ਡਾ. ਸੁਖਦੀਪ ਸਿੰਘ ਭਾਗੋਵਾਲ ਨੇ ਸ਼ੂਗਰ ਰੋਗ ਤੋਂ ਬਚਾਅ ਲਈ ਨੁਕਤੇ ਸਾਂਝੇ ਕੀਤੇ
ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ) – ਬਦਲਦੇ ‘ਲਾਈਫ ਸਟਾਈਲ’ ਕਾਰਨ ਅਤੇ ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਸ਼ੂਗਰ ਰੋਗ ਕਾਫ਼ੀ ਵਧ ਗਿਆ ਹੈ ਅਤੇ ਅਜੋਕੇ ਸਮੇਂ ਦੌਰਾਨ ਬੱਚਿਆਂ ਵਿੱਚ ਵੀ ਇਹ ਰੋਗ ਦੇਖਣ ਨੂੰ ਮਿਲ ਰਿਹਾ ਹੈ। ਸ਼ੂਗਰ ਰੋਗ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਅਤੇ ਸਰਕਾਰੀ ਹਸਪਤਾਲ ਕਲਾਨੌਰ ਵਿਖੇ ਮੈਡੀਸਨ ਦੇ ਮਾਹਿਰ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਡਾ. ਸੁਖਦੀਪ ਸਿੰਘ ਭਾਗੋਵਾਲ ਨੇ ਦੱਸਿਆ ਕਿ ਸ਼ੂਗਰ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਉਨਾਂ ਦੱਸਿਆ ਕਿ ਇਸ ਦਾ ਮੁੱਖ ਕਾਰਨ ਮੋਟਾਪਾ, ਕਸਰਤ ਨਾ ਕਰਨਾ, ਜੀਵਨ ਵਿੱਚ ਤਣਾਅ ਆਦਿ ਦਾ ਹੋਣਾ, ਸੰਤੁਲਿਤ ਭੋਜਨ ਦੀ ਕਮੀ, ਸਮੇਂ ਸਿਰ ਖਾਣਾ ਨਾ ਖਾਣਾ ਅਤੇ ਖਾਨਦਾਨੀ ਕਾਰਨ ਆਦਿ ਹੋ ਸਕਦੇ ਹਨ। ਉਨਾਂ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਦੇ ਮੁੱਖ ਲੱਛਣ ਮਰੀਜ਼ ਨੂੰ ਵਾਰ-ਵਾਰ ਪਿਸ਼ਾਬ ਦਾ ਆਉਣਾ, ਵਾਰ-ਵਾਰ ਪਿਆਸ ਲੱਗਣੀ, ਅਚਾਨਕ ਭਾਰ ਘੱਟ ਹੋ ਜਾਣਾ, ਬਹੁਤ ਜ਼ਿਆਦਾ ਭੁੱਖ ਲੱਗਣੀ, ਜ਼ਖ਼ਮ ਦਾ ਦੇਰੀ ਨਾਲ ਠੀਕ ਹੋਣਾ, ਹੱਥਾਂ ਪੈਰਾਂ ਦਾ ਸੁੰਨ ਹੋਣਾ, ਚਮੜੀ ਅਤੇ ਪਿਸ਼ਾਬ ਨਾਲੀ ਵਿਚ ਵਾਰ-ਵਾਰ ਲਾਗ ਹੋਣਾ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ ਆਦਿ ਹਨ।
ਡਾ. ਸੁਖਦੀਪ ਸਿੰਘ ਭਾਗੋਵਾਲ ਨੇ ਦੱਸਿਆ ਕਿ ਜੇਕਰ ਸਰੀਰ ਵਿਚ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਹੈ ਤਾਂ ਇਹ ਸਰੀਰ ਲਈ ਵਧੇਰੇ ਖਤਰਨਾਕ ਹੋ ਸਕਦਾ ਹੈ। ਇਸ ਨਾਲ ਅੱਖਾਂ ਅਤੇ ਗੁਰਦਿਆਂ ਤੇ ਮਾੜਾ ਅਸਰ ਹੋਣਾ, ਦਿਲ ਅਤੇ ਲਹੂ ਨਾੜੀਆਂ ਸੰਬੰਧੀ ਰੋਗ, ਦਿਲ ਦਾ ਦੌਰਾ ਅਤੇ ਲਕਵਾ ਆਦਿ ਰੋਗ ਹੋ ਸਕਦੇ ਹਨ। ਉਨਾਂ ਕਿਹਾ ਕਿ ਸ਼ੂਗਰ ਪੀੜਤ ਮਰੀਜ ਨੂੰ ਆਪਣੇ ਪੈਰਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਨਸਾਂ ਸੁੰਨ ਹੋਣ ਕਾਰਨ ਕਿਸੇ ਜ਼ਖ਼ਮ ਜਾਂ ਸੱਟ ਆਦਿ ਦਾ ਦਰਦ ਮਹਿਸੂਸ ਨਹੀਂ ਹੁੰਦਾ ਅਤੇ ਅਣਦੇਖਿਆ ਕਰਨ ਨਾਲ ਜ਼ਖ਼ਮ ਵਧ ਜਾਂਦਾ ਹੈ ਅਤੇ ਗੈਂਗਰੀਨ ਹੋਣ ਦਾ ਖਤਰਾ ਹੋ ਜਾਂਦਾ ਹੈ।
ਮੈਡੀਸਨ ਮਾਹਿਰ ਡਾ. ਭਾਗੋਵਾਲ ਨੇ ਦੱਸਿਆ ਕਿ ਸ਼ੂਗਰ ਰੋਗ ਤੋਂ ਬਚਾਅ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਖ਼ੁਰਾਕ ਵਿੱਚ ਹਰੀਆਂ ਸਬਜ਼ੀਆਂ ਜਿਵੇਂ ਕਿ ਗਾਜਰ, ਮੂਲੀ, ਕਰੇਲੇ ਆਦਿ ਦਾ ਸੇਵਨ ਕੀਤਾ ਜਾਵੇ ਅਤੇ ਜ਼ੰਕ ਭੋਜਨ ਤੋਂ ਪਰਹੇਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਜੀਵਨਸ਼ੈਲੀ ਵਿੱਚ ਹਾਂ-ਪੱਖੀ ਸੁਧਾਰ ਲਿਆ ਕੇ ਸ਼ੂਗਰ ਰੋਗ ਤੋਂ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਸ਼ੂਗਰ ਦਾ ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ।