ਉਸਾਰੀ ਕਿਰਤੀ ਭਲਾਈ ਯੋਜਨਾਵਾਂ ਦਾ ਲਾਭ ਲੈਣ ਲਈ ਆਪਣਾ ਨਾਮ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਰਜਿਸਟਰਡ ਕਰਵਾਉਣ – ਡੀ.ਸੀ.
ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ) – ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਸੂਬੇ ਦੇ ਉਸਾਰੀ ਕਿਰਤੀਆਂ ਲਈ ਕਈ ਭਲਾਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਉਸਾਰੀ ਕਿਰਤੀ ਇਸ ਬੋਰਡ ਨਾਲ ਰਜਿਸਟਰਡ ਹੋ ਕੇ ਇਨ੍ਹਾਂ ਭਲਾਈ ਯੋਜਨਾਵਾਂ ਦਾ ਲਾਭ ਲੈ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ 25510 ਉਸਾਰੀ ਕਿਰਤੀਆਂ ਨੇ ਆਪਣੇ ਆਪ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ ਕਰਵਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਮਿਸਤਰੀ, ਇੱਟਾਂ, ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਪਾਲਿਸ਼ ਵਾਲੇ, ਫਾਇਰ ਸਿਸਟਮ ਲਗਾਉਣ ਵਾਲੇ, ਸਕਿਊਰਿਟੀ ਗੇਟ ਲਗਾਉਣ ਵਾਲੇ, ਵੈਲਡਰ, ਇਲੈਕਟ੍ਰੀਸ਼ਨ, ਸੀਵਰਮੈਨ, ਮਾਰਬਲ, ਟਾਇਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਉਸਾਰੀ ਕੰਮ ਨਾਲ ਸਬੰਧਤ ਤਕਨੀਕੀ ਤੇ ਕਲੈਰੀਕਲ ਕੰਮ ਆਦਿ ਕਰਨ ਵਾਲੇ, ਕਿਸੇ ਸਰਕਾਰੀ ਅਰਧ-ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿਚ ਇਮਾਰਤਾਂ, ਸੜਕਾਂ ਨਹਿਰਾਂ, ਬਿਜਲੀ ਦੇ ਉਤਪਾਦਨ ਵੰਡ, ਸਿੰਚਾਈ, ਪਾਣੀਆਂ ਦੀ ਵੰਡ ਜਾਂ ਨਿਕਾਸੀ, ਟੈਲੀਫੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ ਮਰੰਮਤ, ਰੱਖ ਰਖਾਵ ਜਾਂ ਢਾਹੁਣ ਦੇ ਕੰਮ ਲਈ ਕੁਸ਼ਲ, ਉਸਾਰੀ ਕੰਮਾਂ ਵਿੱਚ ਸਫਾਈ ਕਰਨ ਵਾਲੇ ਕਾਮੇ, ਅਰਧ-ਕੁਸ਼ਲ ਕਾਰੀਗਰ ਜਾਂ ਸੁਪਰਵਾਈਜ਼ਰ ਦੇ ਤੋਰ ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਦੇ ਉਸਾਰੀ ਕਿਰਤੀਆਂ ਤੋਂ ਇਲਾਵਾ ਭੱਠਿਆਂ ਤੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਕੱਚੀ ਇੱਟ ਦੀ ਢੁਆਈ ਵਾਲੇ, ਟੈਂਟ ਲਗਾਉਣ ਵਾਲੇ ਹੋਰਡਿੰਗ, ਬੈਨਰ ਬਣਾਉਣ ਵਾਲੇ, ਪੱਥਰਾਂ ਨੂੰ ਹੱਥ-ਹਥੌੜੇ ਨਾਲ ਤੋੜਨ ਵਾਲੇ, ਸੀਮੇਂਟ ਦੀਆਂ ਇੱਟਾਂ ਬਣਾਉਣ ਵਾਲੇ, ਸ਼ੀਸ਼ੇ ਲਗਾਉਣ ਵਾਲੇ ਉਸਾਰੀ ਮਜ਼ਦੂਰ ਆਪਣੇ ਆਪ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ ਕਰਵਾ ਹਨ।
