ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਸੁਨੀਲ ਤਾਰਗੋਤਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਸਿਹਤ ਸੇਵਾਵਾਂ ਪ੍ਰਧਾਨ ਕਰ ਰਹੇ ਨੇ । ਜਿੰਨਾ ਵਿੱਚ ਵੱਖ-ਵੱਖ ਕੈਟੇਗਰੀਆਂ ਕੰਮ ਕਰ ਰਹਿਆਂ ਹਨ । ਜਿਵੇਂ ਕੀ ਡਾਕਟਰ,ਕਮਿਊਨਟੀ ਹੈਲਥ ਅਫ਼ਸਰ, ਆਰਬੀਐਸਕੇ, ਸਟਾਫ਼ ਨਰਸਾਂ, ਏਐੱਨਐੱਮ, ਆਰਐਨਟੀਸੀਪੀ ਸਟਾਫ,ਅਕਾਊਂਟੈਂਟ,ਕੰਪਿਉਟਰ ਓਪਰੇਟਰ ਆਦਿ ਹੈ। ਸਮੇਂ ਸਮੇਂ ਸਿਰ ਪੰਜਾਬ ਵਿੱਚ ਆਈਆਂ ਵੱਖ-ਵੱਖ ਸਰਕਾਰਾਂ ਨੇ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਪਰ ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉੱਤਰੀ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਅੱਜ ਵੀ ਨਿਗੂਣੀਆਂ ਤਨਖਾਵਾਂ ਤੇ ਹੀ ਕੰਮ ਕਰ ਰਹੇ ਨੇ ।
ਇਥੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅੱਜ ਦੀ ਸਰਕਾਰ ਦੇ ਮਜੌਦਾ ਕੈਬਿਨੇਟ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ,ਸ਼੍ਰੀਮਤੀ ਅਨਮੋਲ ਗਗਨ ਮਾਨ ਜੀ ਅਤੇ ਸ੍ਰੀ ਮੀਤ ਹੇਅਰ ਜੀ ਸਾਡੀਆਂ ਕਾਂਗਰਸ ਸਰਕਾਰ ਵਿਰੁੱਧ ਕੀਤੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਸਰਕਾਰ ਬਣਦੇ ਸਾਰ ਹੀ ਪੱਕਾ ਕਰਨ ਦਾ ਵਾਅਦਾ ਕਰ ਕੇ ਗਏ ਸੀ ਪਰ ਅਫ਼ਸੋਸ ਦੀ ਗੱਲ ਇਹ ਹੈ ਕੀ ਜਿਸ ਸਰਕਾਰ ਨੂੰ ਬਣਾਉਣ ਲਈ ਅਸੀਂ ਅਹਿਮ ਭੂਮਿਕਾ ਨਿਭਾਈ ਅੱਜ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋਣ ਦੇ ਬਾਵਜ਼ੂਦ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਨਾਂ ਤੇ ਪੱਕਾ ਕੀਤਾ ਗਿਆ ਅਤੇ ਨਾਂ ਹੀ ਕਿਸੇ ਮੁਲਾਜ਼ਮ ਦੀਆਂ ਤਨਖਾਵਾਂ ਵਿੱਚ ਕਿਸੇ ਤਰੀਕੇ ਦਾ ਕੋਈ ਵਾਧਾ ਕੀਤਾ ਗਿਆ । ਉਹਨਾਂ ਸਰਕਾਰ ਨਾਲ ਹੋਈ ਗੱਲਬਾਤ ਦਾ ਬਿਓਰਾ ਦਿੰਦੇ ਹੋਏ ਦਸਿਆ ਕਿ ਪਿਛਲੇ ਤਿੰਨ ਸਾਲ ਵਿੱਚ ਸਰਕਾਰ ਦੇ ਵੱਖ-ਵੱਖ ਨੁਮਾਂਦਿਆਂ ਨੇ ਸਾਡੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਪਰ ਸਰਕਾਰ ਵੱਲੋਂ ਹਰ ਮੀਟਿੰਗ ਵਿੱਚ ਸਿਰਫ ਖੋਖਲੇ ਵਾਅਦੇ ਕੀਤੇ ਗਏ ਅਤੇ ਲਾਰੇਬਾਜ਼ੀ ਦੀ ਨੀਤੀ ਅਪਣਾਈ ਗਈ, ਪਰੰਤੂ ਹੁਣ ਸਾਡੇ ਸਬਰ ਦੀ ਹੱਦ ਮੁੱਕ ਚੁੱਕੀ ਹੈ ਸੋ ਮਜਬੂਰਨ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਮੂਹ ਕੈਟਾਗਿਰੀਆਂ ਦੇ ਮੁਲਾਜ਼ਮ ਇਕੱਠੇ ਹੋ ਕੇ 1 ਫ਼ਰਵਰੀ 2025 ਨੂੰ ਦਿੱਲੀ ਵੱਲ ਕੂਚ ਕਰਨਗੇ ਅਤੇ ਦਿੱਲੀ ਦੀਆਂ ਸੜਕਾਂ ਤੇ ਉੱਤਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਣਗੇ ।