ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)— ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਵਿੱਚ 01 ਜਨਵਰੀ ਤੋਂ 30 ਜੂਨ ਅਤੇ 01 ਜੁਲਾਈ ਤੋਂ 31 ਦਸੰਬਰ ਤੱਕ ਦੋ ਛਿਮਾਹੀ ਸੈਸ਼ਨਾਂ ਲਈ ਹਰ ਸਾਲ ਦਫ਼ਤਰੀ ਸਮੇਂ ਤੋਂ ਬਾਅਦ ਰੋਜ਼ਾਨਾ ਇੱਕ ਘੰਟੇ ਲਈ ਉਰਦੂ ਆਮੋਜ਼ ਜਮਾਤ ਲਗਾਈ ਜਾਂਦੀ ਹੈ। ਛਿਮਾਹੀ ਉਰਦੂ ਜਮਾਤ ਦਾ ਕੋਰਸ ਪੂਰਾ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਪ੍ਰਮਾਣ-ਪੱਤਰ ਵੀ ਜਾਰੀ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਵੀ ਉਮੀਦਵਾਰ, ਸਰਕਾਰੀ ਕਰਮਚਾਰੀ/ਅਧਿਕਾਰੀ, ਅਰਧ-ਸਰਕਾਰੀ ਕਰਮਚਾਰੀ, ਵਿਦਿਆਰਥੀ/ਕਾਰੋਬਾਰੀ ਦਾਖ਼ਲਾ ਲੈ ਸਕਦਾ ਹੈ। ਕੋਰਸ ਦੀ ਛਿਮਾਹੀ ਫ਼ੀਸ 1000/- ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਕਿ ਦਾਖ਼ਲੇ ਸਮੇਂ ਦਫ਼ਤਰ ਜਮ੍ਹਾਂ ਕਰਵਾਉਣੀ ਪੈਂਦੀ ਹੈ। ਪੰਜਾਬ ਸਰਕਾਰ ਵੱਲੋਂ ਉਰਦੂ ਦੇ ਬੁਨਿਆਦੀ ਗਿਆਨ ਨਾਲ ਸਬੰਧਤ ਇਸ ਜਮਾਤ ਨੂੰ ਪੜ੍ਹਾਉਣ ਵਾਲੇ ਉਰਦੂ ਅੰਸ਼ਕਾਲੀ ਅਧਿਆਪਕਾਂ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਐੱਮ.ਏ. ਉਰਦੂ ਕੀਤੀ ਗਈ ਹੈ। ਐੱਮ.ਏ. ਉਰਦੂ ਵਾਲੇ ਉਮੀਦਵਾਰ 501, ਬਲਾਕ-ਬੀ, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦਫ਼ਤਰ ਜ਼ਿਲ੍ਹਾਾ ਭਾਸ਼ਾ ਅਫ਼ਸਰ, ਗੁਰਦਾਸਪੁਰ ਵਿਖੇ ਸੰਪਰਕ ਕਰਕੇ ਅੰਸ਼ਕਾਲੀ ਉਰਦੂ ਅਧਿਆਪਕ ਲਈ ਆਪਣਾ ਬੇਨਤੀ ਪੱਤਰ ਯੋਗਤਾ ਦੇ ਸਬੂਤ ਸਹਿਤ 15 ਜੂਨ, 2023 ਤੱਕ ਜਮ੍ਹਾਂ ਕਰਵਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਇੱਕ ਘੰਟੇ ਦੀ ਉਰਦੂ ਜਮਾਤ ਲਈ ਅੰਸ਼ਕਾਲੀ ਉਰਦੂ ਅਧਿਆਪਕ ਨੂੰ ਮਹੀਨੇ ਦਾ ਉੱਕਾ-ਪੁੱਕਾ 8000/- (ਅੱਠ ਹਜ਼ਾਰ ਰੁਪਏ) ਮਿਹਨਤਾਨਾ ਵੀ ਦਿੱਤਾ ਜਾਵੇਗਾ।