ਬਰਨਾਲਾ, ਗੁਰਦਾਸਪੁਰ,25 ਸਤੰਬਰ (ਸਰਬਜੀਤ ਸਿੰਘ)– ਇਨਕਲਾਬੀ ਕਮਿਊਨਿਸਟ ਪਾਰਟੀ ਸੀਪੀਆਈ (ਐਮ ਐਲ) ਰੈੱਡ ਸਟਾਰ ਵੱਲੋਂ ਤਰਕਸ਼ੀਲ ਭਵਨ ਵਿਖੇ ਜ਼ਿਲ੍ਹੇ ਦੇ ਸਰਗਰਮ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਪਾਰਟੀ ਆਗੂ ਕਾਮਰੇਡ ਕਰਮਜੀਤ ਸਿੰਘ ਪੀਰਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਦੇ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਅਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਰਟੀ ਦੀ ਕੇਂਦਰੀ ਕਮੇਟੀ ਦੇ ਫ਼ੈਸਲੇ ਅਨੁਸਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ 22 ਤੋਂ 24 ਨਵੰਬਰ ਤੱਕ ਤਿੰਨ ਰੋਜ਼ਾ ਰਾਜਨੀਤਕ ਪਲੈੱਨਮ ਅਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਦੇਸ਼ ਦੇ ਇੱਕ ਦਰਜ਼ਨ ਤੋਂ ਵੱਧ ਸੂਬਿਆਂ ਤੋਂ ਡੈੱਲੀਗੇਟ ਭਾਗ ਲੈਣਗੇ। ਪਲੈੱਨਮ ਵਿੱਚ ਸਾਮਰਾਜਵਾਦ, ਮਨੂੰਵਾਦੀ ਫਾਸ਼ੀਵਾਦ ਅਤੇ ਕਾਰਪੋਰੇਟ ਰਾਜ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਲਈ ਚਰਚਾ ਦਾ ਮੁੱਖ ਵਿਸ਼ਾ ਹੋਵੇਗਾ। ਆਗੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਬੀਬੀ ਗੁਲਾਬ ਕੌਰ, ਦੁਰਗਾ ਭਾਬੀ, ਚੰਦਰ ਸੇਖ਼ਰ ਆਜ਼ਾਦ, ਅਸ਼ਫ਼ਾਕਉੱਲ੍ਹਾ ਖਾਂ ਅਤੇ ਬ੍ਰਿਸਾ ਮੁੰਡਾ ਵਰਗੇ ਹਜ਼ਾਰਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਦੇਸ਼ ਅਜ਼ਾਦ ਹੋਇਆ ਸੀ। ਆਰ ਐਸ ਐਸ ਵਰਗੀਆਂ ਫਾਸ਼ੀਵਾਦੀ ਤਾਕਤਾਂ, ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜਵਾਦ ਦੇ ਖ਼ਿਲਾਫ਼ ਕਦੇ ਵੀ ਲੜਾਈ ਨਹੀਂ ਲੜੀ, ਇਸ ਦੇ ਆਗੂ ਅਨੇਕਾਂ ਵਾਰ ਮਾਫ਼ੀਆਂ ਮੰਗ ਕੇ ਜੇਲ੍ਹਾਂ ਤੋਂ ਬਾਹਰ ਆਏ, ਉਹਨਾਂ ਨੇ ਆਜ਼ਾਦੀ ਸੰਗਰਾਮ ਤੋਂ ਆਪਣੇ ਆਪ ਨੂੰ ਹਮੇਸ਼ਾਂ ਦੂਰ ਰੱਖਿਆ। ਅੱਜ ਦੇਸ਼ ਦੀ ਸੱਤ੍ਹਾ ਉਹਨਾਂ ਦੇ ਹੱਥਾਂ ਵਿੱਚ ਹੈ। ਮੋਦੀ ਦੀ ਅਗਵਾਈ ਹੇਠ ਨਵ – ਫਾਸ਼ੀਵਾਦੀ ਹਮਲਾ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਜਾਰੀ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਫਾਸ਼ੀਵਾਦੀ ਸੰਗਠਨ ਹੈ। ਆਰ ਐਸ ਐਸ ਨੇ ਆਪਣਾ ਫਾਸ਼ੀਵਾਦੀ ਜ਼ਾਲ ਵਿਸ਼ਾ ਕੇ ਨਾਗਰਿਕ, ਸੈਨਾ, ਪ੍ਰਸ਼ਾਸ਼ਨ ਅਤੇ ਨਿਆਂਪਾਲਿਕਾ ਨੂੰ ਆਪਣੇ ਕੰਟਰੋਲ ਹੇਠ ਕਰ ਲਿਆ ਹੈ। ਇਸਦੇ ਰਾਜ ਵਿੱਚ ਫਾਸ਼ੀਵਾਦੀ ਕਾਰਪੋਰੇਟ ਰਾਜ ਦੇ ਦੰਦ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਹਨ। ਜਿਸ ਕਰਕੇ ਅਮੀਰਾਂ ਅਤੇ ਗ਼ਰੀਬਾਂ ਵਿੱਚ ਅਸਮਾਨਤਾ ਵਧ ਰਹੀ ਹੈ। ਦਸ ਫ਼ੀਸਦੀ ਕਾਰਪੋਰੇਟ ਘਰਾਣਿਆਂ ਕੋਲ ਦੇਸ਼ ਦੀ 74 ਫ਼ੀਸਦੀ ਸੰਪਤੀ ਇਕੱਠੀ ਹੋ ਗਈ ਹੈ। ਗ਼ਰੀਬੀ,ਬੇਰੁਜ਼ਗਾਰੀ ਅਤੇ ਮਹਿੰਗਾਈ ਸਭ ਹੱਦਾਂ ਪਾਰ ਕਰ ਗਈ ਹੈ। ਭਾਜਪਾ ਦੀ ਬੁਲਡੋਜ਼ਰ ਨੀਤੀ ਦੇ ਕਾਰਣ ਅੱਸੀ ਫੀਸਦੀ ਜਨਤਾ ਮਜ਼ਦੂਰ, ਕਿਸਾਨ, ਵਿਦਿਆਰਥੀ, ਦਲਿਤ, ਆਦਿਵਾਸੀ, ਔਰਤਾਂ , ਘੱਟ ਗਿਣਤੀਆਂ ਅਤੇ ਖ਼ਾਸ ਕਰਕੇ ਮੁਸਲਮਾਨ ਬੁਰੀ ਤਰ੍ਹਾਂ ਕਰ੍ਹਾ ਰਹੇ ਹਨ। ਆਗੂ ਨੇ ਕਿਹਾ ਕਿ ਸਾਮਰਾਜਵਾਦ ਵਿਰੋਧੀ ਲੜਾਈ ਨੂੰ ਅੱਗੇ ਲਿਜਾਣ ਲਈ ਅਤੇ ਕਾਰਪੋਰੇਟ ਫਾਸ਼ੀਵਾਦ ਨੂੰ ਜੜ੍ਹੋਂ ਉਖਾੜਨ ਲਈ ਜਨਤਾ ਦੀ ਵੱਡੀ ਏਕਤਾ ਉਸਾਰਨ ਅਤੇ ਖੱਬੇ ਪੱਖੀ ਤਾਕਤਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈ। ਪਾਰਟੀ ਇਹਨਾਂ ਭਖ਼ਵੇਂ ਮੁੱਦਿਆਂ ਉੱਪਰ ਚਰਚਾ ਕਰੇਗੀ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਰਾਮਨਗਰ, ਮੇਵਾ ਸਿੰਘ ਹੰਡਿਆਇਆ, ਮਨਜੀਤ ਕੌਰ,ਅਜਾਇਬ ਸਿੰਘ ਖੋਖਰ, ਗੁਰਮੇਲ ਸਿੰਘ ਪੱਖੋਕਲਾਂ, ਅੰਤਰਜਾਮੀ ਸਿੰਘ, ਅਜਾਇਬ ਸਿੰਘ ਧੂਰਕੋਟ, ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।