ਮਾਨਸਾ, ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ)– ਸਥਾਨਕ ਬੱਚਤ ਭਵਨ ਮਾਨਸਾ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਬੰਦ ਕਰਕੇ ਯੂਥ ਲਾਇਬ੍ਰੇਰੀ ਦੇ ਨਾਂ ਹੇਠ ਲਾਇਬ੍ਰੇਰੀਆਂ ਦੇ ਨਿੱਜੀਕਰਨ ਵੱਲ ਵਾਧੇ ਖਿਲਾਫ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਅਤੇ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਬੱਚਤ ਭਵਨ ਮਾਨਸਾ ਵਿਖੇ ਰੋਸ ਪ੍ਰਗਟ ਕਰਦੇ ਹੋਏ ਦਸਤਖ਼ਤੀ ਮੁਹਿੰਮ ਚਲਾ ਕੇ ਮਨੁਖੀ ਅਧਿਕਾਰਾਂ ਦੀ ਬਹਾਲੀ ਦਾ ਹੋਕਾ ਦਿੱਤਾ ਗਿਆ ਅਤੇ 11ਦਸੰਬਰ ਨੂੰ ਬਾਲ ਭਵਨ ਮਾਨਸਾ ਵਿਖੇ ਪਾਠਕ ਪੰਚਾਇਤ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਅਤੇ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਦੇ ਕਨਵੀਨਰ ਸੁਰਿੰਦਰ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਮੌਜੂਦਾ ਪੂੰਜੀਵਾਦੀ ਨਿਜ਼ਾਮ ਦੁਆਰਾ ਸਮਾਜ ਅੰਦਰ ਮਨੁੱਖੀ ਅਧਿਕਾਰਾਂ ਨੂੰ ਕੁਚਲਦਿਆਂ ਮਨੁੱਖਤਾ ਦੀ ਹੋਂਦ ਨੂੰ ਬਚਾਉਣ ਲਈ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣ ਲਈ ਹਰ ਹੱਥਕੰਡਾ ਅਪਣਾਇਆ ਜਾ ਰਿਹਾ ਹੈ ਅਤੇ ਮਨੁੱਖਤਾ ਨੂੰ ਅਣਗਿਣਤ ਸਮੱਸਿਆਵਾਂ ਵੱਲ ਧੱਕਿਆ ਜਾ ਰਿਹਾ ਹੈ। ਸਾਡੇ ਦੇਸ਼ ਦੀ ਸਰਕਾਰ ਸਮਾਜ ਅੰਦਰ ਮਨੁੱਖਤਾ ਵਿਰੋਧੀ ਘਟਨਾਵਾਂ ਨੂੰ ਨੱਥ ਪਾਉਣ ਵਿੱਚ ਫੇਲ ਸਾਬਿਤ ਹੋ ਰਹੀ ਹੈ। ਵਿਦਿਆਰਥੀ-ਨੌਜਵਾਨਾਂ ਤੋਂ ਪੜਨ ਦਾ ਅਧਿਕਾਰ ਖੋਹਣ ਲਈ ਪੰਜਾਬ ਸਰਕਾਰ ਸਰਕਾਰੀ ਜ਼ਿਲ੍ਹਾ ਲਾਇਬ੍ਰੇਰੀ ਚਲਾਉਣ ਤੋਂ ਭੱਜ ਰਹੀ ਹੈ ਅਤੇ ਉਸਦੇ ਸਮਾਨ ਨੂੰ ਰੈੱਡ ਕਰਾਸ ਦੇ ਹਵਾਲੇ ਕਰਕੇ ਪਾਠਕਾਂ ਦੀਆਂ ਜੇਬਾਂ ਤੇ ਭਾਰ ਪਾਉਣ ਲਈ ਪੱਬਾਂ ਭਾਰ ਹੈ। ਉਨ੍ਹਾਂ ਕਿਹਾ ਕਿ ਬੇਹਤਰ ਸਿੱਖਿਆ ਦਾ ਨਾਅਰਾ ਦੇਣ ਤੋਂ ਬਾਅਦ ਸੱਤਾ ਵਿਚ ਆਈ ਸਰਕਾਰ ਲਾਇਬ੍ਰੇਰੀਆਂ ਦਾ ਭੋਗ ਪਾਉਣ ਵਾਲੇ ਪਾਸੇ ਵੱਧ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਨਿਰਾਸ਼ਾ ਦੇ ਆਲਮ ਵੱਲ ਧੱਕ ਰਹੀ ਹੈ। ਸਮੇਂ ਦੀ ਸਰਕਾਰ ਵੱਲੋਂ ਵਿੱਦਿਆ ਸਮੇਤ ਹਰ ਖੇਤਰ ਵਿੱਚ ਨਿੱਜੀਕਰਨ,ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਦੇਸ਼ ਵਿਰੋਧੀ ਨੀਤੀਆਂ ਨੂੰ ਅਮਲੀ ਜਾਮਾਂ ਪਹਿਨਾ ਕੇ ਹਰੇਕ ਵਰਗ ਦੀ ਅੰਨ੍ਹੀ ਆਰਥਿਕ ਲੁੱਟ ਦੀ ਪੁਸ਼ਤਪਨਾਹੀ ਕਰਨ ਦਾ ਚਿਹਰਾ ਉਜਾਗਰ ਹੋ ਰਿਹਾ ਹੈ ਅਤੇ ਅਜਿਹੇ ਸਮੇਂ ਸਰਗਰਮ ਲੋਕ ਪੱਖੀ ਤਾਕਤਾਂ ਵੱਲੋਂ ਇਹਨਾਂ ਨੀਤੀਆਂ ਨੂੰ ਪੁੱਠਾ ਗੇੜਾ ਦੇਣਾ ਮੁੱਖ ਲੋੜ ਹੈ। ਆਗੂਆਂ ਨੇ ਇਲਾਕੇ ਦੀਆਂ ਸਮੂਹ ਸਰਗਰਮ ਨੌਜਵਾਨ,ਵਿਦਿਆਰਥੀ ਮਜ਼ਦੂਰ,ਕਿਸਾਨ,ਮੁਲਾਜ਼ਮ,ਦੁਕਾਨਦਾਰ, ਦਲਿਤ ਅਤੇ ਅਧਿਆਪਕ ਜਥੇਬੰਦੀਆਂ ਨੂੰ ਜ਼ਿਲਾ ਲਾਇਬ੍ਰੇਰੀ ਨੂੰ ਬਚਾਉਣ ਲਈ 11ਦਸੰਬਰ ਨੂੰ ਬਾਲ ਭਵਨ ਮਾਨਸਾ ਵਿਖੇ ਪੁਹੰਚਣ ਦੀ ਅਪੀਲ ਵੀ ਕੀਤੀ।ਆਗੂਆਂ ਨੇ ਮੰਗ ਕੀਤੀ ਕਿ ਸ਼ਹਿਰ ਅੰਦਰ ਡਾਕਟਰ ਅੰਬੇਦਕਰ ਭਵਨ ਵਿਖੇ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਲਾਇਬ੍ਰੇਰੀ ਪਹਿਲਾਂ ਵਾਂਗ ਹੀ ਚੱਲਦੀ ਰਹੇ ਅਤੇ ਇਸ ਲਾਇਬ੍ਰੇਰੀ ਨੂੰ ਰੈੱਡ ਕਰਾਸ ਨੂੰ ਦੇਣ ਦਾ ਫ਼ੈਸਲਾ ਵਾਪਸ ਲਿਆ ਜਾਵੇ,ਪਾਠਕਾਂ ਤੋਂ ਵੱਧ ਫੀਸ ਵਸੂਲ ਕਰਨ ਦੀ ਨੀਤੀ ਨੂੰ ਰੱਦ ਕਰਦਿਆਂ ਪਹਿਲਾਂ ਦੀ ਤਰ੍ਹਾਂ 100 ਰੁਪਏ ਫੀਸ ਵਸੂਲ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਜਾਵੇ,ਪਾਠਕਾਂ ਦੇ ਬੈਠਣ ਲਈ ਡਾਕਟਰ ਅੰਬੇਦਕਰ ਭਵਨ ਮਾਨਸਾ ਵਿਖੇ ਪਹਿਲਾਂ ਵਾਲੀ ਇਮਾਰਤ ਹੀ ਉਪਲੱਬਧ ਕਰਵਾਈ ਜਾਵੇ,ਲਾਇਬ੍ਰੇਰੀ ਅੰਦਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ ਅਤੇ ਲਾਇਬ੍ਰੇਰੀ ਖੁੱਲੀ ਰਹਿਣ ਦਾ ਸਮਾਂ ਵਧਾਉਂਦੇ ਹੋਏ ਲਾਇਬ੍ਰੇਰੀ ਨੂੰ ਦਿਨ ਰਾਤ ਖੋਲਣ ਦੀ ਵਿਵਸਥਾ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਸਹਾਇਕ ਖ਼ਜ਼ਾਨਚੀ ਅੰਕਿਤਾ,ਪ੍ਰੇਰਨਾ,ਰਮਨਦੀਪ ਕੌਰ,ਹਰਜੋਤ ਸਿੰਘ,ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਆਦਿ ਵਿਦਿਆਰਥੀ ਹਾਜ਼ਰ ਸਨ।