ਪਟਿਆਲਾ ਵਿਖੇ ਇਨਸਾਫ ਦਵਾਉਣ ਲਈ ਚੱਲ ਰਹੇ ਪੱਕੇ ਮੋਰਚੇ ਵਿੱਚ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ

ਪਟਿਆਲਾ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇਨ੍ਹਾਂ ਪੋਸਟਾਂ ਨੂੰ ਭਰਨ ਦੀ ਬਜਾਏ ਰੁਜ਼ਗਾਰ ਦੇ ਮੌਕੇ ਖੋਹੇ ਜਾ ਰਹੇ-ਸੁਖਜੀਤ ਰਾਮਾਨੰਦੀ

ਪਟਿਆਲਾ, ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਇਨਸਾਫ ਦਵਾਉਣ ਲਈ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਵਿਦਿਆਰਥੀਆਂ ਦੀਆਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਰੱਦ ਕਰਵਾਉਣ ਲਈ ਕੰਟਰੋਲਰ ਪ੍ਰੀਖਿਆਵਾਂ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ(ਆਇਸਾ) ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਹਰੇਕ ਵਿਅਕਤੀ ਤੱਕ ਵਿੱਦਿਆ ਦੀ ਪਹੁੰਚ ਕਰਵਾਉਣ ਦੇ ਦਮਗਜੇ ਮਾਰ ਰਹੀ ਹੈ ਅਤੇ ਦੂਜੇ ਪਾਸੇ ਮੁੱਢਲੀ ਵਿੱਦਿਆ ਤੋਂ ਲੈ ਕੇ ਉੱਚ ਪੱਧਰ ਦੀ ਵਿੱਦਿਆ ਤੱਕ ਦਾਖਲਾ,ਪ੍ਰੈਕਟੀਕਲ ਅਤੇ ਪ੍ਰੀਖਿਆ ਫੀਸਾਂ ਵਿੱਚ ਵਾਧਾ,ਸਰਟੀਫਿਕੇਟ ਪ੍ਰਾਪਤੀ ਲਈ ਅਲੱਗ ਤੋਂ ਫੀਸਾਂ,ਜੁਰਮਾਨੇ ਅਤੇ ਥੋਕ ਦੇ ਆਧਾਰ ਤੇ ਰੀਅਪੀਅਰਾਂ ਕੱਢ ਕੇ ਵਿਦਿਆਰਥੀਆਂ ਦੀਆਂ ਜੇਬਾਂ ਉੱਪਰ ਡਾਕੇ ਮਾਰੇ ਜਾ ਰਹੇ ਹਨ ਅਤੇ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਵੱਲ ਧੱਕਣ ਦੇ ਪੁਰਜੋਰ ਯਤਨ ਕੀਤੇ ਜਾ ਰਹੇ ਹਨ।ਪੂਰੇ ਪੰਜਾਬ ਅੰਦਰ ਵਿੱਦਿਅਕ ਅਦਾਰੇ ਵੱਖ-ਵੱਖ ਵਿਭਾਗਾਂ ਦੀਆਂ ਪੋਸਟਾਂ ਤੋਂ ਸੱਖਣੇ ਪਏ ਹਨ ਪਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇਹਨਾਂ ਪੋਸਟਾਂ ਨੂੰ ਭਰਨ ਦੀ ਬਜਾਇ ਰੁਜ਼ਗਾਰ ਦੇ ਮੌਕੇ ਖੋਹੇ ਜਾ ਰਹੇ ਹਨ ਅਤੇ ਨੌਜਵਾਨ ਖੁਦਕਸ਼ੀਆਂ ਕਰ ਹਨ।ਪ੍ਰੋਫੈਸਰ ਬਲਵਿੰਦਰ ਕੌਰ ਰੋਪੜ ਦੀ ਖੁਦਕਸ਼ੀ ਲਈ ਜਿੰਮੇਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਉੱਪਰ ਕਾਰਵਾਈ ਨਾਂ ਕਰਨ ਦੇ ਕਾਰਨ ਭਾਰਤ ਅੰਦਰ ਇੱਕ ਕਾਨੂੰਨ ਦੇ ਦੋ ਰੂਪਾਂ ਵਾਲਾ ਮਨਸੂਬਾ ਸਾਫ ਝਲਕ ਰਿਹਾ ਹੈ।