ਨਾਗੋਰਨੋ ਕਾਰਾਬਾਖ ਮਸਲਾ: ਕੌਮੀ ਜਬਰ ਦਾ ਇੱਕ ਹੋਰ ਉੱਘਾ ਨਮੂਨਾ

ਗੁਰਦਾਸਪੁਰ

ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)–ਨਗੋਰਨੋ ਕਾਰਾਬਾਖ ਦਾ ਮਸਲਾ ਇੱਕ ਵਾਰ ਫੇਰ ਤੋਂ ਉੱਭਰ ਚੁੱਕਾ ਹੈ। ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਨਿੱਜੀ ਜਾਇਦਾਦ ਤੇ ਮੁਨਾਫ਼ੇ ਉੱਤੇ ਅਧਾਰਤ ਪ੍ਰਬੰਧ ਹੋਣ ਕਰਕੇ ਕਿਵੇਂ ਕੌਮੀ ਮਸਲੇ ਵੱਧ ਤੋਂ ਵੱਧ ਜਮਹੂਰੀ ਤਰੀਕੇ ਨਾਲ਼ ਹੱਲ ਕਰਨ ਵਿੱਚ ਅਸਮਰੱਥ ਹੈ, ਇਹ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ। ਨਾਗਰੋਨੋ ਕਾਰਾਬਖ ਇਲਾਕੇ ਉੱਤੇ ਹਾਲ ਹੀ ਵਿੱਚ ਅਜਰਬਾਇਜਾਨੀ ਫੌਜ ਨੇ ਹਮਲਾ ਕਰਕੇ ਪੂਰੀ ਤਰ੍ਹਾਂ ਇਸ ਨੂੰ ਆਪਣੇ ਕਬਜੇ ਹੇਠ ਲੈ ਲਿਆ ਹੈ। ਪਿਛਲੇ ਮਹੀਨੇ ਚੱਲੀ ਥੁੜਚਿਰੀ ਲੜਾਈ ਵਿੱਚ 100 ਅਰਮੀਨੀਆਈ ਲੋਕਾਂ ਦਾ ਕਤਲ ਹੋਇਆ ਤੇ ਮੁੜਕੇ ਇਸ ਇਲਾਕੇ ਵਿੱਚ ਰਹਿਣ ਵਾਲ਼ੀ ਕੁੱਲ ਅਰਮੀਨੀਆਈ ਵਸੋਂ – ਲੱਗਭੱਗ 1,00,000 – ਇਸ ਇਲਾਕੇ ਵਿੱਚੋਂ ਹਿਜਰਤ ਕਰ ਚੁੱਕੀ ਹੈ। ਨਾਗੋਰਨੋ ਕਾਰਾਬਖ ਦੇ ਮਸਲੇ ਨੂੰ ਸਮਝਣ ਲਈ, ਇੱਥੇ ਕੌਮੀ ਮਸਲੇ ਦੀ ਉਲਝੀ ਤਾਣੀ ਨੂੰ ਸਮਝਣ ਲਈ ਇਸਦੇ ਇਤਿਹਾਸ ਉੱਤੇ ਇੱਕ ਸੰਖੇਪ ਨਜਰ ਮਾਰਨੀ ਜਰੂਰੀ ਹੈ।

ਨਗੋਰਨੋ-ਕਾਰਾਬਖ਼ ਦਾ ਇਲਾਕਾ ਉੱਨੀਵੀਂ ਸਦੀ ਦੇ ਸ਼ੁਰੂ ਵਿੱਚ ਰੂਸ ਦੀ ਜਾਰਸ਼ਾਹੀ ਅਧੀਨ ਆ ਗਿਆ ਸੀ। ਇਸ ਇਲਾਕੇ ਦੀ ਵਸੋਂ ਵਿੱਚ 58% ਆਰਮੀਨੀਆਈ, 41% ਅਜਰਬਾਈਜਾਨੀ ਤੇ ਕੁੱਝ ਰੂਸੀ ਸਨ। 1917 ਦੇ ਅਕਤੂਬਰ ਇਨਕਲਾਬ ਤੇ ਉਸ ਮਗਰੋਂ ਚੱਲੀ ਘਰੇਲੂ ਜੰਗ ਦੇ ਦੌਰ ਦੌਰਾਨ ਇਸ ਇਲਾਕੇ ਵਿੱਚ ਵੱਡੀਆਂ ਤਬਦੀਲੀਆਂ ਵਾਪਰੀਆਂ। ਅੱਜ ਦੇ ਅਜਰਬਾਈਜਾਨ ਦੀ ਰਾਜਧਾਨੀ ਬਾਕੂ ਵਿੱਚ ਭਾਈਚਾਰਕ ਸਾਂਝ ਦਾ ਸਿਖਰ ਨਮੂਨਾ ਵੇਖਣ ਨੂੰ ਮਿਲ਼ਿਆ, ਜਿਸ ਦੀ ਅਗਵਾਈ 26 ਬਾਕੂ ਕਮਿਸਾਰਾਂ ਵੱਲੋਂ ਕੀਤੀ ਗਈ, ਜਦ ਬਾਕੂ ਦੇ ਮਜਦੂਰਾਂ ਨੇ ਬਾਕੂ ਕਮਿਊਨ ਬਣਾ ਕੇ ਕਾਕੇਸ਼ੀਆ ਦੇ ਇਸ ਖਿੱਤੇ ਵਿੱਚ ਭਰਾ-ਮਾਰ ਜੰਗ ਨੂੰ ਰੋਕੀ ਰੱਖਿਆ। ਇਸ ਕਮਿਊਨ ਦੀ ਅਗਵਾਈ 26 ਬਾਕੂ ਕਮਿਸਾਰਾਂ ਵੱਲ਼ੋਂ ਕੀਤੀ ਗਈ ਜਿਸ ਵਿੱਚ ਆਰਮੀਨੀਆਈ ਵੀ ਸਨ ਤੇ ਅਜਰਬਾਈਜਾਨ ਤੇ ਜਾਰਜੀਆਈ ਕਮਿਸਾਰ ਵੀ। ਪਰ ਐਥੇ ਵਸਦੇ ਵੱਖ-ਵੱਖ ਲੋਕਾਂ ਦਰਮਿਆਨ ਹੁਣ ਤੱਕ ਤੁਰੀ ਆ ਰਹੀ ਭਾਈਚਾਰਕ ਸਾਂਝ ਨੂੰ ਉਸ ਵੇਲ਼ੇ ਢਾਹ ਲੱਗੀ ਜਦੋਂ ਸਮਾਜਵਾਦੀ ਇਨਕਲਾਬ ਦੇ ਵਿਰੋਧੀਆਂ ਤੇ ਅੰਗਰੇਜ ਸਾਮਰਾਜ ਦੇ ਪਿੱਠੂ ਕੱਟੜਪੰਥੀਆਂ ਦੀ ਸਰਕਾਰ ਇਸ ਖਿੱਤੇ ਵਿੱਚ ਬਣੀ। ਅਗਸਤ 1918 ਵਿੱਚ ਬਾਕੂ ’ਤੇ ਪਹਿਲਾਂ ਬਰਤਾਨੀਆ ਦਾ ਕਬਜਾ ਹੋਇਆ ਤੇ ਮਗਰੋਂ ਛੇਤੀ ਹੀ ਤੁਰਕੀ ਦਾ। ਇੱਥੇ ਸਾਮਰਾਜੀਆਂ ਦੇ ਘਰੇਲੂ ਹਮਾਇਤੀਆਂ ਦੀ ਸਰਕਾਰ ਬਣੀ। 26 ਬਾਕੂ ਕਮਿਸਾਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਬਾਕੂ ਸ਼ਹਿਰ ਵਿੱਚ ਆਰਮੀਨੀਆਈ ਲੋਕਾਂ ਦਾ ਕਤਲੇਆਮ ਸ਼ੁਰੂ ਹੋਇਆ। ਦੋ ਸਾਲਾਂ ਦੇ ਸਮੇਂ ਦੌਰਾਨ ਕਾਕੇਸ਼ੀਆ ਦੇ ਇਸ ਪੂਰੇ ਖਿੱਤੇ ਵਿੱਚ ਤੇ ਖਾਸਕਰ ਨਗੋਰਨੋ-ਕਾਰਾਬਾਖ਼ ਦੇ ਇਲਾਕੇ ਵਿੱਚ ਆਰਮੀਨੀਆਈ ਤੇ ਅਜਰਬਾਈਜਾਨੀ ਲੋਕਾਂ ਦਰਮਿਆਨ ਅਲਹਿਦਗੀ ਦਾ ਦੌਰ ਚੱਲਿਆ। ਆਪਣੇ ਇਨਕਲਾਬ ਵਿਰੋਧ ਵਿੱਚੋਂ ਸਾਮਰਾਜੀਆਂ ਤੇ ਇਸ ਇਲਾਕੇ ਦੇ ਲੋਟੂਆਂ ਨੇ ਇਸ ਖਿੱਤੇ ਵਿੱਚ ਤੁਰੀ ਆਉਂਦੀ ਭਾਈਚਾਰਕ ਸਾਂਝ ਨੂੰ ਖੋਰਾ ਲਾਇਆ ਤੇ ‘ਮੁਸਲਮਾਨ’ ਅਜਰਬਾਈਜਾਨੀ ਲੋਕਾਂ ਤੇ ‘ਇਸਾਈ’ ਆਰਮੀਨੀਆਈ ਲੋਕਾਂ ਦਰਮਿਆਨ ਨਫਰਤਾਂ ਵਧਾਉਣੀਆਂ ਸ਼ੁਰੂ ਕੀਤੀਆਂ। ਇਸ ਕੰਮ ਵਿੱਚ ਅੰਗਰੇਜ ਸਾਮਰਾਜ ਤੇ ਤੁਰਕੀ ਦਾ ਪੂਰਾ ਸਹਿਯੋਗ ਮਿਲ਼ਿਆ ਕਿਉਂਕਿ ਕੁਦਰਤੀ ਦੌਲਤ ਨਾਲ਼ ਲੈਸ ਕਾਕੇਸ਼ੀਆ ਦਾ ਇਹ ਇਲਾਕਾ ਯੁੱਧਨੀਤਕ ਤੌਰ ’ਤੇ ਵੀ ਹਮੇਸ਼ਾਂ ਤੋਂ ਅਹਿਮ ਰਿਹਾ ਹੈ ਕਿਉਂਕਿ ਇਸ ਦੇ ਆਲ਼ੇ-ਦੁਆਲ਼ੇ ਯੂਰਪ, ਏਸ਼ੀਆ, ਮੱਧ-ਪੂਰਬ ਤੇ ਕਾਲ਼ੇ ਸਾਗਰ ਦਾ ਅਹਿਮ ਇਲਾਕਾ ਲੱਗਦਾ ਹੈ। ਇਹ ਇਸ ਪੂਰੇ ਖਿੱਤੇ ਲਈ ਪੁਲ਼ ਦਾ ਕੰਮ ਕਰਦਾ ਹੈ।

ਇਸ ਭਰਾ ਮਾਰ ਜੰਗ ਦਾ ਅੰਤ ਉਦੋਂ ਹੀ ਹੋਇਆ ਜਦ 1920 ਦੀਆਂ ਗਰਮੀਆਂ ਵਿੱਚ ਬਾਲਸ਼ਵਿਕਾਂ ਨੇ ਸਭ ਤੋਂ ਪਹਿਲਾਂ ਅਜਰਬਾਈਜਾਨ ਤੇ ਮਗਰੋਂ ਆਰਮੀਨੀਆ ਤੇ ਜਾਰਜੀਆ ਨੂੰ ਸਾਮਰਾਜੀ ਕਬਜੇ ਤੋਂ ਅਜਾਦ ਕਰਵਾਇਆ। ਦਸੰਬਰ 1, 1920 ਨੂੰ ਸੋਵੀਅਤ ਅਜਰਬਾਈਜਾਨ ਨੇ ਸਵੈ-ਇੱਛਤ ਤੌਰ ’ਤੇ ਨਾਗੋਰਨੋ, ਨਾਖੀਚੇਵਨ ਤੇ ਜੰਗੇਜੁਰ ਦੇ ਇਲਾਕੇ ’ਤੇ ਦਾਅਵਾ ਛੱਡ ਦਿੱਤਾ। ਭਰਾ-ਮਾਰ ਜੰਗ ਨੂੰ ਰੋਕਣ ਲਈ ਕੀਤੀ ਗਈ ਇਹ ਇੱਕ ਮਿਸਾਲੀ ਪਹਿਲ ਸੀ। ਪਰ ਮਸਲਾ ਐਨਾ ਸੌਖਾ ਨਹੀਂ ਸੀ। ਇਹ ਪੂਰਾ ਖਿੱਤਾ ਵੱਖ-ਵੱਖ ਕੌਮਾਂ, ਕਬੀਲਿਆਂ ਤੇ ਹੋਰ ਸਮੂਹਾਂ ਦਾ ਅਜਿਹਾ ਗੁੰਝਲ਼ਦਾਰ ਤਾਣਾ-ਬਾਣਾ ਸੀ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਬੇਹੱਦ ਸੂਝ-ਬੂਝ ਤੇ ਸੰਵੇਦਨਸ਼ੀਲਤਾ ਦੀ ਲੋੜ ਸੀ। 1926 ਦੀ ਹੀ ਸੋਵੀਅਤ ਮਰਦਮਸ਼ੁਮਾਰੀ ਮੁਤਾਬਕ ਟਰਾਂਸਕਾਕੇਸ਼ੀਆ ਦੀ 58 ਲੱਖ ਵਸੋਂ ਵਾਲ਼ਾ ਇਹ ਇਲਾਕਾ ਉਸ ਵੇਲ਼ੇ 44 ਵੱਖ-ਵੱਖ ਕੌਮੀਅਤਾਂ ਅੰਦਰ ਵੰਡਿਆ ਹੋਇਆ ਸੀ ਜਿਹਨਾਂ ਵਿੱਚੋਂ ਸਿਰਫ਼ 12 ਦੀ ਵਸੋਂ 30 ਹਜਾਰ ਤੋਂ ਉੱਪਰ ਸੀ। ਇਹਨਾਂ ਵਿੱਚੋਂ ਮੁੱਖ ਸਨ ਜਾਰਜੀਆਈ, ਆਰਮੀਨੀਆਈ ਤੇ ਅਜਰਬਾਈਜਾਨੀ ਤੇ ਇਹ ਵੀ ਵੱਖ-ਵੱਖ ਇਲਾਕਿਆਂ ਵਿੱਚ ਖਿੱਲਰੇ ਹੋਏ ਸਨ। ਵੇਖਿਆ ਜਾ ਸਕਦਾ ਹੈ ਕਿ ਹਲਾਤ ਕਿੰਨੇ ਗੁੰਝਲ਼ਦਾਰ ਸਨ। ਤੇ ਸਮਾਜਵਾਦੀ ਸੋਵੀਅਤ ਯੂਨੀਅਨ, ਜਿੱਥੇ ਨਿੱਕੇ ਤੋਂ ਨਿੱਕੇ ਲੋਕ ਸਮੂਹਾਂ ਦੇ ਵੀ ਸੱਭਿਆਚਾਰ ਤੇ ਨਿਆਰੇਪਣ ’ਤੇ ਧਿਆਨ ਦੇ ਕੇ ਉਸ ਨੂੰ ਵਿਕਸਤ ਕਰਨ ਦੀ ਨੀਤੀ ’ਤੇ ਜੋਰ ਦਿੱਤਾ ਗਿਆ, ਉਸ ਲਈ ਤਾਂ ਇਹ ਹੋਰ ਵੀ ਚੁਣੌਤੀਪੂਰਨ ਸੀ ਪਰ ਦੂਜੇ ਹੱਥ ਹਰ ਛੋਟੀ ਤੋਂ ਛੋਟੀ ਕੌਮ ਪ੍ਰਤੀ ਇਹ ਬਾਲਸ਼ਵਿਕਾਂ ਦੀ ਦਰੁਸਤ ਨੀਤੀ ਤੇ ਸੰਵੇਦਨਸ਼ੀਲਤਾ ਹੀ ਸੀ ਜਿਸ ਕਰਕੇ 1956 (ਸਰਮਾਏਦਾਰੀ ਦੀ ਮੁੜਬਹਾਲੀ) ਤੱਕ ਸੋਵੀਅਤ ਯੂਨੀਅਨ ਵਿੱਚ ਕੌਮੀ ਰੱਟਿਆਂ ਦੀ ਲੱਗਭੱਗ ਅਣਹੋਂਦ ਸੀ।

ਸਮਾਜਵਾਦੀ ਸੋਵੀਅਤ ਯੂਨੀਅਨ ਨੇ 1922 ਵਿੱਚ ਆਰਮੀਨੀਆ, ਜਾਰਜੀਆ ਤੇ ਅਜਰਬਾਈਜਾਨ ਨੂੰ ਇਕੱਠਾ ਕਰਕੇ ਟਰਾਂਸਕਾਕੇਸ਼ੀਆ ਸੰਘ ਬਣਾਇਆ ਜਿੱਥੇ ਇਸ ਖਿੱਤੇ ਨੂੰ ਆਪਣੇ ਖ਼ਾਸ ਇਖਤਿਆਰ ਦਿੱਤੇ ਗਏ। ਜਿੱਥੋਂ ਤੱਕ ਨਗੋਰਨੋ-ਕਾਰਾਬਾਖ਼ ਦੇ ਇਲਾਕੇ ਦੀ ਗੱਲ ਸੀ ਤਾਂ ਇਸ ਨੂੰ ਅਜਰਬਾਈਜਾਨ ਵਿੱਚ ਹੀ ਰਹਿਣ ਦਿੱਤਾ ਗਿਆ। ਜੇ ਨਗੋਰਨੋ ਦੇ ਇਲਾਕੇ ਵਿੱਚ ਆਰਮੀਨੀਆਈ ਬਹੁਗਿਣਤੀ ਸੀ, ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਤਾਂ ਕੀ ਕਾਰਨ ਸੀ ਕਿ ਇਸ ਨੂੰ ਅਜਰਬਾਈਜਾਨ ਨਾਲ਼ੋਂ ਵੱਖ ਕਰਕੇ ਆਰਮੀਨੀਆ ਨੂੰ ਨਹੀਂ ਦਿੱਤਾ ਗਿਆ?

ਨਗੋਰਨੋ-ਕਾਰਾਬਾਖ਼ ਦੇ ਇਲਾਕੇ ਨੂੰ ਅਜਰਬਾਈਜਾਨ ਵਿੱਚ ਇਸ ਲਈ ਰਹਿਣ ਦਿੱਤਾ ਗਿਆ ਕਿਉਂਕਿ ਭੂਗੋਲਿਕ ਤੌਰ ’ਤੇ ਇਹ ਅਜਰਬਾਈਜਾਨ ਵਿੱਚ ਹੀ ਵਸਿਆ ਹੋਇਆ ਇਲਾਕਾ ਸੀ ਭਾਵੇਂ ਕਿ ਇਸ ਦੀ ਵਧੇਰੇ ਵਸੋਂ ਆਰਮੀਨੀਆਈ ਸੀ। ਪਰ ਕਿਉਂਕਿ ਇਹ ਆਲ਼ੇ-ਦੁਆਲ਼ਿਉਂ ਅਜਰਬਾਈਜਾਨੀ ਇਲਾਕੇ ਨਾਲ਼ ਘਿਰਿਆ ਹੋਇਆ ਇਲਾਕਾ ਸੀ ਤੇ ਤਾਂਹੀ ਇਸ ਦੀ ਆਰਥਿਕਤਾ ਵੀ ਅਜਰਬਾਈਜਾਨ ਦੇ ਸ਼ਹਿਰਾਂ ਤੇ ਪਿੰਡਾਂ ਨਾਲ਼ ਜੁੜੀ ਹੋਈ ਸੀ। ਨਗੋਰਨੋ ਤੋਂ ਜਾਣ ਵਾਲ਼ੇ ਸੜਕੀ ਤੇ ਰੇਲ ਰਾਹ ਅਜਰਬਾਈਜਾਨ ਨਾਲ਼ ਸਾਂਝੇ ਸਨ। ਇਸ ਲਈ ਇਸ ਨੂੰ ਬਣਾਉਟੀ ਢੰਗ ਨਾਲ਼ ਓਥੋਂ ਕੱਟਕੇ ਆਰਮੀਨੀਆ ਦਾ ਹਿੱਸਾ ਬਣਾ ਦੇਣਾ ਗੈਰ-ਵਾਜਿਬ ਸੀ। ਇਹੀ ਨੀਤੀ ਸੋਵੀਅਤ ਯੂਨੀਅਨ ਨੇ ਹੋਰਾਂ ਕੌਮੀ ਮਸਲਿਆਂ ਨੂੰ ਹੱਲ ਕਰਨ ਬਾਰੇ ਵੀ ਅਪਣਾਈ ਸੀ। ਪਰ ਨਾਲ਼ ਹੀ ਨਗੋਰਨੋ-ਕਾਰਾਬਾਖ਼ ਨੂੰ ਅਜਰਬਾਈਜਾਨ ਵਿੱਚ ਹੀ ਖੁਦਮੁਖਤਿਆਰ ਇਲਾਕੇ ਦਾ ਦਰਜਾ ਦਿੱਤਾ ਗਿਆ ਜਿੱਥੇ ਕਿ ਆਰਮੀਨੀਆਈ ਲੋਕਾਂ ਦੇ ਸੱਭਿਆਚਾਰ ਤੇ ਬੋਲੀ ਨੂੰ ਪਹਿਲ ਦਿੱਤੀ ਗਈ। ਇਹੋ ਇਸ ਮਸਲੇ ਵਿੱਚ ਕੌਮੀ ਸਵਾਲ ਸਭ ਤੋਂ ਜਮਹੂਰੀ ਹੱਲ ਬਣਦਾ ਸੀ।

ਬਾਲਸ਼ਵਿਕ ਪਾਰਟੀ ਦਾ ਇਹ ਫੈਸਲਾ ਇੱਕਦਮ ਸਹੀ ਸੀ ਕਿਉਂਕਿ ਇਸ ਨੇ ਆਰਮੀਨੀਆ ਤੇ ਅਜਰਬਾਈਜਾਨ ਦੇ ਲੋਕਾਂ ਦਰਮਿਆਨ ਤਲਖੀ ਨੂੰ ਘੱਟ ਕੀਤਾ। ਦੋਹਾਂ ਕੌਮਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਾਸਤੇ ਬਹੁਤ ਯਤਨ ਕੀਤੇ ਗਏ ਜਿਹਨਾਂ ਵਿੱਚੋਂ ਆਪਸੀ ਭਰੱਪਣ ਉਤਸ਼ਾਹਿਤ ਕਰਨ ਵਾਲ਼ੇ ਨਾਟਕ, ਗੀਤ ਤੇ ਹੋਰ ਸੱਭਿਆਚਾਰਕ ਵੰਨਗੀਆਂ, ਦੋਹਾਂ ਕੌਮਾਂ ਦੇ ਵਿਦਿਆਰਥੀਆਂ-ਨੌਜਵਾਨਾਂ ਨੂੰ ਲੈ ਕੇ ਚਲਾਈਆਂ ਜਾਣ ਵਾਲ਼ੀਆਂ ਪ੍ਰਸ਼ਾਸਨਿਕ ਤੇ ਸਿਆਸੀ ਸੰਸਥਾਂਵਾਂ ਆਦਿ ਸਨ। ਇਹ ਤਾਂ ਜਦੋਂ ਸਤਾਲਿਨ ਦੀ ਮੌਤ ਪਿੱਛੋਂ ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਨੂੰ ਢਾਹ ਲੱਗੀ, ਉਦੋਂ ਹੀ ਰੂਸੀ ਕੌਮਵਾਦ ਨੇ ਹੌਲ਼ੀ-ਹੌਲ਼ੀ ਸਿਰ ਚੁੱਕਣਾ ਸ਼ੁਰੂ ਕੀਤਾ ਜਿਸ ਕਰਕੇ ਸੋਵੀਅਤ ਯੂਨੀਅਨ ਦੇ ਗੈਰ-ਰੂਸੀ ਇਲਾਕਿਆਂ ਵਿੱਚ ਰੋਸ ਪੁੰਗਰਨਾ ਸ਼ੁਰੂ ਹੋਇਆ। ਜਦੋਂ 1980’ਵਿਆਂ ਦੇ ਅੰਤ ਵਿੱਚ ਸਰਮਾਏਦਾਰਾ ਸੋਵੀਅਤ ਯੂਨੀਅਨ ਅੰਦਰੂਨੀ ਸੰਕਟ ਵਿੱਚ ਘਿਰ ਗਿਆ ਤਾਂ ਇਸ ਮਾਰੂ ਰੂਸੀ ਕੌਮਵਾਦ ਦੀ ਨੀਤੀ ਦਾ ਅਸਲ ਨਤੀਜਾ ਸਾਹਮਣੇ ਆਉਣ ਲੱਗਿਆ ਤੇ ਗੈਰ-ਰੂਸੀ ਇਲਾਕਿਆਂ ਵਿੱਚ ਕੌਮੀ ਲਹਿਰਾਂ ਉੱਠਣ ਲੱਗੀਆਂ ਜਿਹਨਾਂ ਵਿੱਚ ਪਿਛਾਖੜੀ ਤਾਕਤਾਂ ਵੀ ਸਰਗਰਮ ਸਨ ਤੇ ਕਈਆਂ ਨੂੰ ਪੱਛਮੀ ਸਾਮਰਾਜੀਆਂ ਦੀ ਹਮਾਇਤ ਵੀ ਹਾਸਲ ਸੀ। ਪਰ ਬੁਨਿਆਦੀ ਕਾਰਨ ਸੀ ਸੋਵੀਅਤ ਯੂਨੀਅਨ ਦਾ ਸਤਾਲਿਨ ਦੀ ਮੌਤ ਮਗਰੋਂ 1956 ’ਚ ਸਮਾਜਵਾਦੀ ਸੋਵੀਅਤ ਯੂਨੀਅਨ ਦਾ ਸਮਾਜਿਕ ਸਾਮਰਾਜ ’ਚ ਵੱਟ ਜਾਣਾ ਤੇ ਗੈਰ-ਰੂਸੀ ਕੌਮਾਂ ਉੱਤੇ ਰੂਸੀ ਹਾਕਮ ਜਮਾਤ ਵੱਲੋਂ ਕੌਮੀ ਜਬਰ ਦਾ ਤਿੱਖੇ ਹੋਣਾ।

ਸਤਾਲਿਨ ਦੌਰ ਵਿੱਚ ਜਿਹੜੀ ਭਾਈਚਾਰਕ ਸਾਂਝ ਆਰਮੀਨੀਆਈ ਤੇ ਅਜਰਬਾਈਜਾਨ ਦੇ ਲੋਕਾਂ ਦਰਮਿਆਨ ਵਧੀ-ਫੁੱਲੀ ਸੀ, ਉਸ ਨੂੰ ਖੋਰਾ ਲੱਗਣ ਲੱਗਾ ਤੇ 1988 ਨੂੰ ਜਾ ਕੇ ਦੋਹਾਂ ਦਰਮਿਆਨ ਨਗੋਰਨੋ-ਕਾਰਾਬਾਖ਼ ਜੰਗ ਸ਼ੁਰੂ ਹੋ ਗਈ ਤੇ ਇੱਕ-ਦੂਜੇ ਦੇ ਇਲਾਕਿਆਂ ਵਿੱਚ ਨਸਲਕੁਸ਼ੀਆਂ ਦਾ ਸਿਲਸਿਲਾ ਤੁਰ ਪਿਆ। 1988-94 ਦਰਮਿਆਨ ਚੱਲੀ ਇਸ ਜੰਗ ਨੇ ਦੋਹਾਂ ਪਾਸਿਆਂ ਤੋਂ 20,000 ਲੋਕਾਂ ਦੀ ਜਾਨ ਲੈ ਲਈ ਤੇ ਦਸ ਲੱਖ ਦੇ ਕਰੀਬ ਲੋਕਾਂ ਨੂੰ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ। ਜੰਗ ਖਤਮ ਹੋਣ ਤੋਂ ਮਗਰੋਂ ਵੀ ਦੋਹਾਂ ਦਰਮਿਆਨ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਸਲੇ ਨੂੰ ਲੈ ਕੇ ਹੁਣ ਤੱਕ ਟਕਰਾਅ ਚੱਲਿਆ ਆਉਂਦਾ ਰਿਹਾ ਹੈ ਜਿਹੜਾ ਲੱਗਭੱਗ ਹਰ ਸਾਲ ਹੀ ਛੋਟੀਆਂ-ਵੱਡੀਆਂ ਝੜਪਾਂ ਦਾ ਰੂਪ ਲੈਂਦਾ ਰਿਹਾ ਤੇ ਹੁਣ ਮਹੀਨਾ ਕੁ ਪਹਿਲਾਂ ਇਸ ਨੇ ਤੀਜੀ ਮਾਰੂ ਜੰਗ ਦਾ ਰੂਪ ਲਿਆ ਹੈ (ਦੂਜੀ ਜੰਗ ਨਵੰਬਰ 2020 ਵਿੱਚ ਲੱਗੀ ਸੀ) ਜਿਸ ਤਹਿਤ ਅਜਰਬਾਈਜਾਨੀ ਫੌਜ ਨੇ ਇਸ ਇਲਾਕੇ ਵਿੱਚੋਂ ਅਰਮੀਨੀਆਈ ਅਬਾਦੀ ਨੂੰ ਬਿਲਕੁਲ ਹੀ ਉਜਾੜ ਦਿੱਤਾ ਹੈ।

ਸਾਮਰਾਜੀ ਤਾਕਤਾਂ ਦੇ ਇਸ ਇਲਾਕੇ ਵਿੱਚ ਹਿੱਤ

ਜਿਵੇਂ ਕਿ ਉੱਪਰ ਜਿਕਰ ਕੀਤਾ ਜਾ ਚੁੱਕਾ ਹੈ, ਨਾ ਸਿਰਫ ਨਗੋਰਨੋ ਕਾਰਾਬਾਖ ਦਾ ਇਲਾਕਾ ਕੁਦਰਤੀ ਸਰੋਤਾਂ ਦਾ ਭੰਡਾਰ ਹੈ, ਸਗੋਂ ਯੁੱਧਨੀਤਕ ਤੌਰ ਉੱਤੇ ਵੀ ਕਾਫੀ ਅਹਿਮ ਇਲਾਕਾ ਹੈ। ਸੋਵੀਅਤ ਯੂਨੀਅਨ ਦੇ ਖਿੰਡਾਅ ਮਗਰੋਂ ਬਣੀ ਹਾਲਤ ਵਿੱਚ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਵਾਲ਼ਾ ਧੜਾ ਮੁਖ ਤੌਰ ਉੱਤੇ ਅਜਰਬਾਈਜਾਨ ਦੇ ਹਾਕਮਾਂ ਦੀ ਤੇ ਰੂਸੀ ਸਾਮਰਾਜੀ ਅਰਮੀਨੀਆਈ ਹਾਕਮਾਂ ਦਾ ਪੱਖ ਪੂਰਦੇ ਆਏ ਹਨ। ਰੂਸ-ਯੂਕਰੇਨ ਜੰਗ ਕਾਰਨ ਬਣੀਆਂ ਹਾਲਤਾਂ ਵਿੱਚ ਅਜਰਬਾਈਜਾਨ ਦੇ ਸਰਮਾਏਦਾਰਾਂ ਨੇ ਪੱਛਮੀ ਯੂਰਪ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਖਾਸ ਹੀ ਮਦਦ ਕੀਤੀ ਹੈ (ਭਾਵੇਂ ਇਹ ਦੇਰ ਵੀ ਰੂਸ ਉੱਤੇ ਪੱਛਮੀ ਯੂਰਪ ਦੀ ਨਿਰਭਰਤਾ ਨੂੰ ਬਹੁਤ ਘਟਾਉਣ ਵਿੱਚ ਸਫਲ ਨਹੀਂ ਹੋਏ) ਜਿਸ ਸਦਕਾ ਅਜਰਬਾਈਜਾਨ ਨੂੰ ਪੱਛਮੀ ਯੂਰਪ ਦੇ ਸਾਮਰਾਜੀਆਂ ਦੀ ਹਮਾਇਤ ਵਧੀ ਹੈ। ਦੂਜੇ ਹੱਥ ਰੂਸ ਦੇ ਹਾਕਮਾਂ ਨੇ ਯੂਕਰੇਨ ਜੰਗ ਵਿੱਚ ਉਲਝੇ ਹੋਣ ਕਰਕੇ ਅਰਮੀਨੀਆਈ ਹਾਕਮਾਂ ਦੀ ਮਦਦ ਕਰਨ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਨਤੀਜੇ ਵਜੋਂ ਅਜਰਬਾਈਜਾਨ ਦੀ ਫੌਜੀ ਤਾਕਤ ਦਾ ਅਰਮੀਨੀਆਈ ਫੌਜ ਦੇ ਨਿਸਬਤਨ ਕਾਫੀ ਤਕੜੇ ਹੋਣ ਵਿੱਚ ਨਿਕਲਿਆ ਹੈ।

ਸਾਫ ਹੈ ਕਿ ਅਜਰਬਾਈਜਾਨ ਦੇ ਹਾਕਮਾਂ ਜਾਨੀ ਸਰਮਾਏਦਾਰਾਂ, ਅਰਮੀਨੀਆ ਦੇ ਹਾਕਮ ਤੇ ਇਹਨਾਂ ਦੋਹਾਂ ਪਿੱਛੇ ਖੜ੍ਹੇ ਵੱਖੋ-ਵੱਖ ਸਾਮਰਾਜੀ ਧੜੇ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਕੌਮਾਂ ਪ੍ਰਤੀ ਨੀਤੀ ਅਪਣਾਉਣ ਵਿੱਚ ਉੱਕਾ ਹੀ ਅਸਮਰੱਥ ਹਨ। ਨਿੱਜੀ ਜਾਇਦਾਦ ਤੇ ਮੁਨਾਫ਼ੇ ਦੀ ਹਵਸ ਅਧੀਨ ਕੌਮੀ ਮਸਲੇ ਦਾ ਸਭ ਤੋਂ ਵਧੇਰੇ ਜਮਹੂਰੀ ਹੱਲ, ਜਿਸ ਦੀ ਉੱਘੀ ਮਿਸਾਲ ਸਮਾਜਵਾਦੀ ਸੋਵੀਅਤ ਯੂਨੀਅਨ ਵਿੱਚ ਸਾਹਮਣੇ ਆਈ, ਲਾਗੂ ਕਰਨਾ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੇ ਵਸ ਦੀ ਗੱਲ ਨਹੀਂ ਹੈ। ਇੱਥੇ ਸਾਡੇ ਕਹਿਣ ਦਾ ਇਹ ਮਤਲਬ ਨਹੀਂ ਕਿ ਸਰਮਾਏਦਾਰਾ ਪ੍ਰਬੰਧ ਅਧੀਨ ਕੌਮੀ ਮਸਲੇ ਦਾ ਕੋਈ ਵੀ ਹੱਲ ਮੌਜੂਦ ਨਹੀਂ ਪਰ ਇਸ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੇ ਹੁੰਦਿਆਂ ਕੌਮੀ ਮਸਲੇ, ਰੱਟਿਆਂ ਦਾ ਪੂਰਨ ਖਾਤਮਾ ਸੰਭਵ ਨਹੀਂ ਹੈ, ਇਹਦੇ ਲਈ ਨਿੱਜੀ ਜਾਇਦਾਦ ਉੱਤੇ ਟਿਕੇ ਇਸ ਪੂਰੇ ਢਾਂਚੇ ਦਾ ਭੋਗ ਪਾਉਣਾ ਜਰੂਰੀ ਹੈ।

ਲਲਕਾਰ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *