ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਅੱਜ ਇਥੇ ਔਰਤਾਂ ਲਈ ਬਰਾਬਰੀ, ਸੁਰਖਿਆ ਤੇ ਸਨਮਾਨ ਦੇ ਨਾਹਰੇ ਹੇਠ ਕੌਮਾਂਤਰੀ ਇਸਤਰੀ ਦਿਵਸ ਸਮਾਗਮ ਮਨਾਇਆ ਗਿਆ। ਔਰਤ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਹਕੂਮਤ ਦੀਆਂ ਜਨਤਾ ਨੂੰ ਪਾੜਨ ਵਾਲੀਆਂ ਫਿਰਕੂ ਨੀਤੀਆਂ ਤੇ ਕਾਰਪੋਰੇਟ ਪੱਖੀ ਵਿਨਾਸ਼ ਮਾਡਲ ਖ਼ਿਲਾਫ਼ ਵਿਆਪਕ ਲੋਕ ਅੰਦੋਲਨ ਖੜਾ ਕਰਨ ਸਾਥ ਦੇਣ।
ਬਲਵਿੰਦਰ ਕੌਰ ਬੈਰਾਗੀ, ਬਿੰਦਰ ਕੌਰ, ਕ੍ਰਿਸ਼ਨਾ ਕੌਰ, ਕਮਲ ਕੌਰ ਅਤੇ ਸਰਜਪਾਲ ਕੌਰ ਬਹਾਦਰਪੁਰ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਏ ਇਸ ਔਰਤ ਸਮਾਗਮ ਦੀ ਸ਼ੁਰੂਆਤ ਏਪਵਾ ਦੀ ਜ਼ਿਲਾ ਪ੍ਰਧਾਨ ਬਲਵਿੰਦਰ ਕੌਰ ਖਾਰਾ ਵਲੋਂ ਸ਼ਾਮਲ ਔਰਤਾਂ ਨੂੰ ਜੀ-ਆਇਆਂ ਕਹਿਣ ਨਾਲ ਹੋਈ। ਸਭਾ ਦੀ ਕੇਂਦਰੀ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜਾਓ’ ਦਾ ਨਾਹਰਾ ਦੇਣ ਵਾਲੀ ਮੋਦੀ ਸਰਕਾਰ ਬੜੀ ਬੇਸ਼ਰਮੀ ਨਾਲ ਲੜਕੀਆਂ ਤੋਂ ਜਿਉਣ, ਪੜਨ ਅਤੇ ਰੁਜ਼ਗਾਰ ਦਾ ਹੱਕ ਖੋਹ ਰਹੀ ਹੈ। ਇਸ ਵਲੋਂ ਮਾਸੂਮ ਬੱਚੀਆਂ ਦੇ ਰੇਪ ਤੇ ਕਤਲ ਤੱਕ ਕਰਨ ਵਾਲੇ ਗੁੰਡਾ ਅਨਸਰਾਂ ਦੀ ਖੁੱਲੇਆਮ ਪੁਸ਼ਤ ਪੁਨਾਹੀ ਕੀਤੀ ਜਾ ਰਹੀ ਹੈ। ਸੰਘ- ਬੀਜੇਪੀ ਵਲੋਂ ਦੇਸ਼ ਵਿਚੋਂ ਲੋਕਤੰਤਰ ਤੇ ਕਾਨੂੰਨ ਦਾ ਰਾਜ ਖਤਮ ਕਰਕੇ ਮੰਨੂ ਸਿਮਰਤੀ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜ਼ੋ ਦਲਿਤਾਂ ਔਰਤਾਂ ਅਤੇ ਘੱਟਗਿਣਤੀਆਂ ਨੂੰ ਸਿਖਿਆ, ਬਰਾਬਰੀ ਤੇ ਸੁਰਖਿਆ ਤੋਂ ਬਾਂਝਾ ਕਰਕੇ ਮੁੜ ਗੁਲਾਮੀ ਵੱਲ ਧੱਕਿਆ ਜਾ ਸਕੇ। ਦੇਸ਼ ਦਾ ਸਮੁੱਚਾ ਜਨਤਕ ਧਨ ਤੇ ਕੁਦਰਤੀ ਸੋਮੇ ਇਹ ਸਰਕਾਰ ਅਪਣੇ ਚਹੇਤੇ ਕਾਰਪੋਰੇਟਰਾਂ ਦੇ ਹਵਾਲੇ ਕਰ ਰਹੀ ਹੈ। ਸਾਨੂੰ ਇਕਜੁੱਟ ਹੋ ਕੇ ਕਿਸਾਨ ਅੰਦੋਲਨ ਵਾਂਗ ਅਖੌਤੀ ਵਿਕਾਸ ਦੇ ਇਸ ਮਨੁੱਖ ਤੇ ਵਾਤਾਵਰਨ ਵਿਰੋਧੀ ਮਾਡਲ ਨੂੰ ਚੁਣੌਤੀ ਦੇਣੀ ਪਵੇਗੀ। ਅੱਜ ਕੌਮਾਂਤਰੀ ਇਸਤਰੀ ਦਿਵਸ ਦਾ ਸਾਨੂੰ ਇਹੀ ਸੁਨੇਹਾ ਹੈ ਕਿ ਅਸੀਂ ਔਰਤਾਂ ਅਤੇ ਆਮ ਜਨਤਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਲਈ ਅਤੇ ਉਨਾਂ ਲਈ ਬੇਹਤਰ ਤੇ ਖੁਸ਼ਹਾਲ ਜੀਵਨ ਦੀ ਗਾਰੰਟੀ ਲਈ ਜਾਗਰਤ ਤੇ ਜਥੇਬੰਦ ਹੋ ਕੇ ਇਕ ਨਵੇਂ ਜਮਹੂਰੀ ਤੇ ਸਮਾਜਵਾਦੀ ਭਾਰਤ ਦੀ ਕਾਇਮੀ ਲਈ ਜਦੋਜਹਿਦ ਤੇਜ਼ ਕਰੀਏ।
ਸਮਾਗਮ ਵਲੋਂ ਪਾਸ ਕੀਤੇ ਇਕ ਮਤੇ ਵਿਚ ਭਗਵੰਤ ਮਾਨ ਸਰਕਾਰ ਦੀਆਂ ਸਖ਼ਤ ਨਿੰਦਾ ਕਰਦਿਆਂ ਕਿਹਾ ਗਿਆ ਕਿ ਸਰਕਾਰ ਬਣੀ ਨੂੰ ਇਕ ਸਾਲ ਹੋ ਜਾਣ ਦੇ ਬਾਵਜੂਦ ਔਰਤਾਂ ਦੀਆਂ ਵੋਟਾਂ ਵਟੋਰਨ ਲਈ ਕੇਜਰੀਵਾਲ ਵਲੋਂ ਹਰ ਔਰਤ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਜੋ ਚੋਣ ਵਾਅਦਾ ਕੀਤਾ ਗਿਆ ਸੀ, ਉਹ ਪੂਰੀ ਤਰ੍ਹਾਂ ਝੂਠ ਸਾਬਤ ਹੋਇਆ ਹੈ। ਔਰਤਾਂ ਆਪ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਤੋਂ ਸਮੂਹਕ ਤੌਰ ‘ਤੇ ਇਸ ਵਾਲਾ ਖਿਲਾਫੀ ਦਾ ਜਵਾਬ ਮੰਗਣਗੀਆਂ।
ਸਮਾਗਮ ਨੂੰ ਕ੍ਰਿਸ਼ਨਾ ਕੌਰ ਮਾਨਸਾ, ਬਿੰਦਰ ਕੌਰ ਉੱਡਤ, ਕਮਲਜੀਤ ਕੌਰ ਝੁਨੀਰ ਅਤੇ ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਵੀ ਸੰਬੋਧਨ ਕੀਤਾ ਗਿਆ। ਮੰਚ ਸੰਚਾਲਨ ਕਿਰਨਦੀਪ ਕੌਰ ਭੀਖੀ ਵਲੋਂ ਕੀਤਾ ਗਿਆ। ਲੋਕ ਗਾਇਕ ਸੁਖਬੀਰ ਖਾਰਾ ਨੇ ਔਰਤਾਂ ਦੇ ਦੁੱਖ ਦਰਦਾਂ ਤੇ ਸੰਘਰਸ਼ਾਂ ਬਾਰੇ ਦਿਲ ਟੁੰਬਵੇਂ ਗੀਤ ਪੇਸ਼ ਕਰ ਕੇ ਔਰਤਾਂ ਨੂੰ ਹਲੂਣਾ ਦਿੱਤਾ। ਸਮਾਗਮ ਵਿਚ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਆਗੂਆਂ ਨਿੱਕਾ ਸਿੰਘ ਬਹਾਦਰਪੁਰ, ਵਿਜੈ ਕੁਮਾਰ ਭੀਖੀ, ਏਕਟੂ ਆਗੂ ਸੁਖਵਿੰਦਰ ਬੋਹਾ, ਅਜੈਬ ਸਿੰਘ ਭੈਣੀਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਭੋਲਾ ਸਿੰਘ ਸਮਾਂਓ, ਆਇਸਾ ਆਗੂ ਸੁਖਜੀਤ ਰਾਮਾਂਨੰਦੀ ਅਤੇ ਗੁਰਵਿੰਦਰ ਨੰਦਗੜ੍ਹ ਵੀ ਹਾਜ਼ਰ ਸਨ।