ਦੱਸ ਦਿਨਾਂ ਤੋਂ ਬੰਦ ਪਏ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ ਅਲਮਾਰੀਆਂ ਤੋੜ ਸਮਾਨ ਕੀਤਾ ਚੌਰੀ, ਘਰ ਦੀਆਂ ਟੂਟੀਆਂ ਤੱਕ ਲੈ ਗਏ ਚੋਰ
ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੇ ਦਿਨ ਵੀ ਗੁਰਦਾਸਪੁਰ ਅੰਦਰ ਚੋਰਾਂ ਨੇ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 25 ਲੱਖ ਰੁਪਏ ਦੇ ਮੋਬਾਇਲ ਚੋਰੀ ਕੀਤੇ ਸਨ। ਅਤੇ ਅੱਜ ਫਿਰ ਦੂਜੇ ਦਿਨ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਸ਼ਹਿਰ ਦੇ ਮੇਨ ਡਾਕਘਰ ਦੇ ਪਿੱਛੇ ਪੈਂਦੀ ਗਲੀ ਮੁਹੱਲਾ ਗੋਪਾਲ ਨਗਰ ਵਿਖੇ ਦੱਸ ਦਿਨਾਂ ਤੋਂ ਬੰਦ ਪਏ ਇੱਕ ਘਰ ਦੇ ਦਰਵਾਜ਼ੇ ਤੋੜ ਕੇ ਚੋਰ ਅੰਦਰ ਵੜੇ ਅਤੇ ਹਰ ਅਲਮਾਰੀ ਨੂੰ ਬੁਰੀ ਤਰਹਾਂ ਨਾਲ ਖੰਗਾਲਿਆ । ਇਥੋਂ ਤੱਕ ਕਿ ਚੋਰਾਂ ਨੇ ਘਰ ਦੇ ਬਰਤਨ ਅਤੇ ਬਾਥਰੂਮਾਂ ਵਿੱਚ ਲੱਗੀਆਂ ਟੂਟੀਆਂ ਤੱਕ ਨਹੀਂ ਛੱਡੀਆਂ।
ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਰਘੁਨੰਦਨ ਸ਼ਰਮਾ ਦੇ ਕਰੀਬੀ ਰਿਸ਼ਤੇਦਾਰ ਅਮਨ ਸ਼ਰਮਾ ਨੇ ਦੱਸਿਆ ਕਿ ਉਸ ਦੇ ਸਹੁਰਾ ਪਰੀਵਾਰ ਰਘੁਨੰਦਨ ਸ਼ਰਮਾ ਜੋ ਪਾਵਰ ਕੌਮ ਮਹਿਕਮੇ ਤੋਂ ਅਸਿਸਟੈਂਟ ਐਸਡੀਓ ਦੇ ਤੌਰ ਤੇ ਰਿਟਾਇਰ ਹੋਏ ਹਨ ਆਪਣੀ ਪਤਨੀ ਚੰਪਾ ਦੇਵੀ ਨਾਲ ਆਪਣੇ ਬੇਟੇ ਕੋਲ ਗੁੜਗਾਉਂ ਕਰੀਬ 10 ਦਿਨਾਂ ਤੋਂ ਗਏ ਹੋਏ ਹਨ । ਇਸ ਦੌਰਾਨ ਚੰਪਾ ਦੇਵੀ ਦੇ ਭਰਾ ਉਹਨਾਂ ਦੇ ਬੰਦ ਪਏ ਘਰ ਦੀ ਦੇਖ ਰੇਖ ਕਰਦੇ ਹਨ। ਕੱਲ ਦੇਰ ਸ਼ਾਮ ਉਹ ਘਰ ਵਿੱਚ ਚੱਕਰ ਲਗਾ ਕੇ ਗਏ ਸਨ ਅਤੇ ਸਭ ਕੁਝ ਠੀਕ-ਠਾਕ ਸੀ ਪਰ ਅੱਜ ਸ਼ਾਮ ਨੂੰ ਕਿਸੇ ਪੜੋਸੀ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਘਰ ਦੇ ਸਾਈਡ ਵਾਲਾ ਦਰਵਾਜ਼ਾ ਟੁੱਟਿਆ ਹੋਇਆ ਹੈ ਤਾਂ ਉਹ ਤੁਰੰਤ ਘਰ ਵਿੱਚ ਆਏ ਅਤੇ ਆ ਕੇ ਦੇਖਿਆ ਕਿ ਚੋਰਾਂ ਨੇ ਘਰ ਦੀ ਬੁਰੀ ਤਰਹਾਂ ਫਰੋਲਾ ਫਰਾਲੀ ਕੀਤੀ ਹੋਈ ਸੀ। ਹਰ ਲੱਕੜੀ ਅਤੇ ਲੋਹੇ ਦੀ ਅਲਮਾਰੀ ਦਾ ਸਮਾਨ ਬਾਹਰ ਕੱਢ ਕੇ ਖੰਗਾਲਿਆ ਗਿਆ ਸੀ ਅਤੇ ਜੋ ਵੀ ਕੀਮਤੀ ਸਮਾਨ ਹੱਥ ਲੱਗਿਆ ਉਹ ਚੋਰ ਆਪਣੇ ਨਾਲ ਲੈ ਗਏ। ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਘਰ ਦੇ ਬਾਥਰੂਮਾਂ ਦੀਆਂ ਟੂਟੀਆਂ ਅਤੇ ਰਸੋਈ ਦੇ ਭਾਂਡੇ ਤੱਕ ਵੀ ਨਹੀਂ ਛੱਡੇ ਗਏ ਹਨ। ਮਕਾਨ ਮਾਲਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਮਾਲਕਾਂ ਨਾਲ ਫੋਨ ਤੇ ਗੱਲ ਹੋਈ ਹੈ। ਘਰ ਵਿੱਚ ਥੋੜਾ ਬਹੁਤ ਕੈਸ਼ ਤਾਂ ਪਿਆ ਸੀ ਪਰ ਕਿੰਨਾ ਕੁ ਸਮਾਨ ਚੋਰਾ ਵੱਲੋਂ ਚੋਰੀ ਕੀਤਾ ਗਿਆ ਹੈ ਇਸ ਬਾਰੇ ਘਰਵਾਲਿਆਂ ਦੇ ਵਾਪਿਸ ਆਉਣ ਤੇ ਹੀ ਜਾਣਕਾਰੀ ਮਿਲ ਸਕਦੀ ਹੈ। ਰਿਸ਼ਤੇਦਾਰਾਂ ਵੱਲੋਂ 112 ਨੰਬਰ ਤੇ ਕਾਲ ਕੀਤੀ ਗਈ ਤਾਂ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਹਨ ਅਤੇ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਵੱਲੋਂ ਮਕਾਨ ਦਾ ਜਾਇਜ਼ਾ ਲੈਕੇ ਥਾਣਾ ਸਿਟੀ ਗੁਰਦਾਸਪੁਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਇਹਨਾਂ ਚੋਰਾਂ ਦੀ ਭਾਲ ਕੀਤੀ ਜਾਵੇਗੀ। ਅਤੇ ਆਸ ਪਾਸ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਚੋਰਾਂ ਦਾ ਕੋਈ ਸੁਰਾਗ ਪੁਰਸ ਦੇ ਹੱਥ ਲੱਗ ਸਕੇ।