ਗੁਰਦਾਸਪੁਰ, 9 ਦਸੰਬਰ ( ਸਰਬਜੀਤ ਸਿੰਘ)– ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਦੱਸਿਆ ਇਹ ਗੁਰਦੁਆਰਾ ਤੇਜਾ ਕਲਾ ਦੇ ਕਰੀਬ 57 ਮੁਜਾਰੇ ਪਰਿਵਾਰ ਪਿਛਲੇ ਪੰਜ ਸਾਲਾਂ ਤੋਂ ਅਦਾਲਤੀ ਹੁਕਮਾਂ ਅਨੁਸਾਰ ਜਮੀਨ ਦਾ ਲਗਾਨ ਜਮਾ ਕਰਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸ ਡੀ ਐਮ ਡੇਰਾ ਬਾਬਾ ਨਾਨਕ ਦੇ ਦਫਤਰ ਦੇ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਨ। ਕਰੀਬ ਇੱਕ ਹਫਤੇ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਸਬੰਧੀ ਮੰਗ ਪੱਤਰ ਦੇਣ ਲਈ ਕਿਸਾਨ ਮੋਰਚੇ ਵੱਲੋਂ ਯਤਨ ਕੀਤੇ ਜਾ ਰਹੇ ਹਨ ਪਰ ਅੱਜ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਹੀਂ ਮਿਲ ਸਕੇ। ਉਹਨਾਂ ਕਿਹਾ ਕਿ ਮੋਰਚੇ ਵੱਲੋਂ ਅੱਜ ਡੇਰਾ ਬਾਬਾ ਨਾਨਕ ਦੇ ਐਸ ਡੀ ਐਮ ਨੂੰ ਦੁਬਾਰਾ ਮਿਲ ਕੇ ਮੁਜ਼ਾਰੇ ਕਿਸਾਨਾਂ ਦੇ ਸਰਕਾਰੀ ਖਜ਼ਾਨੇ ਵਿੱਚ ਲਗਾਨ ਜਮਾ ਕਰਾਉਣ ਦੀ ਅਪੀਲ ਕੀਤੀ ਗਈ ਸੀ ਪਰ ਐਸ ਡੀ ਐਮ ਡੇਰਾ ਬਾਬਾ ਨਾਨਕ ਨੇ ਹਮੇਸ਼ਾ ਦੀ ਤਰ੍ਹਾਂ ਤਰੀਕ ਤੇ ਦੇਖਾਂਗੇ ਦਾ ਜਵਾਬ ਦਿੱਤਾ ਜੋ ਸੰਤੁਸ਼ਟੀ ਜਨਕ ਨਹੀਂ ਸੀ। ਆਗੂਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ 2009 ਵਿੱਚ ਦੋ ਮੁਜਾਰੇ ਕਿਸਾਨਾਂ ਦੀਆਂ ਜਾਨਾਂ ਲੈਣ ਦੇ ਬਾਵਜੂਦ ਵੀ ਮੁਜਾਰਿਆਂ ਨੂੰ ਪਰੇਸ਼ਾਨ ਕਰਨ ਤੋਂ ਬਾਜ ਨਹੀਂ ਆ ਰਹੀ ਅਤੇ ਪ੍ਰਸ਼ਾਸਨ ਉਹਨਾਂ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ। ਆਗੂਆ ਦੋਸ਼ ਲਾਇਆ ਕਿ ਐਸਡੀਐਮ ਦਫਤਰ ਦੇ ਕੁਝ ਮੁਲਾਜ਼ਮ ਐਸਜੀਪੀਸੀ ਦੇ ਅਧਿਕਾਰੀਆਂ ਨਾਲ ਮਿਲ ਕੇ ਮੁਜਾਰਿਆਂ ਨੂੰ ਪਰੇਸ਼ਾਨ ਕਰ ਰਹੇ ਹਨ ਜਿਨਾਂ ਮੁਲਾਜ਼ਮਾਂ ਸਬੰਧੀ ਐਸਡੀਐਮ ਡੇਰਾ ਬਾਬਾ ਨਾਨਕ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਹੈ। ਇਸ ਸਮੇਂ ਕੁਲਵੰਤ ਸਿੰਘ, ਹਰਦੀਪ ਸਿੰਘ, ਸਤਨਾਮ ਛੀਨਾ,ਬਲਬੀਰ ਸਿੰਘ ਉੱਚਾ ਧਕਾਲਾ, ਨਰਿੰਦਰ ਸਿੰਘ ਮੱਲੀ ਅਤੇ ਵਕੀਲ ਹਰਵਿੰਦਰ ਸਿੰਘ ਮੱਲੀ ਵਫਦ ਵਿੱਚ ਸ਼ਾਮਿਲ ਸਨ।