ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ)- 84 ‘ਚ ਸ੍ਰੀ ਹਰਿਮੰਦਰ ਸਾਹਿਬ ਨੂੰ ਭਾਰਤੀ ਫੌਜਾ ਰਾਹੀਂ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕਰਨ ਦੀ ਮੁੱਖ ਦੋਸ਼ੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਦਿੱਲੀ ਕਾਨਪੁਰ ਤੇ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿੱਚ ਸਿੱਖ ਨਸਲਕੁਸ਼ੀ ਤਹਿਤ ਹਜ਼ਾਰਾਂ ਸਿੱਖਾਂ ਨੂੰ ਬੇ ਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਇੱਕ ਨਵੰਬਰ ਬੰਦੀ ਛੋੜ ਦਿਵਸ ਦੀਵਾਲੀ ਤੇ ਇਸ ਦੁਖਾਂਤ ਨੂੰ ਪੂਰੇ 40 ਸਾਲ ਬੀਤ ਜਾਣ ਤੋਂ ਬਾਅਦ ਸਰਕਾਰ ਨੇ ਅਜੇ ਤੱਕ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ। ਇਸ ਕਰਕੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਦੁਖਾਂਤ ਨੂੰ ਯਾਦ ਕਰਦਿਆਂ ਉਨ੍ਹਾਂ ਸਾਰੇ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੇ ਸਰਕਾਰ ਵਿਰੁੱਧ ਇਨਸਾਫ਼ ਨਾਂ ਦੇਣ ਦਾ ਰੋਸ ਜਿਤਾਉਣ ਲਈ ਇਸ ਵਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 1 ਨਵੰਬਰ ਨੂੰ ਆ ਰਹੇ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਰ ਇਲੈਕਟ੍ਰਾਨਿਕ ਸਜਾਵਟਾਂ ਨੂੰ ਛੱਡ ਕੇ ਸਿਰਫ਼ ਘਿਉ ਦੇ ਦੀਵੇ ਹੀ ਅਕਾਲ ਤਖ਼ਤ ਸਾਹਿਬ ਤੇ ਹਰਮੰਦਿਰ ਸਾਹਿਬ ਵਿਖੇ ਜਗਾਉਣ ਦਾ ਇਤਿਹਾਸਕ ਫੈਸਲਾ ਸੁਣਾਇਆ ਹੈ, ਕਿਉਂਕਿ ਇਸ ਦੁਖਾਂਤ ਦੇ 1 ਨਵੰਬਰ ਦੀਵਾਲੀ ਵਾਲੇ ਦਿਨ 40 ਸਾਲ ਪੂਰੇ ਹੋ ਗਏ ਹਨ ,ਪਰ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਇਸ ਫੈਸਲੇ ਦੀ ਪੁਰਜ਼ੋਰ ਸ਼ਬਦਾਂ’ਚ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ, ਕਿਉਂਕਿ ਇਸ ਨਾਲ ਜਿੱਥੇ ਅਸਿਧੇ ਢੰਗ ਨਾਲ ਸਰਕਾਰ ਤੇ ਰੋਸ ਪ੍ਰਗਟ ਕੀਤਾ ਗਿਆ, ਉਥੇ ਸਿੱਖ ਕੌਮ ਨੂੰ ਇਸ ਦੁਖਾਂਤ ਸਬੰਧੀ ਜਾਗਰੂਕ ਵੀ ਕੀਤਾ ਗਿਆ ਹੈ, ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਕਾਲਕਾ ਵੀ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤਣ ਤੇ ਸਰਕਾਰ ਵੱਲੋਂ ਕੋਈ ਇਨਸਾਫ਼ ਨਾਂ ਦੇਣ ਦੇ ਰੋਸ ਵਜੋਂ ਦਿੱਲੀ ਦੇ ਸਮੂਹ ਗੁਰਦੁਆਰਿਆਂ’ਚ ਦੀਪਮਾਲਾ ਨਾਂ ਕੀਤੇ ਜਾਣ ਦੀ ਅਪੀਲ ਕਰ ਚੁੱਕੇ ਹਨ ਜੋ ਕਿ ਸ਼ਾਂਤਮਈ ਢੰਗ ਨਾਲ ਸਰਕਾਰ ਨੂੰ ਚੇਤੇ ਕਰਵਾਉਣ ਅਤੇ ਸਿੱਖਾ ਨੂੰ ਜਾਗਰੂਕ ਕਰਨ ਵਾਲੀ ਵਧੀਆ ਨੀਤੀ ਮੰਨੀ ਜਾ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਮੌਕੇ ਹਰਮੰਦਿਰ ਸਾਹਿਬ ਵਿਖੇ ਸਿਰਫ ਘਿਉ ਦੇ ਦੀਵੇ ਹੀ ਜਗਾਉਣ ਦੇ ਕੀਤੇ ਹੁਕਮਾਂ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ,ਸ਼ਲਾਘਾ ਅਤੇ ਲੋਕਾਂ ਨੂੰ ਜਥੇਦਾਰ ਸਾਹਿਬ ਜੀ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਹੋਰ ਸਜਾਵਟਾਂ ਨੂੰ ਛੱਡ ਕੇ ਸਿਰਫ਼ ਘਿਉ ਦੇ ਦੀਵੇ ਹੀ ਜਗਾਉਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਜਥੇਦਾਰ ਸਾਹਿਬ ਜੀ ਵੱਲੋਂ ਕੀਤੇ ਇਸ ਫੈਸਲੇ ਨਾਲ ਸਿੱਖ ਦੁਬਿਧਾ ਤੋਂ ਬਚ ਗਏ, ਕਿਉਂਕਿ ਪਹਿਲਾਂ ਸਿਰਫ਼ ਅਜਿਹਾ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਕਾਲਕਾ ਨੇ ਹੀ ਕੀਤਾ ਸੀ,ਜਦੋਂ ਕਿ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਰੱਖਣਾ ਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਇਨਸਾਫ਼ ਨਾਂ ਦੇਣ ਲਈ ਰੋਸ ਪ੍ਰਗਟ ਕਰਨਾ ਸਮੁੱਚੀ ਕੌਮ ਲਈ ਬਹੁਤ ਜ਼ਰੂਰੀ ਤੇ ਸਮੇਂ ਦੀ ਲੋੜ ਵਾਲਾਂ ਕਾਰਜ ਹੈ, ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਹੋਰ ਸਾਰੀਆਂ ਇਲੈਕਟ੍ਰਾਨਿਕ ਸਜਾਵਟਾਂ ਨੂੰ ਛੱਡ ਕੇ ਸਿਰਫ਼ ਘਿਉ ਦੇ ਦੀਵੇ ਹੀ ਜਗਾਉਣ ਦੇ ਕੀਤੇ ਹੁਕਮਾਂ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ ਸ਼ਲਾਘਾ ਕਰਦੀ ਹੋਈ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਜਥੇਦਾਰ ਸਾਹਿਬ ਵੱਲੋਂ ਕੀਤੇ ਹੁਕਮਾਂ ਦੀ ਤਾਮੀਲ ਕਰਕੇ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇ ਤੇ ਸਰਕਾਰ ਨੂੰ ਚੇਤੇ ਕਰਵਾਇਆ ਜਾਵੇ ਕਿ 40 ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਾਂ ਦੇਣਾ ਸਰਕਾਰ ਦਾ ਸਿੱਖ ਵਿਰੋਧੀ ਨੀਤੀ ਵਰਤਾਰਾ ਹੈ ।।