ਗੁਰਦਾਸਪਰ ਸਹਿਕਾਰੀ ਖੰਡ ਮਿੱਲ ਦੇ ਸਮੂਹ ਹਿੱਸੇਦਾਰਾਂ ਦਾ ਸੱਤਵਾਂ ਸਲਾਨਾ ਆਮ ਇਜਲਾਸ ਸੰਪਨ

ਗੁਰਦਾਸਪੁਰ

ਆਮ ਇਜਲਾਸ ’ਚ ਰੱਖੇ ਗਏ ਏਜੰਡੇ ਸਮੂਹ ਹਿੱਸੇਦਾਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦੀ ਸਾਰੀ ਬਕਾਇਆ ਰਾਸ਼ੀ ਅਦਾ ਕੀਤੀ – ਸ਼ਮਸ਼ੇਰ ਸਿੰਘ

ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ ) – ਗੁਰਦਾਸਪਰ ਸਹਿਕਾਰੀ ਖੰਡ ਮਿੱਲ ਦੇ ਸਮੂਹ ਹਿੱਸੇਦਾਰਾਂ ਦਾ ਸੱਤਵਾਂ ਸਲਾਨਾ ਆਮ ਇਜਲਾਸ ਅੱਜ ਐਚ.ਕੇ. ਰਿਜੋਰਟ ਪਨਿਆੜ ਵਿਖੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ 550 ਤੋਂ ਵੱਧ ਹਿੱਸੇਦਾਰਾਂ ਨੇ ਭਾਗ ਲਿਆ।

ਉੱਘੇ ਜਨਤਕ ਆਗੂ ਸ੍ਰੀ ਸਮੇਸ਼ਰ ਸਿੰਘ ਦੀਨਾਨਗਰ ਵਿਸ਼ੇਸ ਤੌਰ ’ਤੇ ਇਸ ਆਮ ਇਜਲਾਸ ਵਿੱਚ ਪਹੰੁਚੇ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੀ ਬਕਾਇਆ ਰਹਿੰਦੀ ਸਾਰੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਦਾ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਗੁਰਦਾਸਪੁਰ ਇਲਾਕੇ ਦਾ ਪੌਣ-ਪਾਣੀ ਗੰਨੇ ਦੀ ਫਸਲ ਲਈ ਬਹੁਤ ਢੁਕਵਾਂ ਹੈ ਅਤੇ ਕਿਸਾਨਾਂ ਵੱਲੋਂ ਇਥੇ ਗੰਨੇ ਦੀ ਪੈਦਾਵਾਰ ਵਿੱਚ ਦਿਲਸਚਪੀ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੰਨਾਂ ਕਾਸ਼ਤਕਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਸਰਕਾਰ ਵੱਲੋਂ ਗੁਰਦਾਸਪੁਰ ਮਿੱਲ ਦੀ ਪਿੜਾਈ ਸਮਰੱਥਾ 2000 ਟੀ.ਸੀ.ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਿੱਲ ਦੀ ਸਮਰੱਥਾ ਵਧਾਉਣ ਦਾ ਪ੍ਰੋਜੈਕਟ ਮਾਰਚ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਗੁਰਦਾਸਪੁਰ ਇਲਾਕੇ ਦੇ ਸਾਰੇ ਗੰਨੇ ਦੀ ਪਿੜਾਈ ਇਹ ਸ਼ੂਗਰ ਮਿੱਲ ਹੀ ਕਰੇਗੀ।

ਇਸ ਮੌਕੇ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਅਤੇ ਸ਼ੂਗਰਫੈੱਡ ਦੇ ਨੁਮਾਇੰਦੇ ਸ਼੍ਰੀ ਅਰਵਿੰਦਰਪਾਲ ਸਿੰਘ ਕੈਰੋਂ ਵੱਲੋ ਮਿੱਲ ਦੀ ਸਲਾਨਾ ਕਾਰਗੁਜਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਮਿੱਲ ਦੇ ਮੁੱਖ ਲੇਖਾ ਅਫਸਰ ਸ਼੍ਰੀ ਐਸ.ਕੇ. ਮਲਹੋਤਰਾ ਵੱਲੋਂ ਆਮ ਇਜਲਾਸ ’ਚ ਵਿਚਾਰ ਕਰਨ ਲਈ ਏਜੰਡੇ ਰੱਖੇ ਗਏ, ਜੋ ਕਿ ਸਮੂਹ ਹਿੱਸੇਦਾਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਜਨਰਲ ਮੈਨੇਜਰ ਵੱਲੋਂ ਦੱਸਿਆ ਗਿਆ ਕਿ ਪਿੜਾਈ ਸ਼ੀਜਨ 2022-23 ਵਾਸਤੇ 25.00 ਲੱਖ ਕੁਵਿੰਟਲ ਗੰਨਾ ਪੀੜਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਾਸਤੇ ਗੰਨੇ ਦੇ ਬਾਂਡ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਪਿੜਾਈ ਦੇ ਟੀਚੇ ਪੂਰੇ ਕਰ ਲਏ ਜਾਣਗੇ।

