ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ ) – ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ ‘ਪ੍ਰਸ਼ਾਸਨ ਗਾਓਂ ਕੀ ਔਰ’ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 19 ਤੋਂ 24 ਦਸੰਬਰ ਤੱਕ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾਵੇਗਾ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਰਜਿੰਦਰ ਸਿੰਘ ਨੇ ਦੱਸਿਆ ਕਿ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਤਹਿਤ ਗੁਰਦਾਸਪੁਰ ਤਹਿਸੀਲ ਵਿੱਚ 19 ਦਸੰਬਰ ਨੂੰ ਜੌੜਾ ਛੱਤਰਾਂ ਵਿਖੇ ਅਤੇ 24 ਦਸੰਬਰ ਨੂੰ ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤਹਿਸੀਲ ਵਿੱਚ 19 ਦਸੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਡੇਰਾ ਬਾਬਾ ਨਾਨਕ ਅਤੇ 24 ਦਸੰਬਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ਾਹਪੁਰ ਗੁਰਾਇਆ ਵਿਖੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੀਨਾਨਗਰ ਤਹਿਸੀਲ ਵਿੱਚ 19 ਦਸੰਬਰ ਨੂੰ ਪਿੰਡ ਰਸੂਲਪੁਰ ਅਤੇ 24 ਦਸੰਬਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗਾਹਲੜੀ ਵਿਖੇ ਕੈਂਪ ਲੱਗਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਵਿਭਾਗ ਸੁਸਾਸ਼ਨ ਸਪਤਾਹ ਦੌਰਾਨ ਵਿਸ਼ੇਸ਼ ਕੈਂਪਾਂ ਰਾਹੀ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦੇਣਗੇ। ਉਨ੍ਹਾਂ ਕਿਹਾ ਕਿ 24 ਦਸੰਬਰ ਨੂੰ ਸੁਸਾਸ਼ਨ ਸਪਤਾਹ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਦਰ ਮੁਕਾਮ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕੀ ਤਾ ਜਾਵੇਗਾ ਜਿਸ ਵਿੱਚ ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।