰ ਇਹ ਚਿਣਗ ਪੈਦਾ ਹੋਈ ਕਿ ਬਾਕੀ ਔਰਤਾਂ ਨੂੰ ਵੀ ਸਿੱਖਿਆ ਮਿਲਣੀ ਚਾਹੀਦੀ ਹੈ। ਇਸ ਦੇ ਲਈ ਉਸਨੇ ਆਪਣੇ ਪਤੀ ਜਿਓਤੀ ਬਾ ਫੂਲੇ ਨਾਲ ਮਿਲਕੇ ਕੁੜੀਆਂ ਨੂੰ ਪੜਾਉਣ ਲਈ ਖ਼ੁਦ ਇਕ ਸਕੂਲ ਖੋਲਿਆ। ਇਹ ਪਹਿਲਾ ਸਕੂਲ ਸੀ,ਜੋ ਇੱਕ ਜਨਵਰੀ 1848 ਨੂੰ ਪੁਣੇ ਵਿੱਚ ਖੋਲਿਆ ਗਿਆ ਸੀ। ਉਸਨੇ ਆਪਣੇ ਮਿਸ਼ਨ ਨੂੰ ਮੁੱਖ ਰੱਖਦਿਆਂ ਔਰਤਾਂ ਨੂੰ ਖ਼ਾਸ ਕਰਕੇ ਛੂਤ – ਛਾਤ ਦੀਆਂ ਸ਼ਿਕਾਰ ਦਲਿਤ ਔਰਤਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਜਿਸ ਦੀ ਦੂਰ ਦੂਰ ਤੱਕ ਚਰਚਾ ਹੋਣ ਲੱਗੀ। ਉਸ ਸਮੇਂ ਦੇਸ਼ ਅੰਦਰ ਚਾਰੋਂ ਤਰਫ਼ ਮਨੂੰਵਾਦੀ ਬ੍ਰਾਹਮਣਵਾਦੀ ਵਿਚਾਰਾਂ ਦਾ ਬੋਲਬਾਲਾ ਸੀ। ਜਿਸ ਦਾ ਵਿਚਾਰਧਾਰਕ ਆਧਾਰ ਮੰਨੂੰ ਸਿਮ੍ਰਿਤੀ ਸੀ। ਜਿਸਦੇ ਤਹਿਤ ਲੜਕੀਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਪੂਰਨ ਪਾਬੰਦੀ ਸੀ ਅਤੇ ਧਰਮਗੁਰੂ ਇਸਦਾ ਡਟਵਾਂ ਵਿਰੋਧ ਕਰ ਰਹੇ ਸਨ। ਜਿਵੇਂ ਅੱਜ ਵੀ ਕਈ ਸਾਰੇ ਮੁਲਕਾਂ ਵਿੱਚ ਕੁੜੀਆਂ ਨੂੰ ਸਿੱਖਿਆ ਦੇਣ ਤੇ ਪਾਬੰਦੀ ਹੈ।ਕਿਉਂਕਿ ਮਨੂੰ ਸਿਮ੍ਰਤੀ ਵਿੱਚ ਕਿਹਾ ਗਿਆ ਹੈ ਕਿ, ਪਿਤਾ, ਪਤੀ ਅਤੇ ਭਾਈ ਆਦਿ ਮਨੁੱਖਾਂ ਨੂੰ ਚਾਹੀਦਾ ਹੈ ਕਿ “ਉਹ ਇਸਤਰੀਆਂ ਨੂੰ ਹਮੇਸ਼ਾ ਆਪਣੇ ਕਾਬੂ ਵਿੱਚ ਰੱਖਣ, ਉਹਨਾਂ ਨੂੰ ਸੁਤੰਤਰ ਨਾ ਰਹਿਣ ਦੇਣ, ਔਰਤਾਂ ਆਜ਼ਾਦੀ ਦੇ ਕਾਬਿਲ ਨਹੀਂ ਹਨ।” ਜਦੋਂ ਸਵਿੱਤਰੀ ਬਾਈ ਫੂਲੇ ਆਪਣੇ ਸਕੂਲ ਪੜ੍ਹਾਉਣ ਜਾਂਦੀ, ਤਾਂ ਲੋਕ ਉਸਦੇ ਪੱਥਰ ਮਾਰਦੇ, ਉੱਪਰ ਕੂੜਾ ਅਤੇ ਚਿੱਕੜ ਸੁਟਦੇ, ਗਾਲ਼ੀ – ਗਲੋਚ ਕਰਦੇ। ਸਕੂਲ ਜਾਕੇ ਉਹ ਆਪਣੇ ਕੱਪੜੇ ਬਦਲ ਕੇ ਪੜ੍ਹਾਉਣਾ ਸ਼ੁਰੂ ਕਰ ਦਿੰਦੀ। ਬ੍ਰਾਹਮਣਵਾਦੀ ਅਤੇ ਮਰਦ – ਵਾਦੀ ਸੋਚ ਦੇ ਧਾਰਨੀ ਲੋਕ ਲਗਾਤਾਰ ਉਸਨੂੰ ਪ੍ਰੇਸ਼ਾਨ ਕਰਦੇ ਰਹੇ। ਫੂਲੇ ਪ੍ਰੀਵਾਰ ਦੇ ਇਸ ਚੰਗੇ ਅਤੇ ਨਿਆਇਕ ਕੰਮ ਲਈ ਉਸਦੀ ਸਹੇਲੀ ਫ਼ਾਤਿਮਾ ਸ਼ੇਖ਼ ਨੇ ਵੀ ਉਹਨਾਂ ਦੇ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਜੋਤੀਬਾ ਫੂਲੇ ਦੇ ਦੋਸਤ ਉਸਮਾਨ ਸ਼ੇਖ਼ ਦੀ ਭੈਣ ਸੀ। ਜਿਸਨੇ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਸਕੂਲ ਖੋਲ੍ਹਣ ਲਈ ਆਸਰਾ ਦਿੱਤਾ।
ਸਵਿੱਤਰੀ ਬਾਈ ਫੂਲੇ ਨੇ ਕੁੜੀਆਂ ਨੂੰ ਸਿੱਖਿਆ ਦੇਣ ਤੋਂ ਇਲਾਵਾ ਸਮਾਜ ਵਿੱਚ ਛੂਆਛਾਤ, ਬਾਲ ਵਿਆਹ, ਸਤੀ ਪ੍ਰਥਾ ਅਤੇ ਵਿਧਵਾ ਵਿਆਹ ਤੇ ਪਾਬੰਦੀ ਦੇ ਖ਼ਿਲਾਫ਼ ਵੀ ਡਟਕੇ ਲੜਾਈ ਲੜੀ। ਸਮਾਜਿਕ ਕੁਰੀਤੀਆਂ ਦਾ ਡਟਵਾਂ ਵਿਰੋਧ ਕੀਤਾ। ਸਵਿੱਤਰੀ ਬਾਈ ਵੱਲੋਂ ਹੋਰਨਾਂ ਔਰਤਾਂ ਨਾਲ ਮਿਲਕੇ ਆਪਣੇ ਉਦੇਸ਼ ਦੀ ਪੂਰਤੀ ਲਈ ‘ਮਹਿਲਾ ਸੇਵਾ ਮੰਡਲ ‘ ਦੀ ਸਥਾਪਨਾ ਵੀ ਕੀਤੀ ਗਈ ਸੀ। ਇਸ ਲਈ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਨਾਰੀਵਾਦ ਦੀ ਜਨਨੀ ਵੀ ਕਿਹਾ ਜਾਂਦਾ ਹੈ। ਸਵਿੱਤਰੀ ਬਾਈ ਫੂਲੇ ਨੇ ਔਰਤਾਂ ਨੂੰ ਸਿੱਖਿਆ ਦੇਣ ਲਈ ਆਪਣੇ ਪਤੀ ਨਾਲ ਮਿਲਕੇ ਪਹਿਲਾ ਸਕੂਲ 1 ਜਨਵਰੀ 1848 ਪੁਣੇ ਵਿੱਚ ਖੋਲਿਆ, ਪੁਣੇ ਵਿੱਚ ਹੀ ਦੂਜਾ ਸਕੂਲ 15 ਸਤੰਬਰ 1851 ਨੂੰ ਅਤੇ 15 ਮਾਰਚ 1852 ਨੂੰ ‘ਬਤਾਲੀ ਪੈਂਠ’ ਵਿਖੇ ਤੀਜਾ ਸਕੂਲ ਖੋਲ੍ਹਕੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਦੀ ਲਹਿਰ ਸ਼ੁਰੂ ਕੀਤੀ ਗਈ। ਇਸ ਅਣਥੱਕ ਘਾਲਣਾ ਨੇ ਉਸਨੂੰ ਪਹਿਲੀ ਅਧਿਆਪਕਾ ਹੋਣ ਦਾ ਮਾਣ ਬਖ਼ਸ਼ਿਆ। ਪਿਛਲੀਆਂ ਦੋ ਸਦੀਆਂ ਦੇ ਇਤਿਹਾਸ ਵਿੱਚ ਉਸਦਾ ਨਾਂ ਸਭ ਤੋਂ ਉੱਪਰ ਹੈ। ਉਸਨੇ ਅਜਿਹੇ ਸਮੇਂ ਔਰਤਾਂ ਦੇ ਹੱਕਾਂ ਲਈ ਸੰਘਰਸ਼ ਸ਼ੁਰੂ ਕੀਤਾ, ਜਦੋਂ ਭਾਰਤ ਵਿੱਚ ਔਰਤਾਂ ਨੂੰ ਬਰਾਬਰ ਅਤੇ ਬੁਨਿਆਦੀ ਅਧਿਕਾਰ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਜਦੋਂ ਔਰਤਾਂ ਪਿਤਾਪੁਰਖੀ ਦਾਬੇ ਦੇ ਅਧੀਨ ਰਹਿ ਰਹੀਆਂ ਸਨ। ਉਹਨਾਂ ਦੇ ਆਪਣੀ ਕੋਈ ਔਲਾਦ ਨਹੀਂ ਸੀ ਪਰ ਉਹਨਾਂ ਨੇ ਯਸ਼ਵੰਤ ਰਾਏ ਨਾਂ ਦੇ ਬੱਚੇ ਨੂੰ ਗੋਦ ਲਿਆ ਹੋਇਆ ਸੀ।
1998 ਵਿੱਚ ਭਾਰਤ ਸਰਕਾਰ ਵੱਲੋਂ ਉਸਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ ਸੀ। 2014 ਵਿੱਚ ਮਹਾਰਾਸ਼ਟਰ ਸਰਕਾਰ ਨੇ ਪੁਣੇ ਯੂਨੀਵਰਸਿਟੀ ਦਾ ਨਾਂ ਬਦਲ ਕੇ “ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ” ਰੱਖਿਆ ਗਿਆ ਸੀ। ਉਹ ਮਰਾਠੀ ਭਾਸ਼ਾ ਵਿੱਚ ਕਵਿਤਾਵਾਂ ਵੀ ਲਿਖਿਆ ਕਰਦੀ ਸੀ, ਜਿਸਦਾ ਕਾਵਿ ਸੰਗ੍ਰਹਿ ਪਹਿਲੀ ਵਾਰ 1854 ਵਿੱਚ ਛਾਪਿਆ ਗਿਆ ਸੀ। ਸਵਿੱਤਰੀ ਬਾਈ ਫੂਲੇ ਔਰਤਾਂ ਨੂੰ ਇਹ ਸਿੱਖਿਆ ਦੇ ਰਹੀ ਸੀ ਕਿ ਭਾਰਤੀ ਸਮਾਜ ਵਿੱਚ ਜਾਤੀ ਵਿਵਸਥਾ ਅਤੇ ਧਾਰਮਿਕ ਅੰਧਵਿਸ਼ਵਾਸ ਔਰਤਾਂ ਨੂੰ ਪਛੜਾਪਨ ਬਣਾਕੇ ਰੱਖਣਾ ਚਾਹੁੰਦੇ ਹਨ। ਭਾਵੇਂ ਬਸਤੀਵਾਦੀ ਸ਼ਾਸ਼ਨ ਦੌਰਾਨ ਨਾਰੀ ਸਿੱਖਿਆ, ਵਿਧਵਾ ਵਿਆਹ, ਬਾਲ ਵਿਆਹ, ਸਤੀ ਪ੍ਰਥਾ ਆਦਿ ਉੱਪਰ ਰੋਕ ਲਗਾਉਣ ਲਈ ਅਨੇਕਾਂ ਸੁਧਾਰਵਾਦੀ ਲਹਿਰਾਂ ਨੇ ਜਨਮ ਲਿਆ। ਅੰਗਰੇਜ਼ਾਂ ਨੂੰ ਕਈ ਕਾਨੂੰਨ ਬਣਾਕੇ ਇਹਨਾਂ ਸਮਾਜਿਕ ਕੁਰੀਤੀਆਂ ਉੱਪਰ ਪਾਬੰਦੀ ਵੀ ਲਾਉਣੀ ਪਈ ਸੀ। ‘ਈਸਟ ਇੰਡੀਆ ਕੰਪਨੀ’ ਦੇ ਸਮੇਂ ਇਸਤਰੀ ਸਿੱਖਿਆ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਪਿਆ। ਇਹ ਫੂਲੇ ਪ੍ਰੀਵਾਰ ਦੀ ਵੱਡੀ ਜਿੱਤ ਸੀ।