ਦੇਸ਼ ਦੀ ਆਮ ਜਨਤਾ ਰੋਟੀ, ਕਪੜਾ ਮਕਾਨ, ਸਿਹਤ ਅਤੇ ਸਿਖਿਆ ਸਹੂਲਤਾ ਤੋਂ ਵਾਂਝੀ-ਕਾਮਰੇਡ ਬੱਖਤਪੁਰਾ
ਬਟਾਲਾ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਅੱਜ ਇੱਥੇ ਫ਼ੈਜ਼ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਵਸ ਮਨਾਇਆ ਗਿਆ।
ਇਸ ਸਮੇਂ ਸ਼ਹੀਦ ਨੂੰ ਯਾਦ ਕਰਦਿਆਂ ਲਿਬਰੇਸ਼ਨ ਆਗੂ ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜਿਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਅਰਥ ਇਸ ਤਰ੍ਹਾਂ ਦੀ ਅਜ਼ਾਦੀ ਕਾਇਮ ਕਰਨਾ ਸੀ ਜਿਸ ਰਾਜ ਵਿੱਚ ਹਰ ਤਰ੍ਹਾਂ ਦੀ ਲੁੱਟ ਖਸੁੱਟ ਦਾ ਖਾਤਮਾ, ਭ੍ਰਿਸ਼ਟਾਚਾਰ ਰਹਿਤ ਅਤੇ ਧਰਮ ਨਿਰਪੱਖ ਰਾਜ ਹੋਵੇ।ਪਰ ਦੇਸ਼ ਦੇ ਹਾਲਾਤ ਦਰਸਾਉਂਦੇ ਹਨ ਕਿ ਦੇਸ਼ ਵਿਚ ਵੱਖ ਵੱਖ ਪਾਰਟੀਆਂ ਦੇ 76 ਸਾਲਾਂ ਦੇ ਰਾਜ ਵਿੱਚ ਹਰ ਤਰ੍ਹਾਂ ਦੀਆਂ ਪਾਰਟੀਆਂ ਦਾ ਰਾਜ ਸਾਮਰਾਜ, ਸਰਮਾਏਦਾਰੀ ਅਤੇ ਜਗੀਰਦਾਰਾਂ ਪੱਖੀ ਰਾਜ ਰਿਹਾ ਹੈ। ਸਮੁੱਚੇ ਦੇਸ਼ ਨੂੰ ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ ਅਤੇ ਫਿਰਕਾਪ੍ਰਸਤੀ ਦੀ ਸਿਆਸਤ ਵਿੱਚ ਸੁੱਟ ਦਿੱਤਾ ਗਿਆ ਹੈ। ਦੇਸ਼ ਦੀ ਆਮ ਜਨਤਾ ਰੋਟੀ, ਕਪੜਾ ਮਕਾਨ, ਸਿਹਤ ਅਤੇ ਸਿਖਿਆ ਸਹੂਲਤਾ ਤੋਂ ਵਾਝੀ ਹੋ ਗਈ ਹੈ। ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੇ ਆਪਣੀ ਗਿਰਫਤ ਵਿਚ ਲੈ ਲਿਆ, ਦੇਸ਼ ਦੀਆ ਗਿਣਤੀਆਂ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ। ਦੇਸ਼ ਦੇ ਹਾਕਮਾਂ ਵਲੋਂ ਖਾਸਕਰ ਭਾਜਪਾ ਅਤੇ ਆਰ ਐਸ ਐਸ ਦੁਆਰਾ ਦੇਸ਼ ਦੇ ਸੰਘੀ ਢਾਂਚੇ ਨੂੰ ਤੋੜ ਕੇ ਇਕ ਦੇਸ਼ ਇੱਕ ਚੋਣ,ਇਕ ਦੇਸ਼, ਇੱਕ ਧਰਮ,ਇਕ ਦੇਸ਼ ਇੱਕ ਭਾਸ਼ਾ ਅਤੇ ਇਕ ਦੇਸ਼ ਇੱਕ ਸਭਿਆਚਾਰ ਕਾਇਮ ਕਰਨ ਦੀ ਗਹਿਰੀ ਸਾਜ਼ਿਸ਼ ਚੱਲ ਰਹੀ ਹੈ। ਬੁਲਾਰਿਆਂ ਕਿਹਾ ਕਿ ਪੰਜਾਬ ਵਿੱਚ ਭਗਤ ਸਿੰਘ ਦੇ ਨਾਂ ਹੇਠ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਭਗਤ ਸਿੰਘ ਦੇ ਵਿਚਾਰਾਂ ਨਾਲ ਗ਼ਦਾਰੀ ਭਰਿਆ ਰੋਲ਼ ਅਦਾ ਕਰ ਰਹੀ ਹੈ। ਪੰਜਾਬ ਵਿੱਚ ਘਾਤਕ ਨਸ਼ਿਆਂ ਨਾਲ ਹਰ ਰੋਜ਼ ਨੌਜਵਾਨ ਮਰ ਰਹੇ ਹਨ, ਸਰਕਾਰ ਦਾ ਵੱਡਾ ਹਿੱਸਾ ਅਤੇ ਉਸ ਦਾ ਸਮੁੱਚਾ ਪ੍ਰਸ਼ਾਸਨ ਭਿਰਸ਼ਟਾਚਾਰ ਦੀ ਦਲ ਦਲ ਵਿੱਚ ਫਸ ਚੁੱਕਿਆ ਹੈ।ਅਮਨ ਕਾਨੂੰਨ ਦੀ ਹਾਲਤ ਲਗਾਤਾਰ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪੰਜਾਬ ਦੀ ਸਤਾ ਉਪਰ ਪੰਜਾਬ ਦੁਆਰਾ ਚੁਣੀ ਗਈ ਸਰਕਾਰ ਨੂੰ ਕੰਮ ਕਰਨ ਦੇਣ ਦੀ ਬਜਾਏ ਕੇਜਰੀਵਾਲ ਅਤੇ ਦਿੱਲੀ ਦਾ ਟੋਲਾ ਆਪਣੀ ਮਰਜ਼ੀ ਨਾਲ ਸਰਕਾਰ ਚਲਾ ਰਿਹਾ ਹੈ ਜਦੋਂ ਕਿ ਇਸ ਟੋਲੇ ਨੂੰ ਪੰਜਾਬ ਦੇ ਸਭਿਆਚਾਰ ਅਤੇ ਸਮਸਿਆਵਾਂ ਦੀ ਕੋਈ ਜਾਣਕਾਰੀ ਨਹੀਂ ਹੈ।ਇਸ ਸਮੇਂ ਪਿੰਟਾ ਤਲਵੰਡੀ ਭਰਥ, ਦਲਬੀਰ ਭੋਲਾ ਮਲਕਵਾਲ, ਗੁਰਮੁਖ ਸਿੰਘ ਲਾਲੀ ਭਾਗੋਵਾਲ, ਬਲਬੀਰ ਸਿੰਘ ਉਂਚਾ ਨਕਾਲਾ, ਰਣਜੀਤ ਕੌਰ ਡਡਵਾਂ, ਤਰਲੋਕ ਸਿੰਘ ਭਾਮ ਅਤੇ ਸੁਰਜੀਤ ਸਿੰਘ ਸ਼ੰਕਰ ਪੁਰਾ ਸ਼ਾਮਲ ਸਨ।