ਕਰਾਫ਼ਟ ਬਜ਼ਾਰ ਵਿਚੋਂ ਕੀਤੀ ਖ਼ਰੀਦਦਾਰੀ
ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਿਖੇ ਸਰਦਾਰ ਹਰੀ ਸਿੰਘ ਨਲਵਾ ਨੂੰ ਸਮਰਪਿਤ ਕਰਵਾਏ ਜਾ ਰਹੇ ਜੋਸ਼ ਉਤਸਵ ਵਿੱਚ ਜਿਥੇ ਹੋਰ ਰੰਗ ਦੇਖਣ ਨੂੰ ਮਿਲ ਰਹੇ ਹਨ ਓਥੇ ਦਰਸ਼ਕ ਫੂਡ ਕੋਰਟ ਵਿੱਚ ਵੱਖ-ਵੱਖ ਪਕਵਾਨਾਂ ਦਾ ਸਵਾਦ ਵੀ ਚੱਖ ਰਹੇ ਹਨ। ਫੂਡ ਸਟਾਲਾਂ ਅਤੇ ਕਰਾਫ਼ਟ ਬਜ਼ਾਰ ਨੇ ਜੋਸ਼ ਉਤਸਵ ਦੀ ਰੌਣਕਾਂ ਨੂੰ ਹੋਰ ਵਧਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਜੋਸ਼ ਉਤਸਵ ’ਚ ਪਹੁੰਚ ਕੇ ਫੂਡ ਕੋਰਟ ਵਿੱਚ ਸਰ੍ਹੋਂ ਦੇ ਸਾਗ ਅਤੇ ਮੱਕੀ ਦੀਆਂ ਰੋਟੀਆਂ ਦਾ ਜਾਇਕਾ ਲਿਆ। ਸਰ੍ਹੋਂ ਦੇ ਸਾਗ ਤੇ ਮੱਕੀ ਦੀਆਂ ਰੋਟੀਆਂ ਦਾ ਇਹ ਫੂਡ ਸਟਾਲ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਵੱਲੋਂ ਲਗਾਇਆ ਗਿਆ ਹੈ।
ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਕਿਹਾ ਕਿ ਜੋਸ਼ ਉਤਸਵ ਦੌਰਾਨ ਜਿਥੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਦੇ ਜੀਵਨ ਬਾਰੇ ਜਾਨਣ ਨੂੰ ਮਿਲ ਰਿਹਾ ਹੈ ਓਥੇ ਫੂਡ ਕੋਰਟ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਸਵਾਦ ਚੱਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਫੂਡ ਸਟਾਲ ਵਿੱਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਸਵਾਦ ਸੀ।
ਇਸ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਪਣੀ ਧਰਮ ਪਤਨੀ ਸ੍ਰੀਮਤੀ ਕੋਮਲ ਮਿੱਤਲ ਦੇ ਨਾਲ ਕਰਾਫ਼ਟ ਬਜ਼ਾਰ ਵਿਚੋਂ ਖ਼ਰੀਦਦਾਰੀ ਵੀ ਕੀਤੀ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਕਰਵਾਇਆ ਜਾ ਰਿਹਾ ਜੋਸ਼ ਉਤਸਵ ਪੰਜਾਬ ਸਰਕਾਰ ਦਾ ਬਹੁਤ ਖ਼ਾਸ ਉਪਰਾਲਾ ਹੈ। ਇਸ ਪ੍ਰੋਗਰਾਮ ਜਰੀਏ ਜਿਥੇ ਨੌਜਵਾਨਾਂ ਆਪਣੇ ਨਾਇਕਾਂ ਬਾਰੇ ਜਾਣ ਰਹੇ ਹਨ ਓਥੇ ਉਨ੍ਹਾਂ ਨੂੰ ਅਮੀਰ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗ ਵੀ ਦਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫੂਡ ਕੋਰਟ ਅਤੇ ਕਰਾਫਟ ਬਜ਼ਾਰ ਨੇ ਜੋਸ਼ ਉਤਸਵ ਦੀਆਂ ਰੌਣਕਾਂ ਨੂੰ ਹੋਰ ਵੀ ਵਧਾ ਦਿੱਤਾ ਹੈ।