ਕਿਸਾਨ ਖੇਤੀਬਾੜੀ ਦੇ ਨਾਲ ਸਹਾਇਕ ਕਿੱਤੇ ਸ਼ੁਰੂ ਕਰਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ – ਰਮਨ ਬਹਿਲ
ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ ) – ਪਸ਼ੂ ਪਾਲਣ ਵਿਭਾਗ, ਗੁਰਦਾਸਪੁਰ ਵੱਲੋਂ ਐਸਕਾਡ ਸਕੀਮ ਅਧੀਨ ਅੱਜ ਪਿੰਡ ਗਜਨੀਪੁਰ ਵਿਖੇ ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਕੈਂਪ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਤੇ ਜਾਗਰੂਕਤਾ ਕੈਂਪ ਲਗਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਪਸ਼ੂ ਪਾਲਕਾਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਕੈਂਪ ਜਰੀਏ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੀ ਸੰਭਾਲ ਸਬੰਧੀ ਮਾਹਿਰਾਂ ਕੋਲੋਂ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਦੱਸਿਆ ਗਿਆ ਹੈ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਕਿਸਾਨੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਭਲਾਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਸਹਾਇਕ ਧੰਦੇ ਸ਼ੁਰੂ ਕਰਨ ਲਈ ਜਿੱਥੇ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਓਥੇ ਸਬਸਿਡੀ ਉੱਪਰ ਕਰਜ਼ੇ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਐਗਰੋ ਬਿਜ਼ਨਸ ਨੂੰ ਅਪਣਾਉਣ ਅਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਠਾਉਂਦੇ ਹੋਏ ਆਪਣੀ ਆਮਦਨ ਵਿੱਚ ਵਾਧਾ ਕਰਨ। ਉਨ੍ਹਾਂ ਕਿਹਾ ਕਿ ਜਲਦੀ ਹੀ ਕਿਸਾਨਾਂ ਲਈ ਵਿਸ਼ੇਸ਼ ਕੈਂਪ ਲਗਾ ਕੇ ਸਰਕਾਰ ਦੀਆਂ ਸਬਸਿਡੀ ਵਾਲੀਆਂ ਕਰਜ਼ਾ ਸਕੀਮਾਂ ਅਤੇ ਕਿਸਾਨ ਕ੍ਰੈਡਿਟ ਸਕੀਮ ਦਾ ਲਾਭ ਵੀ ਦਿਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਇਸ ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਕੈਂਪ ਦੌਰਾਨ ਅਲੱਗ-ਅਲੱਗ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ ਬਰੂਸੀਲੋਸਿਸ, ਲੰਪੀ ਸਕਿਨ, ਮੂੰਹ ਖੁਰ, ਬਰਡ ਫਲੂ, ਟਰਾਈਪੈਨੋਸੋਮੀਐਸਿਸ, ਗਲੈਂਡਰਜ਼, ਲੈਪਟੋਸਪਾਈਰੋਸਿਸ, ਗਲਘੋਟੂ, ਪੀਲੀਆ, ਪਸ਼ੂਆਂ ਵਿੱਚ ਨਾਈਟ੍ਰੇਟ ਜ਼ਹਿਰਬਾਦ ਅਤੇ ਹਲ਼ਕਾਅ ਦੀ ਬਿਮਾਰੀ ਅਤੇ ਰੋਕਥਾਮ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਕੈਂਪ ਵਿੱਚ ਮਾਹਿਰਾਂ ਵੱਲੋਂ ਪਸ਼ੂਆਂ ਵਿੱਚ ਬਾਂਝਪਨ ਪ੍ਰਤੀ ਉਚੇਚੇ ਤੌਰ ‘ਤੇ ਦੱਸਿਆ ਗਿਆ ਅਤੇ ਕੈਂਪ ਵਿੱਚ ਸ਼ਾਮਲ ਹੋਏ ਪਸ਼ੂ ਪਾਲਕਾਂ ਨੂੰ ਮਿਨਰਲ ਮਿਕਸਚਰ ਦੀਆਂ ਮੁਫ਼ਤ ਕਿੱਟਾਂ ਵੰਡੀਆਂ ਗਈਆਂ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਸਪ੍ਰੀਤ ਸਿੰਘ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਨੂੰ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਸੂਰ ਪਾਲਣ, ਪੋਲਟਰੀ ਫਾਰਮ ਆਦਿ ਸਹਾਇਕ ਕਿੱਤੇ ਸ਼ੁਰੂ ਕਰਨ ਲਈ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਬੈਂਕ ਲੋਨ ਕਰਵਾਉਣ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਪਸ਼ੂ ਪਾਲਕਾਂ ਲਈ ਸ਼ੁਰੂ ਕੀਤੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਬਾਰੇ ਵੀ ਵਿਸਥਾਰ ਵਿੱਚ ਦੱਸਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਬੀਰ ਬਹਿਲ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਜਸਵਿੰਦਰ ਸਿੰਘ, ਏ.ਡੀ. ਡਾ. ਹਰਪ੍ਰੀਤ ਸਿੰਘ, ਡਾ. ਗੁਰਦੇਵ ਸਿੰਘ, ਡਾ. ਦਵਿੰਦਰ ਸਿੰਘ, ਡਾ. ਚਰਨਜੀਵ ਸਿੰਘ, ਡਾ. ਕੰਵਰ ਅਰਸ਼ਜੋਤ ਸਿੰਘ, ਡਾ. ਪ੍ਰਭਜੀਤ ਸਿੰਘ, ਡਾ. ਰਾਕੇਸ਼, ਡਾ. ਨਵਜੀਤ, ਡਾ. ਜੋਤੀ ਅਤੇ ਵੈਟਰਨਰੀ ਇੰਸਪੈਕਟਰ ਮਨਜੋਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਹਾਜ਼ਰ ਸਨ।