ਲਿਬਰੇਸ਼ਨ ਨੇ ਦੋ ਆਗੂ ਮੁੱਢਲੀ ਮੈਂਬਰਸ਼ਿਪ ਤੋਂ ਕੀਤੇ ਖਾਰਜ

ਗੁਰਦਾਸਪੁਰ

ਜਲੰਧਰ ਦੇ ਵੋਟਰਾਂ ਨੂੰ ਕੀਤੀ ਬੀਜੇਪੀ ਨੂੰ ਹਰਾਉਣ ਦੀ ਅਪੀਲ

ਮਾਨਸਾ, ਗੁਰਦਾਸਪੁਰ, 29 ਅਪ੍ਰੈਲ (ਸਰਬਜੀਤ ਸਿੰਗ)– ਸੀਪੀਆਈ (ਐਮ ‌ਐਲ) ਲਿਬਰੇਸ਼ਨ ਦੀ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ ਇਥੇ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਪ੍ਰਧਾਨਗੀ ਹੋਈ। ਮੀਟਿੰਗ ਵਿਚ ਕੇਂਦਰੀ ਕਮੇਟੀ ਵਲੋਂ ਪੰਜਾਬ ਦੇ ਇੰਚਾਰਜ ਕਾਮਰੇਡ ਪਰਸ਼ੋਤਮ ਸ਼ਰਮਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਦੱਸਿਆ ਕਿ ਮੀਟਿੰਗ ਨੇ ਪਾਰਟੀ ਦੇ ਦੋ ਸੂਬਾ ਕਮੇਟੀ ਮੈਂਬਰਾਂ ਕਾਮਰੇਡ ਭਗਵੰਤ ਸਿੰਘ ਸਮਾਓ ਅਤੇ ਹਰਵਿੰਦਰ ਸਿੰਘ ਸੇਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਖਾਰਜ ਕਰ ਦਿੱਤਾ ਹੈ, ਕਿਉਂਕਿ ਬੀਤੇ ਕਰੀਬ ਇਕ ਸਾਲ ਤੋਂ ਵਧੇਰੇ ਸਮੇਂ ਤੋਂ ਇਹ ਸਾਥੀ ਪਾਰਟੀ ਦੀ ਸਿਆਸੀ ਸੇਧ, ਫੈਸਲਿਆਂ ਅਤੇ ਅਨੁਸ਼ਾਸਨ ਦੀ ਬਾਰ ਬਾਰ ਉਲੰਘਣਾ ਕਰਦੇ ਆ ਰਹੇ ਸਨ। ਇਹ ਆਗੂ ਅੰਦਰ ਖਾਤੇ ਭਾਜਪਾ ਨਾਲ ਮਿਲੀਭੁਗਤ ਦੀ ਨੀਤੀ ‘ਤੇ ਚੱਲ ਰਹੇ ਸਨ, ਜਿਸ ਨੂੰ ਰੋਕਣ ਦੀ ਪਾਰਟੀ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਇਸ ਦੇ ਬਾਵਜੂਦ ਇੰਨਾਂ ਵਲੋਂ ਭਾਜਪਾ ਦੇ ਲੀਡਰ ਐਸ ਆਰ ਲੱਧੜ ਨੂੰ ਮਾਨਸਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੀ ਰੈਲੀ ਵਿੱਚ ਬੁਲਾਇਆ ਗਿਆ। ਜਦੋਂ ਕਿ ਪਾਰਟੀ ਦਾ ਕੇਂਦਰੀ ਨਾਹਰਾ ਹੀ ‘ਬੀਜੇਪੀ ਹਰਾਓ, ਲੋਕਤੰਤਰ ਬਚਾਓ’ ਹੈ। ਇਸ ਤੋਂ ਇਲਾਵਾ ਭਗਵੰਤ ਸਿੰਘ ਸਮਾਓ ਨੇ ਵਾਰ ਵਾਰ ਲਿਖਤੀ ਤੇ ਜ਼ੁਬਾਨੀ ਮੰਗਣ ਦੇ ਬਾਵਜੂਦ ਪਾਰਟੀ ਅਤੇ ਮਜ਼ਦੂਰ ਜਥੇਬੰਦੀ ਦੇ ਫੰਡਾਂ ਦਾ ਕਦੇ ਕੋਈ ਹਿਸਾਬ ਨਹੀਂ ਦਿੱਤਾ। ਪਾਰਟੀ ਵਲੋਂ ਦਸ ਦਿਨ ਪਹਿਲਾਂ ਨੋਟਿਸ ਭੇਜ ਕੇ ਉਸ ਵਲੋਂ ਲਗਾਤਾਰ ਮੀਟਿੰਗਾਂ ਵਿਚੋਂ ਗੈਰ ਹਾਜ਼ਰ ਰਹਿਣ ਅਤੇ ਮਜ਼ਦੂਰਾਂ ਕਿਸਾਨਾਂ ਦੀ ਏਕਤਾ ਦੇ ਖਿਲਾਫ ਦੁਫੇੜ ਪਾਊ ਜਾਤੀਵਾਦੀ ਰਾਜਨੀਤੀ ਦਾ ਪ੍ਰਚਾਰ ਕਰਨ ਦੇ ਦੋਸ਼ਾਂ ਦਾ ਜੁਆਬ ਮੰਗਿਆ ਗਿਆ ਸੀ, ਪਰ ਇਨ੍ਹਾਂ ਨੇ ਉਸ ਨੋਟਿਸ ਦਾ ਜੁਆਬ ਦੇਣ ਦੀ ਬਜਾਏ ਪਾਰਟੀ ਖ਼ਿਲਾਫ਼ ਮੀਡੀਏ ਵਿਚ ਝੂਠੀ ਤੇ ਗੁੰਮਰਾਹਕੁੰਨ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਇਸ ਪੂਰੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਤੋਂ ਬਾਦ ਨੋਟ ਕੀਤਾ ਗਿਆ ਕਿ ਇੰਨਾਂ ਆਗੂਆਂ ਵਿਚ ਪਾਰਟੀ ਸੇਧ ਮੁਤਾਬਿਕ ਚੱਲਣ ਦੇ ਕੋਈ ਲੱਛਣ ਨਜਰ ਨਹੀਂ ਆ ਰਹੇ। ਉਲਟਾ ਇਹ ਬੀਜੇਪੀ ਵਰਗੀ ਫਾਸਿਸਟ ਸ਼ਕਤੀ ਨਾਲ ਜਮਾਤੀ ਸਾਂਝ ਭਿਆਲੀ ਦੀ ਲਾਈਨ ਉਤੇ ਹੀ ਚੱਲ ਰਹੇ ਹਨ, ਇਸ ਲਈ ਅੰਤ ਸੂਬਾ ਕਮੇਟੀ ਨੇ ਸਰਬਸੰਮਤੀ ਨਾਲ ਇੰਨਾਂ ਦੋਵਾਂ ਨੂੰ ਪਾਰਟੀ ਵਿਚੋਂ ਕੱਢ ਦੇਣ ਦਾ ਫੈਸਲਾ ਕੀਤਾ ਹੈ।

ਮੀਟਿੰਗ ਵਲੋਂ ਪਾਸ ਕੀਤੇ ਇਕ ਵਿਸ਼ੇਸ਼ ਮਤੇ ਵਿਚ ਸੀਪੀਆਈ (ਐਮ ਐਲ) ਨੇ ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ਵਿਚ ਉਥੋਂ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਥੇ ਲੋਕਤੰਤਰ, ਸੰਵਿਧਾਨ ਤੇ ਫੈਡਰਲਿਜਮ ਦੀ ਦੋਖੀ ਫਾਸਿਸਟ ਬੀਜੇਪੀ ਦੇ ਉਮੀਦਵਾਰ ਨੂੰ ਹਾਰ ਦੇਣ ਲਈ ਅਪਣੀ ਪੂਰੀ ਤਾਕਤ ਝੋਕ ਦੇਣ। ਮੀਟਿੰਗ ਵਿਚ ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਰੂੜੇਕੇ, ਗੁਰਮੀਤ ਸਿੰਘ ਨੰਦਗੜ, ਵਿਜੇ ਕੁਮਾਰ ਸੋਹਲ, ਸੁਖਦਰਸ਼ਨ ਸਿੰਘ ਨੱਤ, ਹਰਮਨਦੀਪ ਹਿੰਮਤਪੁਰਾ, ਗੁਰਨਾਮ ਸਿੰਘ ਭੀਖੀ, ਜਸਬੀਰ ਕੌਰ ਨੱਤ, ਗੁਲਜ਼ਾਰ ਸਿੰਘ ਉਭੁੰਬਲੀ, ਗੁਰਜੰਟ ਸਿੰਘ ਮਾਨਸਾ, ਬਲਬੀਰ ਸਿੰਘ ਝਾਮਕਾ, ਸੁਰਿੰਦਰ ਪਾਲ ਸ਼ਰਮਾ , ਸੁਖਦੇਵ ਸਿੰਘ ਭਾਗੋਕਾਵਾਂ , ਬਲਬੀਰ ਸਿੰਘ ਮੂਧਲ ਹਾਜ਼ਰ ਸਨ।

Leave a Reply

Your email address will not be published. Required fields are marked *