ਜ਼ਿਲ੍ਹਾ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਦਫਾ 144 ਤਹਿਤ ਪਾਬੰਦੀਆਂ ਲਾ ਕੇ ਜਨਤਾ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ – ਲਿਬਰੇਸ਼ਨ
ਧਰਨਾਕਾਰੀਆਂ ਵਲੋਂ ਜ਼ਿਲ੍ਹਾ ਲਾਇਬ੍ਰੇਰੀ ਨੂੰ ਬਹਾਲ ਕਰਨ ਦੀ ਮੰਗ
ਮਾਨਸਾ, ਗੁਰਦਾਸਪੁਰ 9 ਦਸੰਬਰ ( ਸਰਬਜੀਤ ਸਿੰਘ)– ਇੱਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਬੁਰੀ ਹਾਲਤ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮੁਕੰਮਲ ਨਾਕਾਮੀ ਖ਼ਿਲਾਫ਼ ਵੱਖ-ਵੱਖ ਜਨਤਕ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਸੱਦੇ ‘ਤੇ ਜਾਰੀ ਧਰਨਾ ਅੱਜ 43ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ । ਅੱਜ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਸ਼ਹਿਰ ਕਮੇਟੀ ਦੇ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਦੀ ਅਗਵਾਈ ਵਿੱਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਇਕ ਵਿਸ਼ਾਲ ਧਰਨਾ ਦਿੱਤਾ ਗਿਆ।ਧਰਨੇ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਮਾਨਸਾ ਸ਼ਹਿਰ ਦੇ ਸੀਵਰੇਜ ਪੱਕਾ ਤੇ ਸਥਾਈ ਹੱਲ ਕੀਤਾ ਜਾਵੇ, ਪਰ ਉਸ ਤੋਂ ਪਹਿਲਾਂ ਫੌਰੀ ਤੌਰ ‘ਤੇ ਗਲੀਆਂ ਮੁਹੱਲਿਆਂ ਵਿੱਚ ਭਰੇ ਗੰਦੇ ਪਾਣੀ ਦਾ ਆਰਜ਼ੀ ਹੱਲ ਕੀਤਾ ਜਾਵੇ। ਸ਼ਹਿਰ ਦੀਆਂ ਲਗਭਗ ਸਾਰੀਆਂ ਗਲੀਆਂ ਵਿੱਚ ਸਵੇਰੇ ਸ਼ਾਮ ਸੀਵਰੇਜ ਦਾ ਗੰਦਾ ਪਾਣੀ ਭਰ ਜਾਂਦਾ ਹੈ। ਜਿਸ ਕਾਰਨ ਨਾ ਸਿਰਫ ਲੋਕਾਂ ਨੂੰ ਲੰਘਣਾ ਤੇ ਜਿਉਣਾ ਔਖਾ ਹੋ ਰਿਹਾ ਹੈ, ਬਲਕਿ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ ਦੇ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ ਨਤੀਜਾ ਲੋਕ ਬੁਰੀ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਲੰਬੇ ਸਮੇਂ ਤੋਂ ਜਾਰੀ ਧਰਨੇ ਤੋਂ ਬਾਅਦ ਵੀ ਹਾਲੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਘਰਸ਼ ਕਰ ਰਹੇ ਲੋਕਾਂ ਨੂੰ ਬੁਲਾਉਣ ਦੀ ਵੀ ਲੋੜ ਨਹੀਂ ਸਮਝੀ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵਿਸ਼ਾਲ ਤੇ ਤਿੱਖਾ ਕੀਤਾ ਜਾਵੇਗਾ। ਬੁਲਾਰਿਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪੰਜ ਤੋਂ ਵੱਧ ਬੰਦਿਆਂ ਦੇ ਇੱਕਠੇ ਹੋਣ ਉਤੇ ਲਾਗੂ ਕੀਤੀ ਪਾਬੰਦੀ ਦੀ ਸਖ਼ਤ ਨਿੰਦਾ ਕੀਤੀ ਗਈ।ਅੱਜ ਦੇ ਧਰਨੇ ਵਿੱਚ ਸੁਖਦਰਸ਼ਨ ਸਿੰਘ ਨੱਤ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨਦੀਪ ਸਿਰਸੀਵਾਲਾ, ਆਇਸਾ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਰਾਮਾਨੰਦੀ, ਕਾਮਰੇਡ ਪ੍ਰਸ਼ੋਤਮ, ਪ੍ਰਗਤੀਸ਼ੀਲ ਇਸਤਰੀ ਸਭਾ ਆਗੂ ਬਲਵਿੰਦਰ ਕੌਰ ਖਾਰਾ, ਕ੍ਰਿਸ਼ਨਾ ਕੌਰ, ਬਲਜਿੰਦਰ ਕੌਰ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਬਲਰਾਜ ਸਿੰਘ ਗਰੇਵਾਲ, ਪਟਵਾਰੀ ਰਜਿੰਦਰ ਸ਼ਰਮਾ, ਡਾ ਧੰਨਾ ਮੱਲ ਗੋਇਲ, ਅੰਮ੍ਰਿਤਪਾਲ ਗੋਗਾ, ਅਜੀਤ ਸਿੰਘ ਸਰਪੰਚ, ਨਗਰ ਪਾਲਿਕਾ ਦੇ ਉਪ ਪ੍ਰਧਾਨ ਰਾਮਪਾਲ ਸਿੰਘ, ਪਰਮਜੀਤ ਸਿੰਘ ਐਮ ਸੀ, ਮੇਜਰ ਸਿੰਘ ਦਰੀਆ ਪੁਰ, ਇੰਜੀ. ਗੁਰਸੇਵਕ ਸਿੰਘ, ਕਾਕਾ ਸਿੰਘ ਜੇਈ , ਮਨਜੀਤ ਸਿੰਘ ਕਾਲਾ, ਮੇਜਰ ਸਿੰਘ ਰਾਮਾਨੰਦੀ , ਹਰਮੇਲ ਸਿੰਘ ਠੇਕੇਦਾਰ , ਈਸ਼ਵਰ ਦਾਸ ਅਤੇ ਜ਼ਿਲ੍ਹਾ ਲਾਇਬ੍ਰੇਰੀ ਬਚਾਓ ਮੋਰਚਾ ਦੇ ਦਰਜਨ ਤੋਂ ਵੱਧ ਵੰਲਟੀਅਰਾਂ ਨੇ ਹਾਜ਼ਰੀ ਲਵਾਈ। ਧਰਨਾਕਾਰੀਆਂ ਨੇ ਇਕ ਮਤਾ ਪਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯੂਥ ਲਾਇਬ੍ਰੇਰੀ ਦੀ ਪੰਜ ਸੌਂ ਰੁਪਏ ਫੀਸ ਰੱਖ ਕੇ ਵਿਦਿਆਰਥੀਆਂ ਤੇ ਬੇਰੁਜ਼ਗਾਰਾਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਪੁਰਾਣੀ ਜ਼ਿਲ੍ਹਾ ਲਾਇਬ੍ਰੇਰੀ ਨੂੰ ਮੁੜ ਬਹਾਲ ਕੀਤਾ ਜਾਵੇ।