ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਵਿਰਸਾ ਉਤਸਵ ਦੌਰਾਨ ਦਰਸ਼ਕਾਂ ਦਾ ਕਰਨਗੇ ਮਨੋਰੰਜਨ
ਵਿਰਸਾ ਉਤਸਵ ’ਚ ਗੁਰਦਾਸਪੁਰ ਦੀ ਵਿਰਾਸਤ ਤੇ ਸੱਭਿਆਚਾਰ ਨੂੰ ਕੀਤਾ ਜਾਵੇਗਾ ਉਤਸ਼ਾਹਿਤ
ਵਿਰਸਾ ਉਤਸਵ ਵਿੱਚ ਮਸ਼ਹੂਰ ਪਤੰਗਬਾਜ਼ ਉਡਾਉਣਗੇ ਰੰਗ-ਬਰੰਗੀਆਂ ਪਤੰਗਾਂ
ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ) – ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ 11 ਫਰਵਰੀ ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ‘ਵਿਰਸਾ ਉਤਸਵ’ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਵਿਰਸਾ ਉਤਸਵ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਟੇਡੀਅਮ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਅਤੇ ਸ. ਤਜਿੰਦਰਪਾਲ ਸਿੰਘ ਸੰਧੂ (ਸਾਬਕਾ ਏ.ਡੀ.ਸੀ.) ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਮੌਜੂਦ ਸਨ।
ਵਿਰਸਾ ਉਤਸਵ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 11 ਫਰਵਰੀ ਨੂੰ ਗੁਰਦਾਸਪੁਰ ਸ਼ਹਿਰ ਵਿਖੇ ਹੋ ਰਿਹਾ ‘ਵਿਰਸਾ ਉਤਸਵ-2023’ ਜ਼ਿਲ੍ਹਾ ਗੁਰਦਾਸਪੁਰ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਦੀ ਝਲਕ ਪੇਸ਼ ਕਰੇਗਾ। ਉਨਾਂ ਦੱਸਿਆ ਕਿ ਵਿਰਸਾ ਉਤਸਵ ਦੌਰਾਨ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਰਸਾ ਉਤਸਵ ਦੀ ਸ਼ੁਰੂਆਤ 11 ਫਰਵਰੀ ਦੁਪਹਿਰ 12:00 ਵਜੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਗੁਰਦਾਸਪੁਰ ਵਿਖੇ ਹੋਵੇਗੀ। ਸਭ ਤੋਂ ਪਹਿਲਾਂ ਪਤੰਗਬਾਜ਼ੀ ਦਾ ਖੂਬਸੂਰਤ ਸ਼ੋਅ ਹੋਵੇਗਾ ਜਿਸ ਵਿੱਚ ਰਾਜਸਥਾਨ ਤੋਂ ਪਹੁੰਚੇ ਪਤੰਗਬਾਜ਼ਾਂ ਵੱਲੋਂ ਰੰਗ-ਬਰੰਗੀਆਂ ਪਤੰਗਾਂ ਉਡਾਈਆਂ ਜਾਣਗੀਆਂ। ਇਸ ਤੋਂ ਉਪਰੰਤ ਬਾਅਦ ਦੁਪਹਿਰ 3:00 ਵਜੇ ਤੋਂ ਸ਼ਾਮ 5:00 ਵਜੇ ਤੱਕ ਗੀਤ-ਸੰਗੀਤ ਤੇ ਲੋਕ ਨਾਚਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ਾਮ 5:00 ਤੋਂ 7:30 ਵਜੇ ਤੱਕ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਵਿਰਸਾ ਉਤਸਵ ਦੌਰਾਨ ਜ਼ਿਲ੍ਹੇ ਨਾਲ ਸਬੰਧਤ ਦਸਤਕਾਰੀ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਟਾਲ ਲਗਾਏ ਜਾਣਗੇ। ਇਸ ਦੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਵੀ ਮੇਲੇ ਵਿਚ ਸਥਾਨ ਦਿੱਤਾ ਜਾਵੇਗਾ। ਵਿਰਸਾ ਉਤਸਵ ਦੌਰਾਨ ਫੂਡ ਸਟਾਲਾਂ ਦੀ ਵੀ ਵਿਸ਼ੇਸ਼ ਤੌਰ ’ਤੇ ਵਿਵਸਥਾ ਕੀਤੀ ਜਾ ਰਹੀ ਹੈ, ਜਿਸ ਵਿਚ ਗੁਰਦਾਸਪੁਰ ਦੇ ਮਸ਼ਹੂਰ ਸਵਾਦੀ ਪਕਵਾਨਾਂ ਤੋਂ ਇਲਾਵਾ ਹੋਰ ਫੂਡ ਸਟਾਲ ਵੀ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਿਰਸਾ ਉਤਸਵ ਦੌਰਾਨ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਵਿਰਸਾ ਉਤਸਵ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।