ਜਗਰਾਓਂ , ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)– ਪਹਿਲੀ ਮਈ ਮਹਾਨ ਕੋਮਾਂਤਰੀ ਮਜ਼ਦੂਰ ਦਿਵਸ ਤੇ ਜਗਰਾਓਂ ਬਸ ਸਟੈਂਡ ਵਿਖੇ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਵਿਸ਼ਾਲ ਕਾਨਫਰੰਸ ਰੱਖੀ ਗਈ ਹੈ। .
ਇਸ ਸਬੰਧੀ ਹੋਈ ਮੀਟਿੰਗ ਚ ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਧ ਚੜ ਕੇ ਪੁੱਜਣ ਦਾ ਐਲਾਨ ਕੀਤਾ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕੰਵਲਜੀਤ ਖੰਨਾ, ਬਲਰਾਜ ਸਿੰਘ ਕੋਟ ਉਮਰਾ, ਅਵਤਾਰ ਸਿੰਘ ਗਗੜਾ, ਅਸੈਕ ਭੰਡਾਰੀ ਨੇ ਦੱਸਿਆ ਕਿ ਇਸ ਕਾਨਫਰੰਸ ਰਾਹੀਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਮਜ਼ਦੂਰ ਮੁਲਾਜ਼ਮ ਵਿਰੋਧੀ ਕਾਰਤ ਕੋਡ ਰੱਦ ਕਰਨ, ਸਰਕਾਰੀ ਅਦਾਰਿਆਂ ਦਾ ਨਿਜੀਕਰਨ ਰੋਕਣ, ਮਗਨਰੇਗਾ ਸਕੀਮ ਮੁੜ ਬਹਾਲ ਕਰਨ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਦੀਆਂ ਉਜ਼ਰਤਾਂ ਚ ਵਾਧਾ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਕਾਨਫਰੰਸ ਰਾਹੀਂ ਹਰਿਆਣਾ, ਉਤਰਪ੍ਰਦੇਸ਼ , ਪੰਜਾਬ ਦੇ ਸ਼ਹਿਰਾਂ ਦੇ ਸਨਅਤੀ ਖੇਤਰ ਚ ਤਨਖਾਹਾਂ ਚ ਵਾਧਾ ਕਰਨ ਦੀ ਮੰਗ ਨੂੰ ਲੈਕੇ ਕੀਤੇ ਜਾ ਰਹੇ ਅੰਦੋਲਨ ਦੀ ਹਿਮਾਇਤ ਅਤੇ ਮਜ਼ਦੂਰ ਸੰਘਰਸ਼ ਤੇ ਢਾਹੇ ਜਾ ਰਹੇ ਪੁਲਸ ਜਬਰ ਨੂੰ ਰੋਕਣ ਦੀ ਮੰਗ ਕੀਤੀ ਜਾਵੇਗੀ। ਇਸ ਕਾਨਫਰੰਸ ਰਾਂਹੀ ਅਮਰੀਕਾ ਇਜ਼ਰਾਈਲ ਗੱਠਜੋੜ ਵਲੋਂ ਇਰਾਨ ਤੇ ਠੋਸੀ ਨਿਹੱਕੀ ਜੰਗ ਖਿਲਾਫ ਆਵਾਜ ਉਠਾਈ ਜਾਵੇਗੀ। ਇਸ ਕਾਨਫਰੰਸ ਵਿੱਚ ਬੁਲਾਰੇ ਸੰਸਾਰ ਪੱਧਰੀ ਰਾਜਨੀਤਕ ਹਾਲਾਤ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕਰਨਗੇ ਅਤੇ ਕਿਰਤ ਮੁਕਤੀ ਲਹਿਰ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਸੁਚੇਤ ਕਰਨਗੇ। ਕਾਨਫਰੰਸ ਉਪਰੰਤ ਸ਼ਹਿਰ ਚ ਮਾਰਚ ਕੀਤਾ ਜਾਵੇਗਾ। ਇਸ ਸਮੇਂ ਲੈਕਚਰਾਰ ਅਵਤਾਰ ਸਿੰਘ, ਮਾਸਟਰ ਹਰਬੰਸ ਲਾਲ , ਬਲਵਿੰਦਰ ਸਿੰਘ ਕਾਨੂੰਗੋ, ਭੁਪਿੰਦਰ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਮੋਂਟੀ, ਜਗਦੀਸ਼ ਸਿੰਘ ਕਾਉਂਕੇ , ਬੂਟਾ ਸਿੰਘ ਹਾਂਸ ਆਦਿ ਆਗੂ ਹਾਜ਼ਰ ਸਨ।