ਇਸ ਤੋਂ ਪਹਿਲਾਂ ਡਾ. ਹਰਪਾਲ ਸਿੰਘ, ਡਾ. ਮਿੱਤਰਮਾਨ ਸਿੰਘ, ਡਾ. ਮਨਜੀਤ ਸਿੰਘ, ਡਾ. ਸੁਨੀਲ ਕਸਯਪ, ਡਾ. ਨੈਨਾ ਪਾਂਡੇ ਪੀ.ਏ.ਯੂ. ਗੁਰਦਾਸਪੁਰ ਵੱਲਂੋ ਗੰਨੇ ਦੇ ਵਿਕਾਸ ਅਤੇ ਕੀੜੇ-ਮਕੋੜਿਆਂ ਦੀ ਰੋਕਥਾਮ ਸਬੰਧੀ ਗੰਨਾ ਕਾਸ਼ਤਕਾਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵੱਲੋਂ ਅਗੇਤੀਆਂ ਅਤੇ ਵੱਧ ਝਾੜ ਦੇਣ ਵਾਲੀ ਕਿਸਮਾਂ ਜਿਵੇਂ ਕਿ ਸੀ.ਓ.ਪੀ.ਬੀ.-92, 95, 96, ਅਤੇ 98 ਦੀ ਬਿਜਾਈ ਕਰਨ ਲਈ ਗੰਨਾ ਕਾਸ਼ਤਕਾਰਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੀ.ਓ.-0238 ਕਿਸਮ ਅੰਦਰ ਰੱਤਾ ਰੋਗ ਦਾ ਹਮਲਾ ਦੇਖਣ ਵਿੱਚ ਆਇਆ ਇਸ ਲਈ ਸੀ.ਓ.-0238 ਅਧੀਨ ਰਕਬਾ ਘਟਾਇਆ ਜਾਵੇ।
ਇਸ ਤੋ ਇਲਾਵਾ ਸ਼੍ਰੀ ਹਰਦੇਵ ਸਿੰਘ ਚਿੱਟੀ, ਕੇਵਲ ਸਿੰਘ ਕੰਗ, ਸੁਖਜਿੰਦਰ ਸਿੰਘ ਕੱਤੋਵਾਲ ਅਤੇ ਦਿਲਬਾਗ ਸਿੰਘ ਚੀਮਾ ਵੱਲੋ ਵੀ ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਗੰਨਾ ਕਾਸ਼ਤਕਾਰਾਂ ਵਾਸਤੇ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਵੱਲੋਂ ਖੇਤੀ ਮਸ਼ੀਨਰੀ ਅਤੇ ਦਵਾਈਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।

ਇਸ ਮੌਕੇ ਸ਼੍ਰੀ ਪਵਨ ਕੁਮਾਰ ਭੱਲਾ, ਜਨਰਲ ਮੈਨੇਜਰ ਅਤੇ ਬਲਜਿੰਦਰ ਸਿੰਘ, ਡਾਇਰੈਕਟਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ ਗਿਆ। ਸਲਾਨਾ ਆਮ ਇਜਲਾਸ ਦਾ ਸਾਰਾ ਪ੍ਰੋਗਰਾਮ ਬੋਰਡ ਆਫ ਡਾਇਰੈਕਟਰ ਸ਼ੂਗਰ ਮਿੱਲ ਪਨਿਆੜ ਦੇ ਡਾਇਰੈਕਟਰ ਸ਼੍ਰੀ ਨਰਿੰਦਰ ਸਿੰਘ ਗੁਣੀਆਂ, ਸ਼੍ਰੀ ਕਸ਼ਮੀਰ ਸਿੰਘ, ਸ਼੍ਰੀ ਕਨਵਰਪ੍ਰਤਾਪ ਸਿੰਘ, ਸ਼੍ਰੀ ਬਿਸ਼ਨ ਦਾਸ, ਸ਼੍ਰੀ ਵਰਦਿੰਰ ਸਿੰਘ, ਸ਼੍ਰੀ ਬਲਜਿੰਦਰ ਸਿੰਘ, ਸ਼੍ਰੀ ਹਰਮਿੰਦਰ ਸਿੰਘ, ਸ਼੍ਰੀਮਤੀ ਅਨੀਤਾ ਕੁਮਾਰੀ, ਸ਼੍ਰੀਮਤੀ ਮਲਕੀਤ ਕੌਰ ਦੀ ਦੇਖ ਰੇਖ ਵਿੱਚ ਸਪੰਨ ਹੋਇਆ।

Leave a Reply

Your email address will not be published. Required fields are marked *