ਉਨ੍ਹਾਂ ਦੱਸਿਆ ਕਿ ਰਜਿਸਟਰਡ ਹੋਣ ਸਮੇਂ ਉਸਾਰੀ ਕਿਰਤੀ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਸਨੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਬੋਰਡ ਦਾ ਮੈਂਬਰ ਬਣਨਾ ਬਹੁਤ ਅਸਾਨ ਹੈ।ਇਸ ਲਈ ਕੇਵਲ ਇਕ ਵਾਰ 385 ਰੁ. (25/- ਰੁ: ਰਜ਼ਿਸਟ੍ਰੇਸ਼ਨ ਫੀਸ 360 ਰੁਪਏ ਜਮ੍ਹਾਂ 03 ਸਾਲ ਦਾ ਅੰਸ਼ਦਾਨ) ਦੇ ਨਾਲ ਅਰਜ਼ੀ ਕਿਰਤ ਵਿਭਾਗ ਦੇ ਦਫ਼ਤਰ ਵਿਚ ਆਨ ਲਾਈਨ ਜਮਾਂ ਕਰਵਾਉਣੀ ਪਵੇਗੀ ਅਤੇ ਮੈਂਬਰਸ਼ਿਪ ਚਲਦੇ ਰੱਖਣ ਲਈ 360/- ਰੁ: ਪ੍ਰਤੀ 03 ਸਾਲ ਅੰਸ਼ਦਾਨ ਜਮ੍ਹਾ ਕਰਵਾਉਣਾ ਹੋਵੇਗਾ।
ਨਾਮ ਰਜਿਸਟਰਡ ਕਰਾਉਣ ਮੌਕੇ ਉਸਾਰੀ ਕਿਰਤੀ ਵੱਲੋਂ ਆਧਾਰਕਾਰਡ ਦੀ ਫੋਟੋਕਾਪੀ, ਉਮਰ ਸਬੰਧੀ ਸਬੂਤ, ਬੈਂਕ ਖਾਤੇ ਦੀ ਫੋਟੋ ਕਾਪੀ, ਫੈਮਲੀ ਫੋਟੋ, ਸਰਪੰਚ, ਐਮ.ਸੀ. ਵਲੋਂ ਅਟੈਸਟਡ ਕੀਤਾ ਹੋਇਆ ਫਾਰਮ, ਪਰਿਵਾਰ ਦਾ ਵੇਰਵਾ – ਨਾਮ, ਉਮਰ, ਰਿਸ਼ਤਾ, ਵਿਦਿਅਕ ਯੋਗਤਾ ਸਮੇਤ ਆਧਾਰ ਕਾਰਡ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੋਰਡ ਵੱਲੋ ਲਾਭਪਾਤਰੀਆਂ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪੰਜੀਕ੍ਰਿਤ ਲਾਭਪਾਤਰੀ ਦੀ ਦੁਰਘਟਨਾ ਹੋਣ ਦੀ ਸੂਰਤ ਵਿਚ ਐਕਸਗ੍ਰੇਸ਼ੀਆ ਸਕੀਮਾਂ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ’ਤੇ 2.00 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਲਾਭਪਾਤਰੀ ਦੀ ਆਂਸ਼ਕ ਅਪੰਗਤਾ ਦੀ ਸੂਰਤ ਵਿਚ ਹਰੇਕ ਇਕ ਫੀਸਦੀ ਅਪੰਗਤਾ ਲਈ 4 ਹਜ਼ਾਰ ਰੁਪਏ ਜੋ ਕਿ ਵੱਧ ਤੋਂ ਵੱਧ 4 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋ ਉੱਚ ਸਿੱਖਿਆ ਤੱਕ ਵਜ਼ੀਫਾ/ ਵਰਦੀ ਅਤੇ ਸਟੇਸ਼ਨਰੀ ਭੱਤਾ 3,000 ਤੋਂ 70,000 ਹਜ਼ਾਰ ਰੁਪਏ ਤੱਕ ਦਿੱਤਾ ਜਾਂਦਾ ਹੈ। ਪੰਜੀਕ੍ਰਿਤ ਉਸਾਰੀ ਕਿਰਤੀ ਦੀ ਲੜਕੀ ਦੀ ਸ਼ਾਦੀ ਦੀ ਲਈ ਸ਼ਗਨ ਸਕੀਮ ਅਧੀਨ 51,000 ਰੁਪਏ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾ (ਐਲ.ਟੀ.ਸੀ) ਲਈ ਹਰ ਦੋ ਸਾਲ ਉਪਰੰਤ 2000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਐਨਕ ਲਈ (ਨਜ਼ਰ ਦੇ ਚਸ਼ਮੇ) 800 ਰੁਪਏ ਦੰਦਾਂ ਵਾਸਤੇ 5000 ਰੁਪਏ ਅਤੇ ਸੁਣੰਨ ਯੰਤਰ ਲਗਵਾਉਣ ਵਾਸਤੇ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰੱਬ ਨਾ ਕਰੇ ਜੇਕਰ ਕਿਸੇ ਉਸਾਰੀ ਕਿਰਤੀ ਦੀ ਮੌਤ ਹਾ ਜਾਂਦੀ ਹੈ ਤਾਂ ਪੰਜਾਬ ਰਾਜ ਵਿਚ ਉਸ ਦੇ ਦਾਹ ਸੰਸਕਾਰ ਅਤੇ ਅੰਤਮ ਕ੍ਰਿਆ-ਕ੍ਰਮ ਦੇ ਖਰਚੇ ਲਈ 20,000 ਰੁਪਏ ਦੀ ਵਿੱਤੀ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਂਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜੀਕ੍ਰਿਤ ਕਿਰਤੀ ਦੀ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਅਤੇ ਘੱਟੋ-ਘੱਟ 10 ਸਾਲ ਬੋਰਡ ਦੀ ਮੈਂਬਰਸ਼ਿਪ ਪੂਰੀ ਹੋਣ ’ਤੇ ਘੱਟੋ-ਘੱਟ 12,000 ਰੁਪਏ ਦੀ ਸਲਾਨਾ ਪੈਨਸ਼ਨ ਲੱਗਦੀ ਹੈ ਅਤੇ ਹਰ ਇਕ ਸਾਲ ਦੀ ਮੈਂਬਰਸ਼ਿਪ ਦਾ ਵਾਧਾ ਹੋਣ ਤੇ ਇੱਕ-ਇੱਕ ਹਜਾਰ ਰੁਪਏ ਵਧਾਉਂਦੇ ਹੋਏ 20 ਸਾਲ ਦੀ ਮੈਂਬਰਸ਼ਿਪ ਉਪਰੰਤ ਵੱਧ ਤੋਂ ਵੱਧ 25,000 ਰੁਪਏ ਪ੍ਰਤੀ ਸਾਲ ਪੈਨਸ਼ਨ ਦਿੱਤੀ ਜਾਂਦੀ ਹੈ। ਪੰਜੀਕ੍ਰਿਤ ਲਾਭਪਾਤਰੀ ਆਪਣੇ ਪਹਿਲੇ ਦੋ ਬੱਚਿਆਂ ਦੇ ਜਨਮ ਸਮੇਂ ਪ੍ਰਸੂਤਾ ਸਕੀਮ ਅਧੀਨ 5,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਤੀ ਬੱਚਾ ਲੈ ਸਕਦੇ ਹਨ। ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਟੂਲਜ਼ (ਔਜ਼ਾਰ) ਖ੍ਰੀਦਣ ਲਈ 3000 ਰੁਪਏ ਤੱਕ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸੰਭਾਲ ਵਾਸਤੇ 20,000 ਰੁਪਏ ਸਾਲਾਨਾ ਵਿੱਤੀ ਸਹਾਇਤਾ ਅਤੇ ਪੰਜੀਕ੍ਰਿਤ ਉਸਾਰੀ ਕਿਰਤੀ ਦੇ ਘਰ ਲੜਕੀ ਦੇ ਜਨਮ ’ਤੇ 51,000 ਰੁਪਏ ਦੀ ਰਾਸ਼ੀ ਲੜਕੀ ਦੇ ਨਾਮ ਤੇ ਬੈਂਕ ਵਿਚ ਬਤੌਰ ਐਫ.ਡੀ.ਆਰ. ਸਕੀਮ ਤਹਿਤ ਜਮ੍ਹਾਂ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਸਾਰੀ ਕਿਰਤੀ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਅਤੇ ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਸਹਾਇਕ ਕਿਰਤ ਕਮਿਸ਼ਨਰ, ਕਿਰਤ ਤੇ ਸੁਲਾਹ ਅਫਸਰ ਜਾਂ ਕਿਰਤ ਇੰਸਪੈਕਟਰ, ਲੇਬਰ ਇੰਨਫੋਰਸਮੈਂਟ ਅਫਸਰ ਨਾਲ ਸੰਪਰਕ ਕਰ ਸਕਦੇ ਹਨ।