ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਵਿੱਚ ਰਹਿ ਕੇ ਮੌਜੂਦਾ ਕਾਰੋਬਾਰੀ ਦੀਆਂ ਲੋੜਾਂ ਅਤੇ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ: ਵਿਰੋਧੀ ਧਿਰ ਦੇ ਆਗੂ
ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ)–ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਪ੍ਰਮੁੱਖ ਸਨਅਤਕਾਰਾਂ ਨੂੰ ਸੂਬੇ ਰਹਿ ਕੇ ਕਾਰੋਬਾਰ ਕਰਨ ਅਤੇ ਸੂਬੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਵਿੱਚ ਅਸਮਰਥ ਰਹੇ।
ਪੰਜਾਬ ਦੇ ਕੁੱਝ ਪ੍ਰਮੁੱਖ ਕਾਰੋਬਾਰੀ ਘਰਾਨਿਆਂ ਦੇ ਯੂਪੀ ਵਿੱਚ ਪ੍ਰਵਾਸ ਕਰਨ ਬਾਰੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਬਾਜਵਾ ਨੇ ਕਿਹਾ ਕਿ ਦਸੰਬਰ ਵਿੱਚ, ਜਦੋਂ ਮੁੱਖ ਮੰਤਰੀ ਮਾਨ ਨਿਵੇਸ਼ ਦੀ ਭਾਲ ਲਈ ਕੁੱਝ ਦੱਖਣੀ ਸੂਬਿਆਂ ਦਾ ਦੌਰਾ ਕਰ ਰਹੇ ਸਨ, ਤਾਂ ਪੰਜਾਬ ਦੇ ਕਈ ਉਦਯੋਗਪਤੀਆਂ ਨੇ ਯੂਪੀ ਸਰਕਾਰ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਇਸ ਦੌਰਾਨ, ਮੁੱਖ ਮੰਤਰੀ ਹੁਣੇ-ਹੁਣੇ ਮੁੰਬਈ ਤੋਂ ਵਾਪਸ ਆਏ ਹਨ, ਜਿੱਥੇ ਉਹ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਨ ਗਏ ਸਨ, ਅਤੇ ਪੰਜਾਬ ਦੇ 29 ਪ੍ਰਮੁੱਖ ਕਾਰਪੋਰੇਟਾਂ ਨੇ ਯੂਪੀ ਸਰਕਾਰ ਨਾਲ ਫਿਰ ਤੋਂ ਸਮਝੌਤੇ ‘ਤੇ ਹਸਤਾਖ਼ਰ ਕੀਤੇ ਹਨ।
“ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਵਿੱਚ ਹੀ ਰਹਿਣ ਅਤੇ ਦੂਜੇ ਸੂਬਿਆਂ ਤੋਂ ਨਿਵੇਸ਼ ਦੀ ਤਲਾਸ਼ ਵਿੱਚ ਗੁਮਰਾਹ ਹੋਣ ਤੋਂ ਪਹਿਲਾਂ ਪਹਿਲਾਂ ਮੌਜੂਦਾ ਉਦਯੋਗਪਤੀਆਂ ਦੀਆਂ ਲੋੜਾਂ ਅਤੇ ਮੰਗਾਂ ਵੱਲ ਧਿਆਨ ਦੇਣ। ਇੱਕ ਵਾਰ ਜਦੋਂ ਮੌਜੂਦਾ ਉੱਦਮਾਂ ਨੂੰ ਸੁਰੱਖਿਅਤ ਕਰ ਲਿਆ ਜਾਂਦਾ ਹੈ, ਤਾਂ ਦੂਜੇ ਰਾਜਾਂ ਤੋਂ ਨਿਵੇਸ਼ ਨੂੰ ਲੁਭਾਉਣ ਲਈ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ”, ਬਾਜਵਾ ਨੇ ਕਿਹਾ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸਨਅਤਕਾਰਾਂ ਵੱਲੋਂ ਪਹਿਲਾਂ ਹੀ ਇਹ ਗੱਲ ਦੱਸੀ ਗਈ ਸੀ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਮਾੜੀ ਹਾਲਤ ਅਤੇ ਸਹੀ ਉਦਯੋਗ ਤੇ ਕਾਰੋਬਾਰ ਨੀਤੀ ਦੀ ਘਾਟ ਉਨ੍ਹਾਂ ਦੇ ਯੂਪੀ ਪਰਵਾਸ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ, “ਹਾਲਾਂਕਿ, ਮਾਨ ਸਰਕਾਰ ਦੋਵਾਂ ਮੁੱਦਿਆਂ ‘ਤੇ ਕੰਮ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ”।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ‘ਆਪ’ ਸਰਕਾਰ ਸੂਬੇ ਦੀ ਆਰਥਿਕ ਹਾਲਤ ਨੂੰ ਉੱਚਾ ਨਹੀਂ ਚੁੱਕ ਸਕੀ, ਜੋ ਪਹਿਲਾਂ ਹੀ ਅੜਿੱਕਾ ਬਣੀ ਹੋਈ ਸੀ। ਸੂਬਿਆਂ ਵਿਚ ਜ਼ਰੂਰੀ ਵਿੱਤੀ ਸਰਗਰਮੀਆਂ ਉਧਾਰ ਲਏ ਪੈਸਿਆਂ ‘ਤੇ ਚੱਲ ਰਹੀਆਂ ਹਨ, ਜਦਕਿ ‘ਆਪ’ ਦੀ ਸਰਕਾਰ ਸਿਰਫ਼ ਪੰਜਾਬ ਦੀ ਅਸਲ ਹਾਲਤ ਨੂੰ ਲੁਕਾਉਣ ਲਈ ਇਸ਼ਤਿਹਾਰਾਂ ‘ਤੇ ਲਾਪਰਵਾਹੀ ਨਾਲ ਖ਼ਰਚ ਕਰਨ ‘ਤੇ ਤੁਲੀ ਹੋਈ ਸੀ।
ਬਾਜਵਾ ਨੇ ਅੱਗੇ ਕਿਹਾ, “ਇਹ ਉਸ ਤਰਾਂ ਦਾ ਪੰਜਾਬ ਨਹੀਂ ਹੈ, ਜਿਸ ਦਾ ਵਾਅਦਾ ‘ਆਪ’ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ।