ਫਰੀਦਕੋਟ, ਗੁਰਦਾਸਪੁਰ 9 ਸਤੰਬਰ (ਸਰਬਜੀਤ ਸਿੰਘ)– ਅੱਜ ਇਥੇ ਮਜ਼ਦੂਰਾਂ ਦੀ ਇਕ ਖੁੱਲੀ ਮੀਟਿੰਗ ਵਿਚ ਜਿਲ੍ਹਾ ਫਰੀਦਕੋਟ ਦੇ ਸਰਗਰਮ ਮਜ਼ਦੂਰ ਆਗੂਆਂ – ਸਤਨਾਮ ਸਿੰਘ ਪੱਖੀ ਖ਼ੁਰਦ, ਬਲਜੀਤ ਕੌਰ ਸਿੱਖਾਂਵਾਲਾ, ਪਰਮਜੀਤ ਕੌਰ ਕੋਟਕਪੂਰਾ, ਕੁਲਵਿੰਦਰ ਕੌਰ ਝੋਟੀਵਾਲਾ, ਸਰਬਜੀਤ ਕੌਰ ਹਸਨਭੱਟੀ, ਰਮਨਦੀਪ ਕੌਰ ਢ਼ੀਮਾਵਾਲੀ ਵਲੋਂ ਸੀਪੀਆਈ (ਐਮ ਐੱਲ) ਲਿਬਰੇਸ਼ਨ ਪੰਜਾਬ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਪਹੁੰਚੇ ਸੀਪੀਆਈ (ਐਮ ਐੱਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਪ੍ਰਧਾਨ ਕਾਮਰੇਡ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦੇਸ਼ ਵਿੱਚ ਆਰਐਸਐਸ ਤੇ ਭਾਜਪਾ ਵੱਲੋਂ ਅਪਣੇ ਫ਼ਿਰਕੂ ਏਜੰਡੇ ਆਸਰੇ ਚੋਣਾਂ ਵਿਚ ਲਾਹਾ ਲੈਣ ਲਈ ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਮਿਥ ਕੇ ਪਾੜਾ ਪਾਇਆ ਜਾ ਰਿਹਾ ਹੈ। ਇਸ ਮੰਤਵ ਲਈ ਉਹ ਜਨਤਕ ਜਥਬੰਦੀਆਂ ਦੇ ਆਗੂਆਂ ਨੂੰ ਕਈ ਕਿਸਮ ਦੇ ਲਾਲਚ ਦੇਕੇ ਭਾਜਪਾ ਆਰਐਸਐਸ ਦੇ ਦੇਸ਼ ਵਿਰੋਧੀ ਤੇ ਫ਼ਿਰਕੂ ਏਜੰਡੇ ਖਿਲਾਫ਼ ਹੋ ਰਹੀ ਜਨਤਕ ਲਾਮਬੰਦੀ ਨੂੰ ਤੋੜਨ ਅਤੇ ਮਜਦੂਰਾਂ ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਚਾਲਾਂ ਚੱਲ ਰਹੇ ਹਨ। ਸਾਨੂੰ ਇਹਨਾਂ ਚਾਲਾਂ ਤੋਂ ਸੁਚੇਤ ਹੋ ਕੇ ਆਪਣੇ ਜਮਾਤੀ ਸੰਘਰਸ਼ ਤੇ ਜਮਾਤੀ ਏਕਤਾ ਨੂੰ ਮਜ਼ਬੂਤ ਕਰਨ ਵੱਲ ਵੱਧਣਾ ਚਾਹੀਦਾ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਸਾਨੂੰ ਦੁਨੀਆਂ ਭਰ ਦੇ ਮਜਦੂਰਾਂ ਵੱਲੋਂ ਲਾਲ਼ ਝੰਡੇ ਦੀ ਅਗਵਾਈ ਹੇਠ ਪੱਕੇ ਰੋਜ਼ਗਾਰ, ਇਲਾਜ ਦੀ ਗਾਰੰਟੀ, ਕੰਮ ਦੇ ਘੰਟੇ ਘਟਾ ਕੇ ਛੇ ਕਰਨ ਅਤੇ ਅਣ ਸਿੱਖਿਅਤ ਮਜ਼ਦੂਰਾਂ ਦੀ ਉਜਰਤ ਸੱਤ ਸੌ ਰੁਪਏ ਪ੍ਰਤੀ ਦਿਨ ਕਰਨ ਦੀ ਮੰਗ ਸਹਿਤ ਨਸ਼ਿਆਂ ਦੇ ਮਾਰੂ ਧੰਦੇ ਤੇ ਫ਼ਿਰਕੂ ਏਜੰਡੇ ਨੂੰ ਸਾਂਝੇ ਸੰਘਰਸ਼ਾਂ ਰਾਹੀਂ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਤਾਂ ਜ਼ੋ ਸੰਵਿਧਾਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਿਆ ਜਾ ਸਕੇ।
ਕਾਮਰੇਡ ਸਤਨਾਮ ਸਿੰਘ ਪੱਖੀ ਖ਼ੁਰਦ ਨੇ ਕਿਹਾ ਕਿ ਅਸੀਂ ਮੁੱਢ ਤੋਂ ਲਾਲ ਝੰਡੇ ਦੇ ਨਾਲ ਸੀ ਅਤੇ ਅੱਗੇ ਵੀ ਮਜ਼ਦੂਰ ਜਮਾਤ ਦੀ ਮੁਕਤੀ ਦੇ ਲਈ ਅਸੀਂ ਲਾਲ ਝੰਡੇ ਦੀ ਇਨਕਲਾਬੀ ਪਾਰਟੀ ਸੀਪੀਆਈ (ਐਮ ਐੱਲ) ਲਿਬਰੇਸ਼ਨ ਦੀ ਅਗਵਾਈ ਹੇਠ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਿੱਚ ਕੰਮ ਕਰਾਂਗੇ। ਮੈਂ ਹੋਰ ਮਜ਼ਦੂਰ ਆਗੂਆਂ ਅਤੇ ਮਜਦੂਰਾਂ ਨੂੰ ਵੀ ਅਪੀਲ਼ ਕਰਦਾ ਹਾਂ ਕਿ ਕਿਸੇ ਦੇ ਝਾਂਸੇ ਵਿੱਚ ਨਾ ਕੇ ਮਜਦੂਰਾਂ ਦੀ ਮੁਕਤੀ ਅਤੇ ਹੱਕ਼ ਅਧਿਕਾਰਾਂ ਲਈ ਲਿਬਰੇਸ਼ਨ ਪਾਰਟੀ ਵਿਚ ਸ਼ਾਮਲ ਹੋਵੋ, ਕਿਉਂਕਿ ਸਿਰਫ਼ ਤੇ ਸਿਰਫ਼ ਲਾਲ਼ ਝੰਡਾ ਹੀ ਮਜ਼ਦੂਰ ਜਮਾਤ ਦੀ ਲੜਾਈ ਲੜ ਸਕਦਾ ਹੈ। ਇਸ ਲਈ ਸਾਨੂੰ ਆਪਣੀ ਧਿਰ ਨੂੰ ਮਜ਼ਬੂਤ ਕਰਦੇ ਹੋਏ ਲਾਲ ਝੰਡੇ ਨੂੰ ਬੁਲੰਦ ਕਰਨ ਲਈ ਅੱਗੇ ਆਓ ।
ਇਸ ਤੋਂ ਇਲਾਵਾ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਵਿਜੈ ਕੁਮਾਰ ਭੀਖੀ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ, ਪੰਜਾਬ ਕਿਸਾਨ ਯੂਨੀਅਨ ਜਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗੁਰਜੀਤ ਸਿੰਘ ਜੈਤੋ, ਮਜ਼ਦੂਰ ਮੁਕਤੀ ਮੋਰਚਾ ਜਿਲ੍ਹਾ ਸੰਗਰੂਰ ਆਗੂ ਕੁਲਵੰਤ ਸਿੰਘ ਛਾਜਲੀ ਨੇ ਵੀ ਸੰਬੋਧਨ ਕੀਤਾ।