ਗੁਰਦਾਸਪੁਰ7 ਜੁਲਾਈ ( ਸਰਬਜੀਤ) ;-ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 4 ਤੋਂ 17 ਜੁਲਾਈ 2022 ਤਕ ਤੀਬਰ ਡਾਇਰੀਆ ਰੋਕੂ ਪੰਦਰਵਾਰੜਾ ਮਨਾਇਆ ਜਾ ਰਿਹਾ ਹੈ। ਪੀ ਪੀ ਯੂਨਿਟ ਗੁਰਦਾਸਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਟੀਕਾ ਲਗਵਾਉਣ ਆਈਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਡਾਇਰੀਆ ਬਾਰੇ ਜਾਣਕਾਰੀ ਦਿੰਦਿਆਂ ਡਾ ਅਨੀਤਾ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਅਕਸਰ ਹੀ ਲੋਕਾਂ ਨੂੰ ਡਾਇਰੀਆ ਦੀ ਸ਼ਿਕਾਇਤ ਹੁੰਦੀ ਹੈ। ਡਾਇਰੀਆ ਛੋਟੇ ਬੱਚਿਆਂ ਲਈ ਬਹੁਤ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਡਾਇਰੀਆ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਹੱਥਾਂ ਨੂੰ ਸਾਫ ਰੱਖ ਕੇ ਕਾਫ਼ੀ ਹੱਦ ਤਕ ਡਾਇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ ਕਿਉਂਕਿ ਗੰਦੇ ਹੱਥਾਂ ਨਾਲ ਖਾਣਾ ਖਾਣ ਨਾਲ ਡਾਇਰੀਆ ਹੁੰਦਾ ਹੈ। ਇਸ ਕਰਕੇ ਖਾਣਾ ਬਣਾਉਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ।
ਇਸ ਮੌਕੇ ਜਾਣਕਾਰੀ ਦਿੰਦਿਆਂ ਐਲ ਐਚ ਵੀ ਕਨਵਲਜੀਤ ਕੌਰ ਨੇ ਦੱਸਿਆ ਕਿ ਜੇਕਰ ਕਿਸੇ ਬੱਚੇ ਨੂੰ ਡਾਇਰੀਆ ਹੋ ਜਾਂਦਾ ਹੈ ਤਾਂ ਉਸ ਨੂੰ ਓਆਰਐੱਸ ਦਾ ਘੋਲ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਸ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਜੇਕਰ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਤਾਂ ਉਸ ਨੂੰ ਮਾਂ ਦਾ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਓਆਰਐੱਸ ਦਾ ਘੋਲ ਬਣਾਉਣ ਲਈ ਪਾਣੀ ਉਬਾਲ ਕੇ ਠੰਢਾ ਕਰ ਕੇ ਇੱਕ ਲਿਟਰ ਪਾਣੀ ਵਿਚ ਇਕ ਪੈਕੇਟ ਓਆਰਐੱਸ ਸਕੂਲਾਂ ਚਾਹੀਦਾ ਹੈ। ਓਆਰਐੱਸ ਦਾ ਘੋਲ ਬਣਾ ਕੇ 24 ਘੰਟੇ ਲਈ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਬਚਿਆ ਹੋਇਆ ਘੋਰ ਸੁੱਟ ਦੇਣਾ ਚਾਹੀਦਾ ਹੈ।
ਇਸ ਮੌਕੇ ਡਾ ਸ਼ਰਨਪ੍ਰੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਬੀ ਈ ਈ ਹਰਦੀਪ ਸਿੰਘ, ਐੱਲ ਐੱਚ ਵੀ ਪਰਮਜੀਤ ਕੌਰ, ਏ ਐਨ ਐਮ ਅੰਜਨਾ, ਰਜਨੀ, ਆਸ਼ਾ ਵਰਕਰਾਂ ਅਤੇ ਲੋਕ ਹਾਜ਼ਰ ਸਨ।