ਉਹਨਾਂ ਪਿਛਲੇ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਸੁਰਜੀਤ ਸਿੰਘ ਉੱਪਰ ਹੋਏ ਜਾਨਲੇਵਾ ਹਮਲੇ ਨੂੰ ਵਿਦਿਆਰਥੀ ਵਰਗ ਅਤੇ ਅਧਿਆਪਕ ਵਰਗ ਉੱਪਰ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਅੰਦਰ ਫਿਰਕਾਪ੍ਰਸਤੀ ਵਾਲਾ ਮਾਹੌਲ ਉਸਾਰਨ ਦੇ ਲਈ ਫਿਰਕੂ ਤਾਕਤਾਂ ਵੱਲੋਂ ਵਿੱਦਿਅਕ ਸੰਸਥਾਵਾਂ ਵਿੱਚ ਅਤੇ ਜਨਤਕ ਥਾਵਾਂ ਉੱਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਸਾਨੂੰ ਅਜਿਹੇ ਹਮਲਿਆਂ ਖਿਲਾਫ ਇੱਕਜੁੱਟ ਹੋ ਕੇ ਡਟਣ ਦੀ ਲੋੜ ਹੈ।ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਦੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਦੇ ਸਕੱਤਰ ਜਸਪ੍ਰੀਤ ਕੌਰ ਮੌੜ ਅਤੇ ਸਹਾਇਕ ਸਕੱਤਰ ਸੀਮਾ ਕੌਰ ਗੁੜੱਦੀ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਰੱਦ ਕਰਕੇ ਨਤੀਜੇ ਦੁਬਾਰਾ ਘੋਸ਼ਿਤ ਕੀਤੇ ਜਾਣ,ਪੇਪਰਾਂ ਦੀ ਚੈਕਿੰਗ ਲਈ ਟੇਬਲ ਮਾਰਕਿੰਗ ਪ੍ਰਣਾਲੀ ਸ਼ੁਰੂ ਕੀਤੀ ਜਾਵੇ,ਪੇਪਰਾਂ ਤੋਂ ਇੱਕ ਮਹੀਨੇ ਬਾਅਦ ਆਨਲਾਈਨ ਨਤੀਜੇ ਸ਼ੋਅ ਕਰਨ ਦੀ ਘੋਸ਼ਣਾ ਕੀਤੀ ਜਾਵੇ,ਵਿਦਿਆਰਥੀ ਬੱਸਪਾਸ ਨੂੰ ਸਰਕਾਰੀ/ਗੈਰ ਸਰਕਾਰੀ ਬੱਸਾਂ ਵਿੱਚ ਲਾਗੂ ਕਰਨ ਲਈ ਪੰਜਾਬ ਵਿਧਾਨ ਸਭਾ ਅੰਦਰ ਕਾਨੂੰਨ ਪਾਸ ਕੀਤਾ ਜਾਵੇ,ਵਿਦਿਆਰਥੀਆਂ ਦੇ ਰੁਕੇ ਹੋਏ ਵਜੀਫੇ ਤੁਰੰਤ ਜਾਰੀ ਕੀਤੇ ਜਾਣ,ਐੱਸ ਵਿਦਿਆਰਥੀਆਂ ਦੇ ਵਜੀਫਾ ਫਾਰਮ ਜਮ੍ਹਾਂ ਕਰਵਾਏ ਜਾਣ ਅਤੇ ਪੋਰਟਲ ਨੂੰ ਖੋਲਿਆ ਜਾਵੇ,ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਨਵੀਆਂ ਭਰਤੀਆਂ ਕੱਢੀਆਂ ਜਾਣ,ਪ੍ਰੋਫੈਸਰ ਸੁਰਜੀਤ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਅਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ,ਮੈਡਮ ਬਲਵਿੰਦਰ ਕੌਰ ਨੂੰ ਇਨਸਾਫ ਦਿੱਤਾ ਜਾਵੇ।ਆਗੂਆਂ ਨੇ ਪ੍ਰੋਫੈਸਰ ਸੁਰਜੀਤ ਸਿੰਘ ਦੇ ਹੱਕ ਵਿੱਚ ਡਟਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਪ੍ਰਚਾਰ ਸਕੱਤਰ ਪ੍ਰਿਤਪਾਲ ਕੌਰ,ਸਿਮਰਨਜੀਤ ਕੌਰ,ਆਮੀਨ,ਗੁਰਪ੍ਰੀਤ ਸਿੰਘ,ਖੁਸ਼ਪ੍ਰੀਤ ਕੌਰ,ਮਨਪ੍ਰੀਤ ਕੌਰ ਅਤੇ ਸ਼ੰਮੀ ਕੌਰ ਆਦਿ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *